ਪਠਾਨਕੋਟ ਵਿੱਚ ਗੂੰਜਿਆ “ਸਿੱਖਿਆ ਦਾ ਮਹਾ ਜਸ਼ਨ” ਮੈਗਾ ਪੀਟੀਐਮ ਨੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੱਕ ਮੰਚ ‘ਤੇ ਲਿਆ ਕੇ ਸਿੱਖਿਆ ਦੇ ਨਵੇਂ ਅਧਿਆਇ ਦੀ ਕੀਤੀ ਸ਼ੁਰੂਆਤ

0
12

ਪਠਾਨਕੋਟ,31 ਮਈ 2026

ਪਠਾਨਕੋਟ ਵਿੱਚ ਗੂੰਜਿਆ “ਸਿੱਖਿਆ ਦਾ ਮਹਾ ਜਸ਼ਨ”
ਮੈਗਾ ਪੀਟੀਐਮ ਨੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇੱਕ ਮੰਚ ‘ਤੇ ਲਿਆ ਕੇ ਸਿੱਖਿਆ ਦੇ ਨਵੇਂ ਅਧਿਆਇ ਦੀ ਕੀਤੀ ਸ਼ੁਰੂਆਤ
__________________________________
ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ, ਉਤਸ਼ਾਹ ਅਤੇ ਉਪਲਬਧੀਆਂ ਦੇ ਜਸ਼ਨ ਉਸ ਸਮੇਂ ਯਾਦਗਾਰ ਬਣ ਗਏ, ਜਦੋਂ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ “ਸਿੱਖਿਆ ਦਾ ਮਹਾ ਜਸ਼ਨ” ਬੇਮਿਸਾਲ ਜੋਸ਼ ਅਤੇ ਲੋਕ ਭਾਗੀਦਾਰੀ ਨਾਲ ਮਨਾਇਆ ਗਿਆ। ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਈ ਗਈ ਮੈਗਾ ਪੇਰੈਂਟ-ਟੀਚਰ ਮੀਟਿੰਗ (ਪੀਟੀਐਮ) ਨੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਸਾਂਝ, ਸੰਵਾਦ ਅਤੇ ਭਰੋਸੇ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕੀਤਾ।
ਸਕੂਲਾਂ ਦੇ ਵਿਹੜੇ ਮਾਪਿਆਂ ਦੀ ਭਰਪੂਰ ਹਾਜ਼ਰੀ ਨਾਲ ਰੌਣਕਮਈ ਨਜ਼ਰ ਆਏ। ਹਜ਼ਾਰਾਂ ਮਾਪਿਆਂ ਨੇ ਆਪਣੇ ਬੱਚਿਆਂ ਸਮੇਤ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਨਾ ਸਿਰਫ਼ ਸਿੱਖਿਆ ਪ੍ਰਤੀ ਆਪਣੀ ਗੰਭੀਰਤਾ ਦਾ ਪ੍ਰਗਟਾਵਾ ਕੀਤਾ, ਸਗੋਂ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਕੂਲਾਂ ਨਾਲ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਵੀ ਦਰਸਾਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਅਮਨਦੀਪ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਡੀ. ਜੀ. ਸਿੰਘ ਦੀ ਅਗਵਾਈ ਹੇਠ ਹੋਏ ਇਸ ਵਿਸ਼ਾਲ ਸਮਾਗਮ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਅਕਾਦਮਿਕ ਕਾਰਗੁਜ਼ਾਰੀ, ਸਿੱਖਣ ਦੇ ਪੱਧਰ, ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੀਤੀਆਂ ਜਾਣ ਵਾਲੀਆਂ ਸਿੱਖਣ ਗਤੀਵਿਧੀਆਂ ਅਤੇ ਸਕੂਲਾਂ ਵਿੱਚ ਉਪਲਬਧ ਆਧੁਨਿਕ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਮਾਪਿਆਂ ਦੇ ਸੁਝਾਵਾਂ ਨੂੰ ਵੀ ਗੰਭੀਰਤਾ ਨਾਲ ਸੁਣਿਆ ਗਿਆ।
ਸਮਾਗਮ ਦਾ ਸਭ ਤੋਂ ਪ੍ਰੇਰਣਾਦਾਇਕ ਪਲ ਉਹ ਸੀ ਜਦੋਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ, ਸਕੂਲ ਪੱਧਰ ‘ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਹੋਣਹਾਰਾਂ, ਵੱਖ-ਵੱਖ ਵਿਸ਼ਿਆਂ ਵਿੱਚ ਸੌ ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਜੇ.ਈ.ਈ., ਕਲੈਟ ਸਮੇਤ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਹੁਨਰ ਸਿੱਖਿਆ ਅਤੇ ਇੰਗਲਿਸ਼ ਐਜ ਪ੍ਰੋਗਰਾਮਾਂ ਤਹਿਤ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪੱਤਰ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕਮਲਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਵੱਤਾ ਭਰਪੂਰ ਅਤੇ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਨਵੇਂ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਸਿੱਖਿਆ ਦਾ ਮਹਾ ਜਸ਼ਨ” ਕੇਵਲ ਇੱਕ ਸਮਾਗਮ ਨਹੀਂ, ਸਗੋਂ ਸਿੱਖਿਆ ਦੇ ਤਿੰਨ ਅਹਿਮ ਥੰਮ੍ਹਾਂ—ਮਾਪੇ, ਅਧਿਆਪਕ ਅਤੇ ਵਿਦਿਆਰਥੀ—ਨੂੰ ਇੱਕ ਮੰਚ ‘ਤੇ ਲਿਆਉਣ ਵਾਲੀ ਅਹਿਮ ਪਹਿਲ ਹੈ, ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਡੀ. ਜੀ. ਸਿੰਘ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤ ਬੁਨਿਆਦ ਹੀ ਬੱਚਿਆਂ ਦੀਆਂ ਭਵਿੱਖੀ ਸਫ਼ਲਤਾਵਾਂ ਦਾ ਆਧਾਰ ਬਣਦੀ ਹੈ। ਉਨ੍ਹਾਂ ਮਾਪਿਆਂ ਨੂੰ ਘਰ ਵਿੱਚ ਸਿੱਖਣ ਲਈ ਅਨੁਕੂਲ ਮਾਹੌਲ ਸਿਰਜਣ ਅਤੇ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਮਨਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਨੇ ਸਿੱਖਿਆ ਖੇਤਰ ਵਿੱਚ ਦੇਸ਼ ਭਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਇਸ ਸਫਲਤਾ ਦਾ ਸਿਹਰਾ ਅਧਿਆਪਕਾਂ ਦੀ ਨਿਰੰਤਰ ਮਿਹਨਤ, ਵਿਦਿਆਰਥੀਆਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਦਾ ਸੱਦਾ ਦਿੱਤਾ।
ਸਮਾਗਮ ਦੌਰਾਨ ਮਾਪਿਆਂ ਨੇ ਸਰਕਾਰੀ ਸਕੂਲਾਂ ਵਿੱਚ ਹੋਏ ਬੁਨਿਆਦੀ ਢਾਂਚਾਗਤ ਵਿਕਾਸ, ਸਮਾਰਟ ਕਲਾਸਰੂਮਾਂ, ਆਧੁਨਿਕ ਸਿੱਖਣ ਸਹੂਲਤਾਂ ਅਤੇ ਵਿਦਿਆਰਥੀ-ਕੇਂਦਰਿਤ ਗਤੀਵਿਧੀਆਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹੁਣ ਸਿੱਖਿਆ ਦੇ ਮਿਆਰਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾ ਰਹੇ ਹਨ।
“ਸਿੱਖਿਆ ਦਾ ਮਹਾ ਜਸ਼ਨ” ਸਿਰਫ਼ ਵਿਦਿਆਰਥੀਆਂ ਦੀਆਂ ਉਪਲਬਧੀਆਂ ਦਾ ਜਸ਼ਨ ਹੀ ਨਹੀਂ ਬਣਿਆ, ਬਲਕਿ ਇਹ ਮਾਪਿਆਂ ਅਤੇ ਸਕੂਲਾਂ ਵਿਚਕਾਰ ਆਪਸੀ ਵਿਸ਼ਵਾਸ, ਸਹਿਯੋਗ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਾਲਾ ਇੱਕ ਇਤਿਹਾਸਕ ਮੌਕਾ ਸਾਬਤ ਹੋਇਆ। ਇਹ ਸਮਾਗਮ ਇਸ ਗੱਲ ਦਾ ਪ੍ਰਮਾਣ ਬਣਿਆ ਕਿ ਜਦੋਂ ਸਕੂਲ, ਮਾਪੇ ਅਤੇ ਸਮਾਜ ਇੱਕਜੁੱਟ ਹੋ ਕੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰਦੇ ਹਨ ਤਾਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਹੋਰ ਮਜ਼ਬੂਤ ਹੋ ਜਾਂਦੀ ਹੈ।
ਇਸ ਮੌਕੇ ਪ੍ਰਿੰਸੀਪਲ ਜਤਿੰਦਰ ਕੌਰ, ਡੀਆਰਸੀ ਅੱਪਰ ਪ੍ਰਾਇਮਰੀ ਸੰਜੀਵ ਸ਼ਰਮਾ, ਡੀਆਰਸੀ ਪ੍ਰਾਇਮਰੀ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਲਕਾਰ ਅੱਤਰੀ ਅਤੇ ਹੋਰ ਅਧਿਕਾਰੀ, ਅਧਿਆਪਕ ਤੇ ਮਾਪੇ ਵੱਡੀ ਗਿਣਤੀ ਵਿੱਚ ਮੌਜੂਦ ਸਨ।

LEAVE A REPLY

Please enter your comment!
Please enter your name here