ਵਿਸ਼ਾ : ਪ੍ਰਿੰ.ਦੇਸ਼ ਬੀਰ ਦੀ ਚੌਥੀ ਪੁਸਤਕ ‘ਹੋਂਦ ਦੀ ਪ੍ਰਿਜ਼ਮ’ ਨੂੰ ਲੋਕ ਅਰਪਣ ਕਰਨ ਦੇ ਸਮਾਗਮ ਦੀ ਰਿਪੋਰਟ ਭੇਜਣ ਬਾਰੇ।
ਪ੍ਰਿੰ. ਦੇਸ਼ ਬੀਰ ਦੀ ਚੌਥੀ ਪੁਸਤਕ ‘ਹੋਂਦ ਦੀ ਪ੍ਰਿਜ਼ਮ’ ਲੋਕ ਅਰਪਣ
ਹੁਸ਼ਿਆਰਪੁਰ ( ): ਗੌਰਮਿੰਟ ਕਾਲਜ ਰੀਟਾਇਰਡ ਟੀਚਰਜ਼ ਵੈਲਫੇਅਰ ਐਸੋਸੀਏਸ਼ਨ(ਪੰਜਾਬ) ਦੀ ਸਥਾਨਕ ਇਕਾਈ ਵੱਲੋਂ ਬੀਤੇ ਦਿਨੀਂ ਆਪਣੀ ਸਮਾਗਮ-ਨੁਮਾ ਮਾਸਿਕ ਇਕੱਤ੍ਰਤਾ ਵਿਚ ਪ੍ਰਿੰ. ਦੇਸ਼ ਬੀਰ ਦੀ ਚੌਥੀ ਪੁਸਤਕ ‘ਹੋਂਦ ਦੀ ਪ੍ਰਿਜ਼ਮ’ ਨੂੰ ਮੈਂਬਰਾਂ ਤੇ ਅਹੁਦੇਦਾਰਾਂ ਦੇ ਬੇਹੱਦ ਉਤਸ਼ਾਹ ਅਤੇ ਭਰਪੂਰ ਸ਼ਮੂਲੀਅਤ ਦੌਰਾਨ ਲੋਕ ਅਰਪਨ ਕੀਤਾ ਗਿਆ। ਪ੍ਰਿੰ. ਦੇਸ਼ ਬੀਰ ਨੇ ਦੱਸਿਆ ਕਿ ਇਸ ਪੁਸਤਕ ਵਿਚ ਸ਼ਾਮਿਲ ਨਿਬੰਧ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖੇ ਗਏ ਸਨ ਜੋ ਸਮੇਂ ਸਮੇਂ ਪ੍ਰਮੁੱਖ ਅਖਬਾਰਾਂ ਵਿਚ ਮਿਡਲ ਵਜੋਂ ਜਾਂ ਨੁਮਾਇਆ ਸਥਾਨ ‘ਤੇ ਛਪਦੇ ਰਹੇ ਹਨ ਅਤੇ ਪਾਠਕਾਂ ਵਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਦਾ ਰਿਹਾ ਹੈ। ਇਨ੍ਹਾਂ ਨਿਬੰਧਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਕਠਿਨ ਪਰ ਅਹਿਮ ਜ਼ਿੰਮੇਵਾਰੀ ਨੂੰ ਪ੍ਰਿੰ.ਰਜਿੰਦਰ ਕੌਰ (ਸਾਬਕਾ ਪ੍ਰਿੰਸੀਪਲ ਸਰਕਾਰੀ ਕਾਲਜ ਟਾਂਡਾ)ਨੇ ਬੜੀ ਕਾਬਲੀਅਤ ਨਾਲ ਅੰਜਾਮ ਦਿੱਤਾ ਹੈ। ਪ੍ਰਿੰ. ਦੇਸ਼ ਬੀਰ ਨੇ ਪੁਸਤਕ ਵਿਚਲੇ ਨਿਬੰਧਾਂ ਦੀ ਸਿਰਜਨ ਪ੍ਰਕਿਰਿਆ ਨੂੰ ਬੇਹੱਦ ਭਾਵੁਕ ਸੁਰ ਵਿਚ ਦਰਸਾਉਂਦਿਆਂ ਉਨ੍ਹਾਂ ਅੰਦਰਲੇ ਸੱਚ, ਵਿਵੇਕ ਅਤੇ ਕਲਾਤਮਿਕਤਾ ਦੇ ਸੁਮੇਲ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੁਸਤਕ ਦੇ ਸਮਾਜਿਕ,ਆਰਥਿਕ, ਸੱਭਿਆਚਾਰਕ, ਨੈਤਿਕ ਆਦਿ ਸਰੋਕਾਰਾਂ ਨਾਲ ਜੁੜਦੇ ਰਿਸ਼ਤੇ ਦੀ ਸਾਰਥਿਕਤਾ ਨੂੰ ਵੀ ਉਘਾੜਿਆ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਮਾਜ ਸਾਹਵੇਂ ਸਾਡੀਆਂ ਸਮਾਜਿਕ,ਆਰਥਿਕ, ਸੱਭਿਆਚਾਰਕ ਹਾਲਤਾਂ ਦਾ ਦਰਪਨ ਪ੍ਰਸਤੁਤ ਕਰਨ ਦਾ ਜ਼ਾਮਨ ਬਣ ਸਕਦੀ ਹੈ ਅਤੇ ਰਾਹ ਦਸੇਰੇ ਵਜੋਂ ਅਹਿਮ ਦਸਤਾਵੇਜ਼ ਹੋਣ ਦਾ ਦਮ ਭਰ ਸਕਦੀ ਹੈ।ਪ੍ਰਿੰ. ਦੇਸ਼ ਬੀਰ ਨੇ ਨਿਬੰਧਾਂ ਦਾ ਪੰਜਾਬੀ ਵਿੱਚ ਸਫਲਤਾ ਪੂਰਵਕ ਤੇ ਮਿਆਰੀ ਅਨੁਵਾਦ ਕਰਨ ਲਈ ਪ੍ਰਿੰ. ਰਜਿੰਦਰ ਕੌਰ ਦਾ ਅਤੇ ਪੁਸਤਕ ਦੀ ਤਿਆਰੀ ਲਈ ਪ੍ਰਿੰ.ਪਰਮਜੀਤ ਸਿੰਘ ਦਾ ਸ਼ੁਕਰੀਆ ਅਦਾ ਕੀਤਾ।
ਪ੍ਰਸਿੱਧ ਕਵੀ, ਵਿਦਵਾਨ ਅਤੇ ਆਲੋਚਕ ਮਦਨ ਵੀਰਾ ਨੇ ਪੁਸਤਕ ਦੀ ਪੜ੍ਹਤ ਬਾਰੇ, ਪੁਸਤਕ ਦੇ ਸਿਰਲੇਖ ਦੀਆਂ ਵਿਭਿੰਨ ਪਰਤਾਂ ਬਾਰੇ, ਪੁਸਤਕ ਵਿਚ ਸ਼ਾਮਿਲ ਨਿਬੰਧਾਂ ਦੇ ਥੀਮਕ ਸਰੋਕਾਰਾਂ ਬਾਰੇ, ਲੇਖਕ ਦੀ ਵਾਰਤਕ ਕਲਾ ਬਾਰੇ ਤੇ ਨਿਬੰਧਾਂ ਦੇ ਰਚਨਾ ਵਿਧਾਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਪ੍ਰਿੰ.ਰਜਿੰਦਰ ਕੌਰ ਨੇ ਪੁਸਤਕ ਵਿਚ ਸ਼ਾਮਿਲ ਨਿਬੰਧਾਂ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਦੇ ਆਪਣੇ ਦਿਲਚਸਪ ਅਮਲ ਦੇ ਤਜਰਬਿਆਂ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ। ਉਨ੍ਹਾਂ ਕਿਹਾ ਕਿ ਅਨੁਵਾਦ ਕਾਰਜ ਨੂੰ ਮੈਂ ਮੌਲਿਕ ਰਚਨਾ ਕਰ ਰਹੀ ਹੋਣ ਦੇ ਅਰਥਾਂ ਵਿਚ ਤਸੱਵਰ ਕਰਦੀ ਰਹੀ ਹਾਂ ਤੇ ਇਸ ਕੰਮ ਵਿਚੋਂ ਮੈਂ ਬਹੁਤ ਕੁਝ ਸਿੱਖਿਆ ਵੀ ਹੈ ਤੇ ਇਸਨੂੰ ਮਾਣਿਆ ਵੀ ਹੈ।
ਡਾ. ਪ੍ਰਿਤਪਾਲ ਸਿੰਘ ਮਹਿਰੋਕ ਨੇ ‘ਹੋਂਦ ਦੀ ਪ੍ਰਿਜ਼ਮ’ ਪੁਸਤਕ ਵਿਚਲੇ ਨਿਬੰਧਾਂ ਵਿਚਲੇ ਰਚਨਾ ਸੰਸਾਰ ਬਾਰੇ, ਨਿਬੰਧਾਂ ਦੇ ਥੀਮਕ ਪੈਟਰਨਾਂ ਨਾਲ ਜੁੜਦੇ ਕੁਝ ਪਹਿਲੂਆਂ ਬਾਰੇ, ਉਨ੍ਹਾਂ ਦੀ ਬਹੁ ਪਰਤੀ ਪ੍ਰਸੰਗਿਕਤਾ ਬਾਰੇ, ਉਨ੍ਹਾਂ ਦੇ ਸੁਝਾਊਪੂਰਵਕ ਤੇ ਪ੍ਰੇਰਨਾਦਾਇਕ ਹੋਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ.ਪ੍ਰਿਤਪਾਲ ਸਿੰਘ ਮਹਿਰੋਕ ਨੇ ਨਿਬੰਧਾਂ ਦੀ ਰਚਨਾਤਮਿਕ ਵਿਉਂਤ ਬਾਰੇ, ਉਨ੍ਹਾਂ ਵਿਚਲੀ ਬੌਧਿਕ ਪਰਪੱਕਤਾ ਬਾਰੇ ਤੇ ਲੇਖਕ ਦੀ ਵਾਰਤਕ ਸ਼ੈਲੀ ਦੀ ਵਿਲੱਖਣਤਾ ਬਾਰੇ ਵੀ ਵਿਚਾਰ ਪ੍ਰਸਤੁਤ ਕੀਤੇ। ਉਸਨੇ ਕਿਹਾ ਕਿ ਹੁਣ ਜਦੋਂ ਕਿ ਸਮਾਜ ਸਾਹਵੇਂ ਅਨੇਕ ਚੁਣੌਤੀਆਂ ਹਨ ਤੇ ਮਨੁੱਖ ਨਿੱਤ ਨਵੀਆਂ ਉਲਝਣਾਂ ਵਿਚ ਘਿਰਦਾ ਜਾ ਰਿਹਾ ਹੈ ਤਾਂ ਅਜਿਹੇ ਮੌਕੇ ‘ਤੇ ਅਜਿਹੀ ਪੁਸਤਕ ਦੀ ਰਚਨਾਕਾਰੀ ਤੇ ਉਸਨੂੰ ਪੜ੍ਹਨ ਦਾ ਅਮਲ ਮਨ ਨੂੰ ਧਰਵਾਸ ਦੇਣ ਤੇ ਸਕੂਨ ਹਾਸਿਲ ਕਰਨ ਦਾ ਕੰਮ ਕਰ ਸਕਦਾ ਹੈ। ਪੁਸਤਕ ਵਿਚ ਸ਼ਾਮਿਲ 68 ਨਿਬੰਧ ਵਿਸ਼ੇ ਅਤੇ ਰੂਪਗਤ ਅਨੁਸ਼ਾਸਨ ਵਿਚ ਉਸਰਦੇ ਹਨ ਤੇ ਪਾਠਕ ਦੇ ਮਨ ਮਨਸਕ ‘ਤੇ ਮਹੱਤਵਪੂਰਨ ਸੁਨੇਹੇ ਸਮੇਤ ਦਸਤਕ ਦਿੰਦੇ ਹਨ। ਪ੍ਰਿੰ.ਐੱੱਸ.ਪੀ.ਧੀਰ ਨੇ ਪ੍ਰਿੰ.ਦੇਸ਼ ਬੀਰ ਦੀ ਪੰਜਾਬੀ ਵਿੱਚ ਰਚੀ ਪਹਿਲੀ ਪੁਸਤਕ ਦਾ ਕੁਝ ਭਾਗ ਪੜ੍ਹਨ ਤੇ ਉਸ ਵਿਚ ਬਣੀ ਆਪਣੀ ਦਿਲਚਸਪੀ ਦਾ ਜ਼ਿਕਰ ਕਰਦਿਆਂ ਲੇਖਕ ਨੂੰ ਮੁਬਾਰਕਬਾਦ ਭੇਂਟ ਕੀਤੀ।ਐਸੋਸੀਏਸ਼ਨ ਵਲੋਂ ਪ੍ਰਿੰ.ਰਜਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਡਾ.ਬਲਬੀਰ ਸਿੰਘ ਨੇ ਕੀਤਾ। ਸਮਾਗਮ ਵਿਚ ਪ੍ਰਿੰ. ਡੀ.ਐਸ.ਮਾਣਕੂ, ਡਾ.ਅਜੀਤ ਸਿੰਘ ਜੱਬਲ, ਪ੍ਰੋ.ਜਗਜੀਤ ਬਾਜਵਾ, ਪ੍ਰੋ.ਕੇ.ਕੋਹਲੀ, ਪ੍ਰਿੰ.ਐਨ.ਡੀ.ਭਾਟੀਆ, ਡਾ.ਜਸਪਾਲ, ਪ੍ਰੋ.ਰਾਕੇਸ਼ ਕਟਿਆਲ, ਪ੍ਰਿੰ.ਯੋਗੇਸ਼, ਡਾ.ਜਸਵਿੰਦਰ ਕੌਰ, ਪ੍ਰੋ.ਬ.ਸ.ਜਗਦੇਵ ਆਦਿ ਹਾਜ਼ਰ ਸਨ। ਐਸੋਸੀਏਸ਼ਨ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਬੜੀ ਗਰਮਜੋਸ਼ੀ ਤੇ ਉਤਸ਼ਾਹ ਨਾਲ ਪੁਸਤਕ ਦਾ ਸਵਾਗਤ ਕੀਤਾ। ਡਾ.ਪ੍ਰਵੀਨ ਰਾਣਾ ਨੇ ਧੰਨਵਾਦ ਦੇ ਸ਼ਬਦ ਕਹੇ। ਵੱਖਰੀ ਤਰਜ਼ ‘ਤੇ ਰਚਿਆ ਤੇ ਲੀਹੋਂ ਹਟ ਕੇ ਆਯੋਜਿਤ ਕੀਤਾ ਗਿਆ ਇਹ ਸਮਾਗਮ ਚਿਰ ਸਥਾਈ ਪ੍ਰਭਾਵ ਛੱਡ ਗਿਆ।
-ਡਾ.ਪ੍ਰਿਤਪਾਲ ਸਿੰਘ ਮਹਿਰੋਕ
98885-10185
*****






