ਸਤਿ ਸ੍ਰੀ ਅਕਾਲ ਜੀ, ਮੁਆਫ਼ ਕਰਨਾ ਜੀ ਪਹਿਲਾ ਭੇਜੀ ਇਸ ਲਿਖਤ ਵਿੱਚ ਨਾਵਲ ਦੀ ਫੋਟੋ ਰਹਿ ਗਈ ਸੀ। ਹੋ ਸਕੇ ਤਾਂ ਕਿਰਪਾ ਕਰਕੇ ਇਹ ਲਿਖਤ ਪ੍ਰਵਾਨ ਕਰਨਾ ਜੀ।

0
11
ਸਤਿ ਸ੍ਰੀ ਅਕਾਲ ਜੀ, ਮੁਆਫ਼ ਕਰਨਾ ਜੀ ਪਹਿਲਾ ਭੇਜੀ ਇਸ ਲਿਖਤ ਵਿੱਚ ਨਾਵਲ ਦੀ ਫੋਟੋ ਰਹਿ ਗਈ ਸੀ। ਹੋ ਸਕੇ ਤਾਂ ਕਿਰਪਾ ਕਰਕੇ ਇਹ ਲਿਖਤ ਪ੍ਰਵਾਨ ਕਰਨਾ ਜੀ।

ਮੱਥੇ ਦੀਆਂ ਲਿਖੀਆਂ ਨਾ ਮਿਟੀਆਂ

ਦਿਨ ਐਤਵਾਰ 26/04/2026 ਨੂੰ ਕੌਮਾਂਤਰੀ ਪੰਜਾਬੀ ਕਾਫਲਾ ਇਟਲੀ ਵੱਲੋਂ ਆਨਲਾਈਨ ਪੁਸਤਕ ਵਿਚਾਰ ਚਰਚਾ ਵਿੱਚ ‘ਅੱਖਰ ਬੋਲਦੇ ਨੇ’ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਨਾਵਲਕਾਰ ਬਿੰਦਰ ਕੋਲੀਆਂਵਾਲ ਦੇ ਲਿਖੇ ਨੌਵੇਂ ਨਾਵਲ ‘ਮੱਥੇ ਦੀਆਂ ਲਿਖੀਆਂ ਨਾ ਮਿਟੀਆਂ’ ਉੱਤੇ ਵਿਚਾਰ ਚਰਚਾ ਕੀਤੀ ਗਈ।  ਇਸ ਤੋਂ ਪਹਿਲਾਂ ਬਿੰਦਰ ਕੋਲੀਆਂ ਵਾਲ ਜੀ ਦੇ ਸਾਰੇ ਨਾਵਲ ਵੀ ਪੰਜਾਬੀ ਪੁਰਾਤਨ ਵਿਰਸੇ, ਪੰਜਾਬੀ ਦੀਆਂ ਰਸਮਾਂ ਰਿਵਾਜਾਂ, ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ, ਪਰਿਵਾਰਕ ਦਬਾਅ , ਸਮਾਜਿਕ ਸਮੱਸਿਆਵਾਂ, ਗਰੀਬੀ, ਮਾਨਸਿਕ ਤਣਾਅ, ਰਿਸ਼ਤਿਆਂ ਦਾ ਉਲਝਿਆ ਤਾਣਾ ਬਾਣਾ, ਪਰਵਾਸ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਜ਼ਿੰਦਗੀ, ਆਮ ਜ਼ਿੰਦਗੀ ਵਿੱਚ ਗਰੀਬੀ ਨਾਲ ਜੂਝ ਰਹੇ ਮਿਹਨਤੀ ਲੋਕ, ਰਿਸ਼ਤਿਆਂ ਦੇ ਦੁੱਖ ਸੁੱਖ ਆਦਿ ਉੱਤੇ ਅਧਾਰਿਤ ਸਨ। ਪਰ ਇਹ ਉਹਨਾਂ ਦਾ ਪਹਿਲਾ ਨਾਵਲ ਹੈ ਜੋ ਕਿਸੇ ਘਰੇਲੂ ਪੰਜਾਬੀ ਔਰਤ ਦੇ  ਕੰਮਕਾਜੀ(ਨੌਕਰੀ ਪੇਸ਼ੇ) ਔਰਤ, ਦਫ਼ਤਰ ਤੱਕ ਦੇ ਪਹੁੰਚਣ ਤੱਕ ਤੇ ਦਫ਼ਤਰੀ ਕੰਮ ਵਿੱਚ ਵੱਡੇ ਪੁਰਸਕਾਰ ਹਾਸਲ ਕਰਨ ਤੱਕ ਦੀ ਕਹਾਣੀ ਬਾਖੂਬੀ ਪੇਸ਼ ਕਰਦਾ ਹੈ। ਨਾਵਲ ਦੀ ਮੁੱਖ ਪਾਤਰ ਬੀਬੀ ਅਜੀਤ ਕੌਰ ਪਹਿਲਾ ਪੇਕੇ ਘਰ ਲਿੰਗ ਦੇ ਆਧਾਰ ਤੇ ਹੁੰਦਾ ਵਿਤਕਰਾ ਸਹਿੰਦੀ ਹੈ ਤੇ ਬਾਅਦ ਵਿੱਚ ਗਰੀਬੀ ਨਾਲ ਲੜਦਿਆਂ ਸਹੁਰੇ ਘਰ ਵਿੱਚ ਸੱਸ ਤੇ ਪਤੀ ਦੇ ਢਾਹਦੇ ਦੁੱਖ ਜ਼ਰਦੀ ਹੈ। ਇਹ ਨਾਵਲ ਅਜੀਤ ਕੌਰ ਜੀ ਦੀ ਅਸਲ ਕਹਾਣੀ ਹੀ ਨਹੀਂ ਬਿਆਨ ਕਰਦਾ ਸਗੋਂ ਬਹੁਤ ਸਾਰੀਆਂ ਔਰਤਾਂ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦਾ ਹੈ ਜੋ ਸਮਾਜਿਕ ਤਣਾਅ, ਰਿਸ਼ਤਿਆਂ ਦੇ ਵਿਤਕਰੇ, ਧੋਖੇ ਤੇ ਖੋਖਲੇ ਪਨ ਕਾਰਨ ਆਪਣੀ ਜ਼ਿੰਦਗੀ ਵਿੱਚ ਧੱਕੇ ਸਹਿਣ ਕਰਦੀਆਂ ਮੰਜ਼ਿਲਾਂ ਸਰ ਕਰਦੀਆਂ ਹਨ।  ਇਹ ਨਾਵਲ ਪੰਜਾਬੀ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਦੇਸ਼ਕ ‘ਅਮਰਦੀਪ ਸਿੰਘ ਗਿੱਲ’ ਜੀ ਦੇ ਹੱਥਾਂ ਵਿੱਚ ਵੀ ਪਹੁੰਚ ਚੁੱਕਾ ਹੈ। ਜਿਸ ਤੋਂ ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਇਸ  ਨਾਵਲ ਦੀ ਅਸਲੀ ਕਹਾਣੀ ਵੱਡੇ ਪਰਦੇ ਤੇ ਨਜ਼ਰ ਆਵੇਗੀ।

ਪ੍ਰੋਗਰਾਮ ਦਾ ਮੰਚ ਸੰਚਾਲਨ ਕਰਮਜੀਤ ਕੌਰ ਰਾਣਾ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਦੇ ਪ੍ਰਧਾਨ ਨਾਵਲਕਾਰ ਬਿੰਦਰ ਕੋਲੀਆ ਵਾਲ ਜੀ ਨੇ ਪਹੁੰਚੇ ਵਿਦਵਾਨਾਂ ਨੂੰ ਜੀ ਆਇਆ ਆਖਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਸਾਰੇ ਵਿਦਵਾਨ ਬਿਨਾਂ ਝਿਜਕ ਤੇ ਪੱਖਪਾਤ ਤੋਂ ਆਪਣੇ ਵਿਚਾਰ ਪੇਸ਼ ਕਰਨ। ਸਭ ਤੋਂ ਪਹਿਲਾਂ ਸੱਦਾ ਪੋਲੀ ਬਰਾੜ ਜੀ (ਯੂ ਐਸ ਏ) ਨੂੰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਨਾਵਲ ਉਹਨਾਂ ਨੂੰ ਐਨਾ ਮਨਮੋਹਕ ਲੱਗਿਆ ਕਿ ਉਹਨਾਂ ਦੋ ਦਿਨ ਵਿੱਚ ਸਾਰਾ ਪੜ੍ਹ ਲਿਆ। ਨਾਵਲ ਦੀ ਮੁੱਖ ਪਾਤਰ ਅਜੀਤ ਕੋਰ ਜੀ ਦੀ ਜ਼ਿੰਦਗੀ ਨੂੰ ਬਾਖੂਬੀ ਬਿਆਨ ਕੀਤਾ ਹੈ, ਅਜੀਤ ਕੌਰ ਨੂੰ ਉਸ ਦਾ ਪਤੀ ਅਸਹਿ ਦੁੱਖ ਦਿੰਦਾ ਹੈ, ਜੀਤੋ ਸਾਰੀਆਂ ਮੁਸੀਬਤਾਂ ਸਹਿੰਦੀ ਨਗਰ ਪਾਲਿਕਾ ਦੀ ਨੌਕਰੀ ਕਰਕੇ ਰਾਸ਼ਟਰਪਤੀ ਜੀ ਤੋਂ ਪੁਰਸਕਾਰ ਪ੍ਰਾਪਤ ਕਰਦੀ ਹੈ। ਅਜੀਤ ਕੌਰ ਆਪਣੇ ਨਾਲ ਨਾਲ ਆਪਣੀ ਵਿਆਹੁਤਾ ਧੀ ਦੀਆਂ ਮੁਸ਼ਕਿਲਾਂ ਵੀ ਸਹਿਣ ਕਰਦੀ ਹੈ ਜੋ ਵਿਆਹ ਤੋਂ ਬਾਅਦ 12 ਸਾਲ ਤੱਕ ਪਰਦੇਸੀ ਪਤੀ ਦੇ ਬੁਲਾਵੇ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ।

ਉਸ ਤੋਂ ਬਾਅਦ ਪ੍ਰਿੰਸੀਪਲ ਹਰਸ਼ਰਨ ਕੌਰ ਜੀ( ਕਨੇਡਾ) ਨੇ ਨਾਵਲ ਦੇ ‘ਪਾਤਰ ਉਸਾਰੀ’ ਬਾਰੇ ਵਿਚਾਰ ਦਿੰਦਿਆਂ ਕਿਹਾ ਕਿ ਬਿੰਦਰ ਜੀ ਨੇ ਪਾਤਰ ਉਸਾਰੀ ਕਰਦੇ ਸਮੇਂ ਪੰਜਾਬੀ ਵਿਰਸੇ ਵਿਰਾਸਤ ਦਾ ਪੂਰਾ ਧਿਆਨ ਰੱਖਿਆ ਹੈ ਤੇ ਕਹਾਣੀ ਨੂੰ ਬਹੁਤ ਸੁਚੱਜੇ ਢੰਗ ਨਾਲ ਉਸਾਰਦਿਆਂ ਵਾਰਤਾਲਾਪ ਇਸ ਤਰ੍ਹਾਂ ਵਰਤੇ ਹਨ ਕਿ ਪੜਨ ਵਾਲੇ ਨੂੰ ਉਸ ਸਮੇਂ ਦੀਆਂ ਸਭਿਆਚਾਰਕ , ਰੀਤੀ ਰਿਵਾਜ ਵੀ ਪੂਰੀ ਤਰ੍ਹਾਂ ਸਮਝ ਆਉਂਦੇ ਹਨ।  ਉਸ ਤੋਂ ਅਗਲੇ ਸੱਦੇ ਤੇ ਪ੍ਰੋਫੈਸਰ ਰਜਨੀ ਵਾਲੀਆਂ ਜੀ(ਪੰਜਾਬ) ਨੇ ਨਾਵਲ ਦੇ ‘ਵਿਸ਼ਿਆਂ’ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਨਾਵਲਕਾਰ ਨੇ ਸਾਰੇ ਵਿਸ਼ਿਆਂ ਨੂੰ ਬਹੁਤ ਰੌਚਿਕ ਤਰੀਕੇ ਨਾਲ ਪੇਸ਼ ਕੀਤਾ ਹੈ। ਹਰ ਕਾਂਡ ਦਾ ਸਿਰਲੇਖ ਆਪਣੇ ਪੂਰੇ ਕਾਂਡ ਦਾ ਵਿਸ਼ਲੇਸ਼ਣ ਕਰਦਾ ਨਜ਼ਰ ਆਇਆ ਹੈ। ਹਰ ਵਿਸ਼ਾ ਪੁਰਾਣੇ ਸਮੇਂ ਤੋਂ ਅੱਜ ਤੱਕ ਸਾਡੇ ਸਮਾਜ ਵਿੱਚ ਤਕਰੀਬਨ ਹਰ ਇੱਕ ਨਾਲ ਤੇ ਹਰ ਪਾਸੇ ਵਾਪਰਦਾ ਹੈ।

ਉਸ ਤੋਂ ਅਗਲੇ ਸੱਦੇ ਤੇ ਪ੍ਰਸਿੱਧ ਨਾਵਲਕਾਰ ਭੁਪਿੰਦਰ ਸਿੰਘ ਰੈਨਾ ਜੀ( ਜੰਮੂ) ਨੇ ਸਮੁੱਚੇ ਨਾਵਲ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਵੇਂ ਉਹਨਾਂ ਨੇ ਬਿੰਦਰ ਜੀ ਦੇ ਸਾਰੇ ਨਾਵਲ ਪੜੇ ਹਨ ਪਰ ਇਸ ਨਾਵਲ ਵਿੱਚ ਵਿਸ਼ੇ, ਪਾਤਰ, ਸੰਦੇਸ਼ ਅਤੇ ਸਿਰਜਣਾ ਬਹੁਤ ਸੋਹਣੀ ਤਰ੍ਹਾਂ ਬਿਆਨ ਕੀਤੇ ਹਨ ਤੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਹੈ, ਨਾਲ ਹੀ ਨਾਵਲ ਵਿੱਚ ਪਾਤਰਾਂ ਦੀ ਗਿਣਤੀ ਘਟਾਉਣ ਬਾਰੇ ਸੁਝਾਅ ਵੀ ਦਿੱਤਾ ਹੈ।  ਪ੍ਰਿੰਸੀਪਲ ਲਖਵੀਰ ਸਿੰਘ ਜੀ(ਪੰਜਾਬ) ਨੇ ਨਾਵਲ ਦੇ ‘ਸਮਾਜਿਕ ਸਰੋਕਾਰਾਂ’ ਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਭਾਵੇਂ ਸਰਕਾਰ ਦੇ ਕਨੂੰਨ ਕਰਕੇ  ਅੱਜ ਬਹੁਤ ਫ਼ਰਕ ਹੈ ਗਿਆ ਹੈ ਪਰ ਆਮ ਲੋਕਾਂ ਵਿੱਚ ਅੱਜ ਵੀ ਲਿੰਗ  ਨਿਰਧਾਰ ਤੇ ਪੱਖਪਾਤ ਕੀਤਾ ਜਾਂਦਾ ਹੈ, ਨਾਲ ਹੀ ਵਿਦੇਸ਼ ਜਾਣ ਦੀ ਲਾਲਸਾ, ਬੱਚਿਆਂ ਨੂੰ ਪੜ੍ਹਾਈ ਨਾ ਕਰਾਉਣਾ, ਮਰਦ ਦਾ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਪਰਿਵਾਰ ਲਈ ਮੁਸੀਬਤਾਂ ਪੈਦਾ ਕਰਨਾ, ਪ੍ਰੇਮ ਵਿਆਹ ਕਰਵਾਉਣ ਆਦਿ ਸਮੱਸਿਆਵਾਂ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਉਸ ਤੋਂ ਅਗਲੇ ਸੱਦੇ ਤੇ ਸਰਬਜੀਤ ਸਿੰਘ ਜਰਮਨੀ ਜੀ ਨੇ ਕਿਹਾ ਕਿ ਬਿੰਦਰ ਜੀ ਦੇ ਲਿਖੇ ਇਸ ਅਸਲ ਜ਼ਿੰਦਗੀ ਆਧਾਰਿਤ ਨਾਵਲ ਨੂੰ ਸਾਰੀਆਂ ਔਰਤਾਂ ਨੂੰ ਜ਼ਰੂਰ ਪੜਨਾ ਚਾਹੀਦਾ ਹੈ ਤਾਂ ਜੋ ਹਰ ਇੱਕ ਵਿੱਚ ਆਤਮ ਵਿਸ਼ਵਾਸ, ਆਤਮ ਨਿਰਭਰਤਾ ਦੇ ਆਧਾਰ ਮਜ਼ਬੂਤ ਹੋਣ ਤੇ ਉਹ ਸਮਾਜਿਕ ਸਮੱਸਿਆਵਾਂ ਨਾਲ ਜੂਝ ਕੇ ਤਰੱਕੀ ਕਰਨ ਤੇ ਦੁਨੀਆਂ ਉਹਨਾਂ ਨੂੰ ਸੋਹਣੀਆਂ ਨਜ਼ਰਾਂ ਨਾਲ ਵੇਖੇ।

ਪ੍ਰੋਗਰਾਮ ਦਾ ਸੰਚਾਲਨ ਕਰਮਜੀਤ ਕੌਰ ਰਾਣਾ ਜੀ ਨੇ ਬਹੁਤ ਸੋਹਣੇ ਸੁਚੱਜੇ ਢੰਗ ਨਾਲ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਨਾਵਲ ਦੀ ਅਸਲ ਕਹਾਣੀ ਦੀ ਪਾਤਰ ਜਸਵਿੰਦਰ ਕੌਰ ਮਿੰਟੂ(ਇਟਲੀ) ਜੀ ਨੇ ਨਾਵਲ ਦੇ ਲੇਖਕ ਬਿੰਦਰ ਕੋਲੀਆ ਵਾਲ ਜੀ ਦਾ ਉਹਨਾਂ ਦੇ ਮਾਤਾ ਜੀ ਦੀ ਅਸਲ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ਼ ਲਿਖਣ ਤੇ ਸਾਰੇ ਵਿਦਵਾਨਾਂ ਨੂੰ ਨਾਵਲ ਪੜ੍ਹ ਕੇ ਆਪਣੇ ਕੀਮਤੀ ਵਿਚਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਮਿੰਟੂ ਜੀ ਨੇ ਖੁਸ਼ੀ ਜ਼ਾਹਰ ਕਰਦਿਆਂ ਸਾਰਿਆਂ ਨੂੰ ਉਹਨਾਂ ਦੇ ਮਾਤਾ ਜੀ ਦੇ ਕਿਰਦਾਰ ਨੂੰ ਪੜ੍ਹ ਕੇ ਬਹੁਤ ਕੁਝ ਸਿੱਖਣ ਲਈ ਵੀ ਬੇਨਤੀ ਕੀਤੀ।
ਪ੍ਰੋਗਰਾਮ ਦੇ ਅਖੀਰਲੇ ਪੜਾਅ ਵਿੱਚ ਬਿੰਦਰ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਨਵੇਂ ਮਿਲੇ ਸੁਝਾਵਾਂ ਨੂੰ ਆਪਣੇ ਅਗਲੇ ਨਾਵਲ ਤੇ ਜ਼ਰੂਰ ਸ਼ਾਮਲ ਕਰਨਗੇ।  ਪ੍ਰੋਗਰਾਮ ਦੇ ਅਖੀਰ ਵਿੱਚ ਕਲਾਕਾਰ ਮੰਗਤ ਖਾਨ ਜੀ(ਪਟਿਆਲਾ) ਨੇ ਸਾਰੇ ਵਿਦਵਾਨਾਂ ਦਾ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਇਸ  ਨਾਵਲ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਸਾਹਿਬਦੀਪ ਪਬਲੀਕੇਸ਼ਨ ਪੰਜਾਬ, ਮੋਬਾਇਲ ਨੰਬਰ 0091-9988913155 ਨਾਲ ਸੰਪਰਕ ਕਰ ਸਕਦੇ ਹੋ ਜੀ।

ਸਰਬਜੀਤ ਸਿੰਘ ਜਰਮਨੀ
Tirthsingh3@yahoo.com

LEAVE A REPLY

Please enter your comment!
Please enter your name here