ਮੇਲਾ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਦੇ ਅਹਿਦ ਨਾਲ ‘24ਵਾਂ ਮੇਲਾ ਗ਼ਦਰੀ ਬਾਬਿਆਂ ਦਾ’ ਸਫਲਤਾ ਪੂਰਵਕ ਸੰਪੰਨ 

0
15

ਹਰ ਤਰ੍ਹਾਂ ਦੇ ਵਿਤਕਰੇ ਤੋਂ ਰਹਿਤ, ਹਕੀਕੀ ਨਾਰੀ ਮੁਕਤੀ ਤੇ ਧਰਮ ਨਿਰਪੱਖ ਨਿਜ਼ਾਮ ਦੀ ਸੁਪਨੇ ਨੂੰ ਜ਼ਮੀਨ ‘ਤੇ ਉਤਾਰਨ ਲਈ ਆਪਣੀਆਂ ਜ਼ਿੰਦਗੀਆਂ ਲੇਖੇ ਲਾਉਣ ਵਾਲੇ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਜਿਊਂਦਾ ਰੱਖਣ ਤੇ ਇਸ ਵਿਰਸੇ ਦਾ ਜਾਗ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਉਣ ਲਈ ਨਿਰੰਤਰ ਯਤਨਸ਼ੀਲ ਰਹਿਣ ਦੇ ਅਹਿਦ ਨਾਲ ਇੰਡੋ ਅਮੈਰਿਕਨ ਹੈਰੀਟੇਜ ਫੋਰਮ, ਫਰਿਜ਼ਨੋ ਵੱਲੋਂ ਕਰਵਾਇਆ ਗਿਆ ‘24ਵਾਂ ਮੇਲਾ ਗ਼ਦਰੀ ਬਾਬਿਆਂ ਦਾ’ ਸਫਲਤਾ ਸਹਿਤ ਸੰਪੰਨ ਹੋ ਗਿਆ।

ਸੈਂਟਰਲ ਹਾਈ ਸਕੂਲ ਫਰਿਜ਼ਨੋ ਦੇ ਪਰਫਾਰਮਿੰਗ ਆਰਟਸ ਸੈਂਟਰ ‘ਚ ਹੋਏ ਇਸ ਮੇਲੇ ਦਾ ਮੁੱਖ ਸਮਾਗਮ ਫੋਰਮ ਦੇ ਸਰਪ੍ਰਸਤ ਸ. ਕਰਮ ਸਿੰਘ ਮਾਨ, ਪ੍ਰਧਾਨ ਸ. ਨਵਦੀਪ ਸਿੰਘ ਧਾਲੀਵਾਲ ਤੇ ਮੀਤ ਪ੍ਰਧਾਨ ਸ. ਪਰਗਟ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਇਆ। ਮੇਲੇ ਦੇ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਡਾਕਟਰ ਸਵੈਮਾਨ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਾਡੇ ਗ਼ਦਰੀ ਬਾਬਿਆਂ ਨੇ ਕੁਰਬਾਨੀਆਂ ਸਿਰਫ਼ ਬਰਤਾਨਵੀ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੀ ਨਹੀਂ ਕੀਤੀਆਂ ਸਨ, ਉਨ੍ਹਾਂ ਦਾ ਸੁਪਨਾ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵੀ ਸੀ ਪਰ ਹਕੀਕਤ ‘ਚ ਸਭ ਕੁਝ ਉਲਟ ਹੋ ਰਿਹਾ ਹੈ।

ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਸਾਇੰਸ ਤੇ ਰਿਸਰਚ ‘ਤੇ ਇਨਵੈਸਟ ਕਰਨ, ਸਿਹਤ ਸਿੱਖਿਆ ਤੇ ਰੁਜ਼ਗਾਰ ਨੂੰ ਪ੍ਰਮੁੱਖਤਾ ਦੇਣ ਪਰ ਸਾਰਾ ਜ਼ੋਰ ਨਸ਼ਿਆਂ ਦੇ ਕਾਰੋਬਾਰ ‘ਤੇ ਦਿੱਤਾ ਜਾ ਰਿਹਾ ਹੈ।

ਪੰਜਾਬ ਸਰਕਾਰ, ਉਹ ਕਿਸੇ ਵੀ ਰੰਗ ਦੀ ਹੋਵੇ,ਸ਼ਰਾਬ ਦੇ ਠੇਕਿਆਂ ਤੋਂ ਕਮਾਈ ‘ਚ ਵਾਧੇ ਨੂੰ ਬੜੇ ਮਾਣ ਨਾਲ ਪੇਸ਼ ਕਰਦੀ ਹੈ। ਸੱਤਾਧਾਰੀਆਂ ਤੇ ਆਪੋਜੀਸ਼ਨ ‘ਚ ਅਫੀਮ ਦੀ ਖੇਤੀ ਨੂੰ ਲੈ ਕੇ ਬਹਿਸ ਚੱਲਦੀ ਰਹਿੰਦੀ ਹੈ ਜਦਕਿ ਜ਼ੋਰ ਤਾਂ ਨਸ਼ਿਆਂ ਦੇ ਖਾਤਮੇ ‘ਤੇ ਹੋਣਾ ਚਾਹੀਦਾ ਹੈ। ਇਸ ਹਾਲਾਤ ‘ਚ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਹੈ।

ਉਨ੍ਹਾ ਕਿਹਾ ਕਿ ਸਿਤਮ ਜ਼ਰੀਫੀ ਦੇਖੋ ਕਿ ਲੋਕ ਤਾਂ ਵਿੱਦਿਆ ਮੰਗ ਰਹੇ ਹਨ ਪਰ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਪ੍ਰਾਈਵੇਟ ਸਕੂਲਾਂ ਨੂੰ ਪਰਮੋਟ ਕੀਤਾ ਜਾ ਰਿਹਾ ਹੈ। ਇੱਕ ਗਿਣੇਮਿੱਥੇ ਢੰਗ ਨਾਲ ਵਿੱਦਿਆ ਸਧਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਕੀਤੀ ਜਾ ਰਹੀ ਹੈ। ਡਾਕਟਰ ਸਵੈਮਾਨ ਸਿੰਘ ਨੇ ਕਿਹਾ ਕਿ ਪੰਜਾਬੀ ਲੋਕ ਬਾਬਾ ਨਾਨਕ ਦੇ ਪੈਰੋਕਾਰ ਹਨ ਤੇ ਉਨ੍ਹਾਂ ਨੂੰ ਇਸ ਹਨੇਰਗਰਦੀ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਬਾਅਦ ‘ਚ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਦੀ ਸਮੁੱਚੀ ਟੀਮ ਨੇ ਉਨ੍ਹਾ ਨੂੰ ਮਾਣ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਇਹ ਮਾਣ ਪੱਤਰ ਫੋਰਮ ਦੇ ਕਮੇਟੀ ਮੈਂਬਰ ਇੰਦਰਜੀਤ ਚੁਗਾਵਾਂ ਨੇ ਪੜ੍ਹਿਆ ਜਿਸ ਵਿੱਚ ਡਾਕਟਰ ਸਵੈਮਾਨ ਸਿੰਘ ਵੱਲੋਂ ਚਲਾਈ ਜਾ ਰਹੀ ‘5 ਰਿਵਰਜ਼ ਹਾਰਟ ਐਸੋਸੀਏਸ਼ਨ’ ਵਲੋਂ ਕੀਤੇ ਜਾ ਰਹੇ ਮਨੁੱਖੀ ਭਲਾਈ ਦੇ ਕਾਰਜਾਂ, ਡਾਕਟਰ ਸਵੈਮਾਨ ਸਿੰਘ ਵਲੋਂ ਕਿਸਾਨ ਅੰਦੋਲਨ ਦੌਰਾਨ ਨਿਭਾਏ ਰੋਲ ਦੀ ਸ਼ਲਾਘਾ ਕੀਤੀ ਗਈ ਹੈ।

ਡਾਕਟਰ ਸਵੈਮਾਨ ਸਿੰਘ ਦੇ ਸੰਬੋਧਨ ਤੋਂ ਪਹਿਲਾਂ ਉਨ੍ਹਾ ਦੀ ਸੰਸਥਾ ‘5 ਰਿਵਰਜ਼ ਹਾਰਟ ਐਸੋਸੀਏਸ਼ਨ’ ਦੇ ਮਾਣਮੱਤੇ ਕਾਰਜਾਂ ਨੂੰ ਪੇਸ਼ ਕਰਦੀ ਹੋਈ ਇੱਕ ਵੀਡਿਓ ਵੀ ਵਿਸ਼ੇਸ਼ ਤੌਰ ‘ਤੇ ਦਿਖਾਈ ਗਈ। ਮੇਲੇ ਦੀ ਸਟੇਜ ਦੀ ਸ਼ੁਰੂਆਤ ਕਰਦਿਆਂ ਮੰਨੀ ਪ੍ਰਮੰਨੀ ਸਟੇਜ ਸੰਚਾਲਕ ਆਸ਼ਾ ਸ਼ਰਮਾ ਨੇ ਉੱਘੇ ਗਾਇਕ ਰਾਜ ਬਰਾੜ ਨੂੰ ਸੱਦਾ ਦਿੱਤਾ ਜਿਨ੍ਹਾ ਖੂਬਸੂਰਤ ਗੀਤ ‘ਅਸਲੀਅਤ ਨੂੰ ਜੋ ਭੁੱਲ ਗਿਆ’ ਪੇਸ਼ ਕਰਕੇ ਮਾਹੌਲ ਪੈਦਾ ਕਰ ਦਿੱਤਾ। ਪਰਗਟ ਵੀਰਾ ਨੇ ਪੰਜਾਬ ਦੇ ਹਾਲਾਤ ਬਾਰੇ ਇੱਕ ਭਾਵੁਕ ਗੀਤ ‘ਆਟੇ ਨਾਲੋਂ ਜ਼ਿਆਦਾ ਹੁਣ ਚਿੱਟਾ ਵਿਕਦਾ’ ਪੇਸ਼ ਕੀਤਾ। ਇੰਦਰਜੀਤ ਚੁਗਾਵਾਂ ਨੇ ਦੁਨੀਆ ‘ਤੇ ਮੰਡਰਾ ਰਹੇ ਜੰਗ ਦੇ ਖ਼ਤਰੇ ਦੇ ਸਨਮੁੱਖ ਅਮਨ ਨੂੰ ਸਮਰਪਿਤ ਸਾਹਿਰ ਲੁਧਿਆਣਵੀ ਦੀ ਮਸ਼ਹੂਰ ਨਜ਼ਮ ‘ਐ ਸ਼ਰੀਫ਼ ਇਨਸਾਨੋਂ’ ਪੇਸ਼ ਕਰਦਿਆਂ ਪ੍ਰਧਾਨਗੀ ਮੰਡਲ ਨੂੰ ਆਪਣੀਆਂ ਸੀਟਾਂ ਗ੍ਰਹਿਣ ਕਰਨ ਦੀ ਅਪੀਲ ਕੀਤੀ ਤੇ ਮੀਤ ਪ੍ਰਧਾਨ ਸ. ਪਰਗਟ ਸਿੰਘ ਧਾਲੀਵਾਲ ਨੇ ਮੇਲੇ ‘ਚ ਸ਼ਿਰਕਤ ਕਰ ਰਹੇ ਲੋਕਾਂ ਨੂੰ ਜੀ ਆਇਆਂ ਕਿਹਾ।

ਹਰਨੇਕ ਸਿੰਘ ਲੋਹਗੜ੍ਹ ਦੇ ਜਥੇ ਨੇ ਕਵੀਸ਼ਰੀ ਪੇਸ਼ ਕਰਕੇ ਰੰਗ ਬੰਨ੍ਹਿਆਂ।

ਮੇਲੇ ‘ਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਾਂਗਰਸਮੈਨ ਜਿਮ ਕੋਸਟਾ ਦੀ ਜਾਣ-ਪਛਾਣ ਪਾਲ ਸਹੋਤਾ ਹੁਰਾਂ ਕਰਵਾਈ। ਜਿਮ ਕੋਸਟਾ ਨੇ ਪੰਜਾਬੀ ਭਾਈਚਾਰੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਸੰਸਾਰ ਅੱਗੇ ਵੱਡੀਆਂ ਚੁਣੌਤੀਆਂ ਹਨ ਤੇ ਪੰਜਾਬੀਆਂ ਅੱਗੇ ਕੋਈ ਵੀ ਚੁਣੌਤੀ ਵੱਡੀ ਨਹੀਂ। ਉਨ੍ਹਾ ਕਿਹਾ ਕਿ ਇਸ ਭਾਈਚਾਰੇ ਦੀ ਪ੍ਰਤੀਨਿਧਤਾ ਕਰਦਿਆਂ ਮੈਂ ਮਾਣ ਮਹਿਸੂਸ ਕਰਦਾ ਹਾਂ। ਇਸ ਮੌਕੇ ਆਪਣੇ ਸੰਬੋਧਨ ‘ਚ ਫੋਰਮ ਦੇ ਆਗੂ ਸੁਰਿੰਦਰ ਸਿੰਘ ਮੰਢਾਲੀ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਰੋਲ-ਘਚੋਲਾ ਖੜਾ ਕਰਨ ਦੀਆਂ ਚਾਲਾਂ ਨੂੰ ਨਿੰਦਦਿਆਂ ਕਿਹਾ ਕਿ ਸ਼ਹੀਦ ਸਰਾਭਾ ਤੇ ਸ਼ਹੀਦ ਭਗਤ ਸਿੰਘ ਦੀਆਂ ਸ਼ਖ਼ਸੀਅਤਾਂ ਵਿਚਾਲੇ ਮੁਕਾਬਲਾ ਕਰਨਾ ਸਿਰੇ ਦੀ ਮੂਰਖਤਾ ਤੇ ਬੇਇਮਾਨੀ ਹੈ।

ਉਨ੍ਹਾ ਕਿਹਾ ਕਿ ਸ਼ਹੀਦ ਭਗਤ ਸਿੰਘ ਜਿਸ ਸ਼ਹੀਦ ਸਰਾਭਾ ਦੀ ਤਸਵੀਰ ਆਪਣੀ ਜੇਬ ‘ਚ ਰੱਖਦਾ ਸੀ, ਉਸੇ ਨਾਲ ਉਸ ਦਾ ਮੁਕਾਬਲਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਡਾ. ਮਲਕੀਤ ਸਿੰਘ ਕਿੰਗਰਾ ਨੇ ਆਪਣੀ ਸੰਖੇਪ ਤਕਰੀਰ ਦੌਰਾਨ ਕਿਹਾ ਕਿ ਗ਼ਦਰੀ ਬਾਬਿਆਂ ਦੀ ਸੋਚ ਸਾਨੂੰ ਹਮੇਸ਼ਾ ਚੰਗੇ ਇਨਸਾਨ ਬਣਨ ਤੇ ਆਪਣਾ ਆਲਾ ਦੁਆਲਾ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਦੀ ਹੈ ਤੇ ਕਰਦੀ ਰਹੇਗੀ।

ਪ੍ਰੋ. ਅਰਜਨ ਸਿੰਘ ਜੋਸਨ ਨੇ ਇਸ ਮੌਕੇ ਇੱਕ ਭਾਵਪੂਰਤ ਕਵਿਤਾ “ਇਹ ਰਾਤਾਂ ਦਾ ਚਾਨਣ ਤੇ ਦਿਨ ਦਾ ਹਨੇਰਾ” ਪੜ੍ਹ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਜੀ ਐੱਚ ਜੀ ਅਕੈਡਮੀ ਦੇ ਬੱਚਿਆਂ ਦੀਆਂ ਭੰਗੜੇ ਦੀਆਂ ਦੋ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਟੀਮਾਂ ਨੂੰ ਹਰਜਿੰਦਰ ਕੰਗ, ਸੰਤੋਖ ਮਿਨਹਾਸ, ਗੁਰਦੀਪ ਚੌਹਾਨ, ਅਮਰੀਕ ਖੰਡਾਲੀਆ, ਕੁਲਵੰਤ ਸਿੰਘ ਗਿੱਲ, ਨਿੱਜਰ ਬ੍ਰਦਰਜ਼, ਪਾਲ ਸਹੋਤਾ, ਪਾਲ ਕੈਲੇ, ਅਟਵਾਲ ਬ੍ਰਦਰਜ਼ ਆਦਿ ਨੇ ਸਨਮਾਨਿਤ ਕੀਤਾ। ਭੈਣ-ਭਰਾ ਦੀ ਇੱਕ ਜੋੜੀ ਇਨੀਕਾ ਇੰਦੌਰੀਆ ਤੇ ਐਰਵਿਨ ਇੰਦੌਰੀਆ ਨੇ ਬੜੇ ਹੀ ਖੂਬਸੂਰਤ ਅੰਦਾਜ਼ ਵਿੱਚ ਗ਼ਦਰੀ ਬਾਬਿਆਂ ਬਾਰੇ ਜਾਣਕਾਰੀ ਦਿੰਦੀ ਤਕਰੀਰ ਕਰਕੇ ਸਭ ਦਾ ਮਨ ਮੋਹ ਲਿਆ। ਨੂੰਹ-ਸੱਸ ਦੀ ਚਰਚਿਤ ਜੋੜੀ ਰਮਨ ਗਿੱਲ ਤੇ ਚਰਨਜੀਤ ਨੇ ‘ਕਾਲਿਆਂ ਕਾਨੂੰਨਾਂ ਤੋਂ ਨਹੀਂ ਰੋਕ ਹੋਣਾ ਪਹੀਆ ਇਤਿਹਾਸ ਦਾ’ ਕਵੀਸ਼ਰੀ ਪੇਸ਼ ਕਰਕੇ ਆਪਣੀ ਦਮਦਾਰ ਹਾਜ਼ਰੀ ਲਗਵਾਈ। ਇਸ ਮੌਕੇ ਬੱਚਿਆਂ ਦੇ ਪੇਂਟਿੰਗ ਮੁਕਾਬਲਿਆਂ ‘ਚ 57 ਬੱਚਿਆਂ ਨੇ ਹਿੱਸਾ ਲਿਆ। ਪੰਜ ਤੋਂ ਦਸ ਸਾਲ, ਦਸ ਤੋਂ ਪੰਦਰਾਂ ਸਾਲ ਤੇ ਪੰਦਰਾਂ ਸਾਲ ਤੋਂ ਉੱਪਰ ਉਮਰ ਵਾਲੇ ਗਰੁੱਪਾਂ ‘ਚ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਗਏ।

ਮੇਲੇ ਦੌਰਾਨ ਹਰ ਵਾਰ ਦੀ ਤਰਾਂ 4.0 ਗ੍ਰੇਡ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਇੰਡੀਅਨ ਗਰੌਸਰੀ ਸੁੱਪਰ ਸਟੋਰ ਦੇ ਮਾਲਕ ਅਮਰਦੀਪ ਸਿੰਘ ਛੀਨਾ, ਗੁਰਵਿੰਦਰ ਢੇਸੀ, ਹਰਜੀਤ ਗਰੇਵਾਲ, ਅਵਤਾਰ ਗਰੇਵਾਲ, ਜਸਵੀਰ ਸਰਾਏ, ਸਤਵੀਰ ਹੀਰ, ਮੇਘਾ ਢੇਸੀ, ਨੀਟਾ ਮਾਛੀਕੇ, ਕੁਲਵੰਤ ਉੱਭੀ ਤੇ ਹੋਰਨਾਂ ਵਲੋਂ ਦਿੱਤੇ ਗਏ। ਮੇਲੇ ਦੇ ਅੰਤ ‘ਚ ਗਾਇਕ ਲਾਲੀ ਤੱਖਰ ਤੇ ਨਰਿੰਦਰ ਜੌਹਲ ਨੇ ਖੂਬਸੂਰਤ ਜੋਸ਼ੀਲੇ ਗੀਤ ਪੇਸ਼ ਕਰਕੇ ਮੇਲੇ ਦੇ ਮਾਹੌਲ ‘ਚ ਰੰਗ ਭਰ ਦਿੱਤੇ। ਮੇਲੇ ਵਾਲੇ ਹਾਲ ‘ਚ ਦਾਖਲ ਹੋਣ ਤੋਂ ਪਹਿਲਾਂ ਗ਼ਦਰੀ ਬਾਬਿਆਂ ਤੇ ਆਜ਼ਾਦੀ ਅੰਦੋਲਨ ਦੇ ਹੋਰਨਾਂ ਸ਼ਹੀਦਾਂ ਦੀਆਂ ਤਸਵੀਰਾਂ ਦੀ ਨੁਮਾਇਸ਼ ਲਾਈ ਗਈ ਸੀ ਜੋ ਸਭਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਰਿੱਪਨ ਸਿਟੀ ਤੋਂ ਭੈਣ ਹਰਵਿੰਦਰ ਕੌਰ ਜੌਹਲ ਵਲੋਂ ਲਾਏ ਗਏ ਬੁੱਕ ਸਟਾਲ ਤੋਂ ਗ਼ਦਰ ਪਾਰਟੀ ਨਾਲ ਸਬੰਧਤ ਕਿਤਾਬਾਂ ਵੱਲ ਮੇਲੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ।

ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਗੁਰਮੀਤ ਗਿੱਲ, ਪਰਮਜੀਤ ਢਿੱਲੋਂ, ਬਲਦੇਵ ਧਾਲੀਵਾਲ, ਜਗਤਾਰ ਸੰਧੂ, ਸ਼ਰਨ ਧਾਲੀਵਾਲ, ਕਮਲਜੀਤ, ਬਿੱਟੂ ਧਾਲੀਵਾਲ, ਜਗਰੂਪ ਧਾਲੀਵਾਲ, ਅੰਗਰੇਜ਼ ਸਿੰਘ ਸੰਧੂ, ਬਹਾਦਰ ਸਿੰਘ ਭੰਗਲ, ਬਲਜੀਤ ਸਿੰਘ ਬੱਗਾ, ਤਰਨਵੀਰ ਧਾਲੀਵਾਲ, ਬਾਨੀ ਸੰਧੂ, ਪ੍ਰੀਤ ਗਿੱਲ, ਅਵਲੀਨ ਧਾਲੀਵਾਲ ਨੇ ਪੂਰੀ ਸ਼ਿੱਦਤ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ। ਮੇਲੇ ਦੀ ਸ਼ੁਰੂਆਤ ਤੋਂ ਸਮਾਪਤੀ ਤੱਕ ਚਾਹ-ਪਕੌੜਿਆਂ ਦਾ ਲੰਗਰ ਨਿਰੰਤਰ ਚਲਦਾ ਰਿਹਾ। ਹਰਮਨ ਗਿੱਲ ਦੀ ਅਗਵਾਈ ਹੇਠ ਵੈੱਲ ਬੀ ਸੀਨੀਅਰ ਹੈਲਥ ਕੇਅਰ ਅਤੇ ਗੁਰਲੀਨ ਢਿੱਲੋਂ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਹੈਲਥ ਇਨੀਸ਼ੀਏਟਿਵ ਦੇ ਵਲੰਟੀਅਰਾਂ ਵੱਲੋਂ ਮੈਡੀਕਲ ਕੈਂਪ ਵੀ ਲਗਾਏ।

ਜ਼ਿਕਰਯੋਗ ਹੈ ਕਿ ਇਸ ਮੇਲੇ ‘ਚ ਸ਼ਹੀਦ ਬੱਬਰ ਕਿਸ਼ਨ ਸਿੰਘ ਦੇ ਪਰਵਾਰ ਦੇ ਮੈਂਬਰ ਹਰਮਨਦੀਪ ਸਿੰਘ ਵੀ ਹਾਜ਼ਰ ਸਨ ਅਤੇ ਦੇਸ਼ ਭਗਤ ਬਾਬਾ ਬੂਝਾ ਸਿੰਘ ਦੇ ਰਿਸ਼ਤੇਦਾਰ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਡਾਕਟਰ ਸਵੈਮਾਨ ਸਿੰਘ ਨਾਲ ਉਨ੍ਹਾ ਦੇ ਪਿਤਾ ਸ. ਜਸਵਿੰਦਰ ਪਾਲ ਸਿੰਘ ਤੇ ਭਾਈ ਸੰਗਰਾਮ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here