ਸਾਹਿਤਕਾਰ ਹਰਭਜਨ ਖੇਮਕਰਨੀ ਦੀ ਕਥਾ- ਪੁਸਤਕ “ਮੁੱਲ ਵਿਕਦਾ ਸਮਾਂ” ਹੋਈ ਲੋਕ ਅਰਪਿਤ
ਅੰਮ੍ਰਿਤਸਰ 15, ਅਪ੍ਰੈਲ :- ਅੱਜ ਏਥੇ ਜਨਵਾਦੀ ਲੇਖਕ ਸੰਘ ਵਲੋਂ ਪੰਜਾਬੀ ਸਾਹਿਤਕਾਰ ਹਰਭਜਨ ਖੇਮਕਰਨੀ ਦੇ ਨਵ ਪ੍ਰਕਾਸ਼ਿਤ ਕਹਾਣੀ ਸੰਗ੍ਰਿਹ “ਮੁੱਲ ਵਿਕਦਾ ਸਮਾਂ” ਲੋਕ ਅਰਪਿਤ ਕੀਤਾ ਗਿਆ।
ਖੇਮਕਰਨੀ ਹੁਰਾਂ ਦੇ ਘਰ ਹੋਏ ਇਸ ਸੰਖੇਪ ਪਰ ਅਰਥ ਭਰਪੂਰ ਸਾਹਿਤਕ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਵਧਾਈ ਦੇਂਦਿਆਂ ਕਿਹਾ ਕਿ ਚਰਚਾ ਅਧੀਨ ਪੁਸਤਕ “ਮੁੱਲ ਵਿਕਦਾ ਸਮਾਂ ” ਦੀਆਂ ਸਮੁੱਚੀਆਂ ਕਹਾਣੀਆਂ ਮਨੁੱਖੀ ਜੀਵਨ ਦਾ ਸਾਹ – ਸਤ ਹਨ ਅਤੇ ਸਮਾਜਿਕ ਰਿਸ਼ਤਿਆਂ ਨੂੰ ਰੂਪ ਮਾਨ ਕਰਦੀਆਂ ਹਨ। ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਨੇ ਕਿਹਾ ਕਿ ਖੇਮਕਰਨੀ ਹੁਰਾਂ ਦੀ ਲੇਖਣੀ ਮਨੁੱਖੀ ਮਨ ਵਿੱਚ ਉਪਜੇ ਭਾਵਾਂ ਦੀ ਤਰਜਮਾਨੀ ਕਰਦਿਆਂ ਸਾਰਥਿਕ ਸੁਨੇਹਾ ਦਿੰਦੀ ਹੈ। ਸੁਮੀਤ ਸਿੰਘ ਅਤੇ ਜਿਲ੍ਹਾ ਭਾਸ਼ਾ ਖੋਜ ਅਫਸਰ ਡਾ ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਕਹਾਣੀਆਂ ਜਿੰਦਗੀ ਦੀਆਂ ਵਿਭਿੰਨ ਪਰਤਾਂ ਅਤੇ ਦੁਸ਼ਵਾਰੀਆਂ ਨੁੰ ਪਰਗਟ ਕਰਦੀਆਂ ਹਨ। ਸੁਖਬੀਰ ਖੁਰਮਣੀਆਂ ਅਤੇ ਧਰਵਿੰਦਰ ਔਲਖ ਨੇ ਖੇਮਕਰਨੀ ਹੁਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀ ਸ਼ਾਇਰੀ ਬੰਦੇ ਅੰਦਰ ਨਵੀਂ ਊਰਜਾ ਬਖਸ਼ਦੀ ਹੈ। ਡਾ ਪਰਛੋਤਮ,ਗੁਰਪ੍ਰਤਾਪ ਸਿੰਘ ਅਤੇ ਹਰਿੰਦਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਜਦਕਿ ਹਰਭਜਨ ਖੇਮਕਰਨੀ ਨੇ ਸਮੁੱਚੀ ਚਰਚਾ ਨੂੰ ਸਮੇਟਦਿਆਂ ਸਭ ਦਾ ਧੰਨਵਾਦ ਕੀਤਾ।
ਕੈਪਸ਼ਨ:- “ਮੁੱਲ ਵਿਕਦਾ ਸਮਾਂ ” ਜਾਰੀ ਕਰਦੇ ਹੋਏ ਦੀਪ ਦੇਵਿੰਦਰ ਸਿੰਘ, ਹਰਭਜਨ ਖੇਮਕਰਨੀ, ਵਜ਼ੀਰ ਸਿੰਘ ਰੰਧਾਵਾ, ਡਾ਼ ਇੰਦਰਜੀਤ ਸਿੰਘ ਅਤੇ ਹੋਰ ਸਥਾਨਕ ਸਾਹਿਤਕਾਰ।







