1013 ਲੈਕਚਰਾਰ ਸਿੱਧੀ ਭਰਤੀ ਵਿੱਚ ਐੱਸਸੀ /ਬੀਸੀ. ਵਰਗ ਦਾ ਬਣਦਾ ਕੋਟਾ ਨਾ ਦੇਣ ਦੇ ਰੋਸ ਵਜੋਂ ਡਾਇਰੈਕਟਰ ਭਲਾਈ ਵਿਭਾਗ਼ ਦੇ ਦਫਤਰ ਦਾ 15 ਸਤੰਬਰ ਨੂੰ ਘਿਰਾਓ *ਭਲਾਈ ਮੰਤਰੀ ਪੰਜਾਬ ਤੇ ਡਾਇਰੈਕਟਰ ਭਲਾਈ ਵਿਭਾਗ਼ ਦੇ ਸਾੜੇ ਜਾਣਗੇ ਪੁਤਲੇ*- ਲਤਾਲਾ/ ਮੁੱਲਾਂਪੁਰ
ਐੱਸ.ਸੀ./ਬੀ. ਸੀ.ਅਧਿਆਪਕ ਯੂਨੀਅਨ ਪੰਜਾਬ ਦੀ ਬਲਾਕ ਪੱਧਰੀ ਅਹਿਮ ਮੀਟਿੰਗ ਜਥੇਬੰਦੀ ਦੇ ਜਿਲਾ ਪ੍ਰਧਾਨ ਲੈਕ : ਬਲਵਿੰਦਰ ਸਿੰਘ ਲਤਾਲਾ ਅਤੇ ਸਰਗਰਮ ਆਗੂ ਲੈਕ : ਹਰਭਿੰਦਰ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਵੱਲੋਂ 15 ਸਤੰਬਰ 2026 ਨੂੰ 1013 ਲੈਕਚਰਾਰ ਸਿੱਧੀ ਭਰਤੀ ਵਿੱਚ ਐੱਸ.ਸੀ. (25%)ਅਤੇ ਬੀ.ਸੀ. (12%) ਵਰਗ ਬਣਦਾ ਰਾਖਵਾਂ ਕੋਟਾ ਨਾ ਦੇਣ ਦੇ ਰੋਸ ਵਜੋਂ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ਼ ਫੇਸ 1 ਮੋਹਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਡਾਇਰੈਕਟਰ ਭਲਾਈ ਵਿਭਾਗ ਦੇ ਪੁਤਲੇ ਫੂਕ ਕੇ ਜੋਰਦਾਰ ਰੋਸ ਮੁਜਾ਼ਹਰਾ ਕੀਤਾ ਜਾਵੇਗਾ ਕਿਉਂ ਜੋ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਾਖਵਾਂਕਰਨ ਵਿਰੋਧੀ ਮਾਨਸਿਕਤਾ ਤਹਿਤ 1013 ਲੈਕਚਰਾਰ ਸਿੱਧੀ ਭਰਤੀ ਵਿੱਚ ਬਣਦਾ ਰਾਖਵਾਂ ਕੋਟਾ ਨਹੀਂ ਦਿੱਤਾ ਗਿਆ।ਇਸ ਮਸਲੇ ਦੇ ਸੁਖਾਵੇਂ ਹੱਲ ਲਈ ਸਟੇਟ ਕਮੇਟੀ ਵੱਲੋਂ ਪ੍ਰਿੰਸੀਪਲ ਸਕੱਤਰ ਭਲਾਈ ਵੀ ਕੇ ਮੀਣਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ। ਇਨਾਂ ਮੀਟਿੰਗਾਂ ਵਿੱਚ ਆਗੂਆਂ ਵੱਲੋਂ ਤੱਥਾਂ ਸਹਿਤ ਸਿੱਧ ਕੀਤਾ ਅਤੇ ਸਬੂਤ ਦੇ ਕੇ ਪੱਖ ਰੱਖਿਆ ਕਿ ਵੱਖ-ਵੱਖ ਵਿਸਿ਼ਆਂ ਵਿੱਚ ਆਪਣੀ ਮੈਰਿਟ ਦੇ ਅਧਾਰ ਤੇ ਭਰਤੀ ਹੋਏ ਐੱਸ ਸੀ, ਬੀ ਸੀ ਉਮੀਦਵਾਰਾਂ ਨੂੰ ਹੀ ਰੋਸਟਰ ਨੁਕਤਿਆਂ ਤੇ ਲਗਾਇਆ ਗਿਆ ਹੈ ਜੋ ਰਾਖਵਾਂਕਰਨ ਨੀਤੀ,ਆਰ.ਕੇ ਸੱਭਰਵਾਲ ਕੇਸ,ਭਲਾਈ ਵਿਭਾਗ ਦੀਆਂ 10/7/1995 ਦੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੈ।ਇਸ ਤੋਂ ਵੀ ਅੱਗੇ ਸੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਭਲਾਈ ਵਿਭਾਗ਼ ਦੇ ਡਾਇਰੈਕਟਰ ਤੇ ਸਪੈਸ਼ਲ ਸਕੱਤਰ ਦੀ ਮੀਟਿੰਗ ‘ਚ ਮੰਨਿਆ ਕਿ ਸਾਡੇ ਕੋਲ ਰਿਕਾਰਡ ਪੂਰਾ ਨਹੀਂ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਅਧੂਰੇ ਰਿਕਾਰਡ ਦੇ ਅਧਾਰ ਤੇ ਰਾਖਵਾਂ ਕੋਟਾ ਜ਼ੀਰੋ ਕਿਵੇਂ ਦਿਖਾ ਦਿੱਤਾ ਗਿਆ? ਭਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਰਾਖਵਾਂਕਰਨ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ, ਰੋਸਟਰ ਰਜਿਸਟਰ ਸਹੀ ਬਣਾਉਣ ਤੇ ਨਿਯਮਾਂ ਅਨੁਸਾਰ ਜਾਂਚ ਕਰਕੇ ਨਿਰੀਖਣ ਰਿਪੋਰਟ ਤਿਆਰ ਕਰਨ ਲਈ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ।ਜਿਸ ਦੇ ਰੋਸ ਵਜੋਂ 1ਸਤੰਬਰ2026 ਨੂੰ ਜਿਲਾ ਪੱਧਰ ਤੇ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ , ਸਿੱਖਿਆ ਮੰਤਰੀ ਹਰਜੋਤ ਬੈਂਸ, ਭਲਾਈ ਸਕੱਤਰ ਵੀ ਕੇ ਮੀਣਾ, ਅਤੇ ਸਿੱਖਿਆ ਸਕੱਤਰ ਸ੍ਰੀ ਮਤੀ ਸੋਨਾਲੀ ਗਿਰੀ ਦੇ ਪੁਤਲੇ ਫੂਕੇ ਗਏ।ਪਰ ਪੰਜਾਬ ਸਰਕਾਰ,ਭਲਾਈ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਇਸ ਲਈ ਸੰਘਰਸ਼ ਨੂੰ ਅੱਗੇ ਤੋਰਦਿਆਂ ਹੁਣ ਮਿਤੀ 15/9/2026 ਨੂੰ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਦੇ ਦਫ਼ਤਰ ਫੇਜ-1 ਮੋਹਾਲੀ ਦਾ ਘਿਰਾਓ ਕਰਕੇ ਭਲਾਈ ਮੰਤਰੀ ਡਾ਼ ਬਲਜੀਤ ਕੌਰ ਅਤੇ ਡਾਇਰੈਕਟਰ ਭਲਾਈ ਵਿਭਾਗ ਸ੍ਰੀਮਤੀ ਵਿੰਮੀ ਭੁੱਲਰ ਦੇ ਪੁਤਲੇ ਫੂਕ ਕੇ ਰੋਸ ਮੁਜਾਹਰਾ ਕਰਨ ਦਾ ਫੈਸਲਾ ਕੀਤਾ।ਆਗੂਆਂ ਨੇ ਮੰਗ ਕੀਤੀ ਕਿ 1013 ਲੈਕਚਰਾਰ ਭਰਤੀ ਵਿੱਚ ਬਣਦਾ ਰਾਖਵਾਂ ਕੋਟਾ ਦੇਣ ਬਾਰੇ ਤੁਰੰਤ ਸੋਧ ਪੱਤਰ ਜਾਰੀ ਕੀਤਾ ਜਾਵੇ ਤਾਂ ਜੋ ਐੱਸ.ਸੀ., ਬੀ.ਸੀ. ਵਰਗ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਵੇਗਾ।ਇਸ ਮੀਟਿੰਗ ਵਿੱਚ ਲੈਂਕ: ਭੁਪਿੰਦਰ ਸਿੰਘ ਚੰਗਣਾ,ਲੈਕਚਰਾਰ ਮਨੋਹਰ ਸਿੰਘ ਦਾਖਾ,ਲੈਕਚਰਾਰ ਗੁਰਪ੍ਰੀਤ ਸਿੰਘ,ਲੈਕਚਰਾਰ ਰਣਜੀਤ ਸਿੰਘ ਹਠੂਰ,ਲੈਕਚਰਾਰ ਅਮਰਜੀਤ ਸਿੰਘ ਚੀਮਾ,ਮਾਸਟਰ ਪ੍ਰੀਤਮ ਸਿੰਘ,ਮਾਸਟਰ ਇੰਦਰਜੀਤ ਸਿੰਘ,ਮਾਸਟਰ ਹਰਜੀਤ ਸਿੰਘ ਸਲੇਮਪੁਰ,ਮਾਸਟਰ ਦਵਿੰਦਰ ਸਿੰਘ ,ਗੁਰਦੀਪ ਸਿੰਘ,ਮਾਸਟਰ ਜਗਜੀਤ ਸਿੰਘ ਤੇ ਹੋਰ ਅਧਿਆਪਕ ਸਾਥੀ ਸ਼ਾਮਿਲ ਹੋਏ ਸ਼ਾਮਿਲ ਹੋਏ l







