ਨਸ਼ਾ ਮੁਕਤ ਪੰਜਾਬ ਯਾਤਰਾ ਦਾ ਵਿਰੋਧ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇ ਰਹੇ ਹਨ: ਪ੍ਰੋ. ਐਸ.ਪੀ. ਸਿੰਘ ਬਘੇਲ

0
8
 ਨਸ਼ਾ ਮੁਕਤ ਪੰਜਾਬ ਯਾਤਰਾ ਦਾ ਵਿਰੋਧ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇ ਰਹੇ ਹਨ: ਪ੍ਰੋ. ਐਸ.ਪੀ. ਸਿੰਘ ਬਘੇਲ

ਨਸ਼ਾ ਮੁਕਤ ਪੰਜਾਬ ਯਾਤਰਾ ਦਾ ਵਿਰੋਧ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇ ਰਹੇ ਹਨ: ਪ੍ਰੋ. ਐਸ.ਪੀ. ਸਿੰਘ ਬਘੇਲ
‘ਆਪ’ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਪੂਰਾ ਨਹੀਂ ਕੀਤਾ; ਪੰਜਾਬ ਮੁੜ ਉਹੀ ਗਲਤੀ ਨਾ ਦੁਹਰਾਏ
ਨਸ਼ੇ ਨੇ ਪੰਜਾਬ ਦੇ ਘਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ, ਹੁਣ ਹਰ ਪੰਜਾਬੀ ਨੂੰ ਨਸ਼ਾ ਮੁਕਾਉਣ ਦੀ ਜ਼ਿੰਮੇਵਾਰੀ ਲੈਣੀ ਪਵੇਗੀ: ਜਗਬੀਰ ਸਿੰਘ ਬਰਾੜ
ਜੰਡਿਆਲਾ ਮੰਜਕੀ, 29 ਸਤੰਬਰ: ਕੇਂਦਰੀ ਰਾਜ ਮੰਤਰੀ ਪ੍ਰੋ. ਐਸ.ਪੀ. ਸਿੰਘ ਬਘੇਲ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਚੱਲ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਜੰਡਿਆਲਾ ਮੰਜਕੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਸ਼ਾ ਮੁਕਤ ਤੇ ਵਿਕਾਸਯੁਕਤ ਪੰਜਾਬ ਦੇ ਸੰਕਲਪ ਨੂੰ ਲੈ ਕੇ ਭਾਜਪਾ ਪੰਜਾਬ ਦੇ ਲੋਕਾਂ ਵਿਚਕਾਰ ਪਹੁੰਚੀ ਹੈ। ਯਾਤਰਾ ਦਾ ਮਕਸਦ ਨਸ਼ੇ ਨਾਲ ਹੋ ਰਹੀਆਂ ਮੌਤਾਂ, ਉੱਜੜਦੇ ਪਰਿਵਾਰਾਂ, ਵਿਕ ਰਹੀਆਂ ਜ਼ਮੀਨਾਂ ਅਤੇ ਨੌਜਵਾਨੀ ਦੀ ਬਰਬਾਦੀ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਪ੍ਰੋ. ਬਘੇਲ ਨੇ ਕਿਹਾ ਕਿ ਜਿਹੜੇ ਲੋਕ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਦਾ ਵਿਰੋਧ ਕਰ ਰਹੇ ਹਨ, ਉਹ ਨਸ਼ਾ ਤਸਕਰਾਂ ਦੇ ਹੱਕ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਨਸ਼ਾ ਇੱਕ ਵਿਅਕਤੀ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨਸ਼ੇ ਕਾਰਨ ਮਾਵਾਂ ਆਪਣੇ ਪੁੱਤਰ ਗੁਆ ਰਹੀਆਂ ਹਨ ਅਤੇ ਪਰਿਵਾਰ ਆਪਣੀ ਜਾਇਦਾਦ ਤੱਕ ਵੇਚਣ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਮਨੁੱਖ ਤੋਂ ਉਸ ਦੀ ਮਿਹਨਤ, ਪਰਿਵਾਰ, ਜ਼ਮੀਨ ਅਤੇ ਭਵਿੱਖ ਖੋਹ ਲੈਂਦਾ ਹੈ। ਇਸ ਲਈ ਨਸ਼ਾ ਮੁਕਤੀ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ।
‘ਆਪ’ ਸਰਕਾਰ ’ਤੇ ਸਵਾਲ ਚੁੱਕਦਿਆਂ ਪ੍ਰੋ. ਬਘੇਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸਾਢੇ ਚਾਰ ਸਾਲ ਬਾਅਦ ਵੀ ਪੰਜਾਬ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਚੋਣ ਵਾਅਦਿਆਂ ਅਤੇ ਕੰਮ ਦਾ ਲੋਕਾਂ ਸਾਹਮਣੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪਿਛਲੀਆਂ ਗਲਤੀਆਂ ਤੋਂ ਸਬਕ ਲੈ ਕੇ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇਣ।
ਪੰਜਾਬ ਦੀ ਵਿਰਾਸਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਗੁਰੂਆਂ, ਪੀਰਾਂ-ਪੈਗੰਬਰਾਂ, ਕਿਸਾਨਾਂ, ਜਵਾਨਾਂ, ਖਿਡਾਰੀਆਂ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਧਰਤੀ ਹੈ। ਪੰਜਾਬ ਨੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਅਤੇ ਖੇਡਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਅਜਿਹੇ ਪੰਜਾਬ ਦੀ ਨੌਜਵਾਨੀ ਦੇ ਹੱਥ ਵਿੱਚ ਕਿਤਾਬ, ਕਿਰਸਾਨੀ ਦਾ ਸੰਦ ਜਾਂ ਖੇਡਾਂ ਦਾ ਸਾਮਾਨ ਹੋਣ ਦੀ ਥਾਂ ਨਸ਼ਾ ਪਹੁੰਚਣਾ ਗੰਭੀਰ ਸਮਾਜਿਕ ਸੰਕਟ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਉੱਡਦਾ ਪੰਜਾਬ’ ਨਹੀਂ, ‘ਉੱਭਰਦਾ ਪੰਜਾਬ’ ਬਣਾਉਣਾ ਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਮਕਸਦ ਹੈ।
ਨਸ਼ਾ ਕਰਨ ਵਾਲਾ ਬਿਮਾਰ, ਨਸ਼ਾ ਵੇਚਣ ਵਾਲਾ ਅਪਰਾਧੀ; ਤਸਕਰਾਂ ਤੱਕ ਪਹੁੰਚੇ ਸਰਕਾਰ: ਅਵਿਨਾਸ਼ ਰਾਏ ਖੰਨਾ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਬਿਮਾਰੀ ਨਾਲ ਜੂਝ ਰਿਹਾ ਹੈ, ਜਦਕਿ ਨਸ਼ਾ ਵੇਚਣ ਵਾਲਾ ਅਪਰਾਧੀ ਹੈ। ਸਰਕਾਰ ਨੂੰ ਨਸ਼ੇ ਦੇ ਮਰੀਜ਼ਾਂ ਦੇ ਇਲਾਜ ਅਤੇ ਪੁਨਰਵਾਸ ਦੇ ਨਾਲ-ਨਾਲ ਨਸ਼ਾ ਤਸਕਰੀ ਦੇ ਪੂਰੇ ਤੰਤਰ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨਾਂ ਨੂੰ ਹੀ ਫੜ ਕੇ ਜੇਲ੍ਹਾਂ ਵਿੱਚ ਸੁੱਟਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਲੋੜ ਨੌਜਵਾਨਾਂ ਨੂੰ ਬਚਾਉਣ ਅਤੇ ਨਸ਼ਾ ਸਪਲਾਈ ਕਰਨ ਵਾਲੇ ਤੰਤਰ ਦੀਆਂ ‘ਵੱਡੀਆਂ ਮੱਛੀਆਂ’ ਤੱਕ ਪਹੁੰਚਣ ਦੀ ਹੈ।
ਖੰਨਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਖੇਤਾਂ ਵਿੱਚ ਅਨਾਜ ਪੈਦਾ ਕਰਨ, ਖੇਡ ਮੈਦਾਨਾਂ ਵਿੱਚ ਤਮਗੇ ਜਿੱਤਣ ਅਤੇ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਨੌਜਵਾਨੀ ਨੂੰ ਮੁੜ ਉਸੇ ਦਿਸ਼ਾ ਵਿੱਚ ਲਿਆਉਣਾ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਲੋਕ-ਲਾਜ ਕਾਰਨ ਨਸ਼ੇ ਦੀ ਸਮੱਸਿਆ ਨੂੰ ਲੁਕਾਉਣ ਦੀ ਥਾਂ ਸਮੇਂ ਸਿਰ ਪ੍ਰਸ਼ਾਸਨ ਅਤੇ ਇਲਾਜ ਦੀਆਂ ਸਹੂਲਤਾਂ ਤੱਕ ਪਹੁੰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਮੁਕਾਉਣ ਲਈ ਪਰਿਵਾਰ, ਸਮਾਜ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
“ਨਸ਼ਾ ਮੁਕਾਉਣਾ ਸਾਰਾ—ਇਹ ਭਾਜਪਾ ਦਾ ਸੰਕਲਪ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।”
ਨਸ਼ਾ ਕਿਸੇ ਇੱਕ ਘਰ ਦੀ ਸਮੱਸਿਆ ਨਹੀਂ; ਗੁਆਂਢ ਦੇ ਘਰ ਨੂੰ ਲੱਗੀ ਅੱਗ ਵੀ ਸਾਡੇ ਘਰ ਤੱਕ ਪਹੁੰਚੇਗੀ: ਜਗਬੀਰ ਸਿੰਘ ਬਰਾੜ
ਭਾਜਪਾ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਨਸ਼ੇ ਨੇ ਪੰਜਾਬ ਦੇ ਅਣਗਿਣਤ ਪਰਿਵਾਰਾਂ ਨੂੰ ਤੋੜ ਦਿੱਤਾ ਹੈ ਅਤੇ ਮਾਵਾਂ ਦੇ ਹੰਝੂ ਇਸ ਸੰਕਟ ਦੀ ਗੰਭੀਰਤਾ ਬਿਆਨ ਕਰਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਦੇ ਘਰ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਨਾ ਸਮਝਣਾ ਵੱਡੀ ਗਲਤੀ ਹੈ।
ਉਨ੍ਹਾਂ ਕਿਹਾ ਕਿ ਜੇ ਗੁਆਂਢ ਦੇ ਘਰ ਦਾ ਬੱਚਾ ਨਸ਼ੇ ਦੀ ਲਪੇਟ ਵਿੱਚ ਹੈ ਤਾਂ ਉਸ ਨੂੰ ਬਚਾਉਣ ਲਈ ਵੀ ਸਮਾਜ ਨੂੰ ਅੱਗੇ ਆਉਣਾ ਪਵੇਗਾ। ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਅਤੇ ਨੌਜਵਾਨਾਂ ਦੀ ਰੱਖਿਆ ਲਈ ਲੋਕਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਨਾਲ ਮਿਲ ਕੇ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਬਰਾੜ ਨੇ ਕਿਹਾ ਕਿ “ਨਸ਼ਾ ਮੁਕਾਉਣ ਦੀ ਜ਼ਿੰਮੇਵਾਰੀ ਮੈਂ ਲੈਂਦਾ ਹਾਂ”—ਇਹ ਸੰਕਲਪ ਪੰਜਾਬ ਦੇ ਹਰ ਘਰ ਤੋਂ ਉੱਠਣਾ ਚਾਹੀਦਾ ਹੈ।
ਨਸ਼ਾ ਸਿਰਫ਼ ਨੌਜਵਾਨ ਨਹੀਂ, ਪੂਰੇ ਪਰਿਵਾਰ ਨੂੰ ਆਰਥਿਕ ਤੇ ਸਮਾਜਿਕ ਤੌਰ ’ਤੇ ਤੋੜ ਰਿਹਾ ਹੈ: ਸੁਸ਼ੀਲ ਕੁਮਾਰ ਰਿੰਕੂ
ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਨਸ਼ਾ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਪੂਰੇ ਪਰਿਵਾਰ ਨੂੰ ਆਰਥਿਕ ਅਤੇ ਸਮਾਜਿਕ ਸੰਕਟ ਵਿੱਚ ਧੱਕ ਦਿੰਦਾ ਹੈ। ਨਸ਼ਾ ਛੁਡਾਉਣ ਲਈ ਪਰਿਵਾਰਾਂ ਨੂੰ ਇਲਾਜ ਅਤੇ ਪੁਨਰਵਾਸ ’ਤੇ ਵੱਡਾ ਖਰਚਾ ਕਰਨਾ ਪੈਂਦਾ ਹੈ।
ਰਿੰਕੂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦਾ ਨਾਅਰਾ ਦੇਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਆਪਣੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰ ਲੋਕਾਂ ਨੂੰ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ। ਸਰਕਾਰੀ ਨਸ਼ਾ-ਮੁਕਤੀ ਕੇਂਦਰਾਂ ਅਤੇ ਇਲਾਜ ਨਾਲ ਸਬੰਧਤ ਅਪਡੇਟ ਅੰਕੜੇ ਵੀ ਜਨਤਾ ਸਾਹਮਣੇ ਰੱਖੇ ਜਾਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਾਅਰਿਆਂ ਦੀ ਬਜਾਏ ਪ੍ਰਭਾਵਸ਼ਾਲੀ ਕਾਰਵਾਈ ਅਤੇ ਨਸ਼ਾ ਤਸਕਰੀ ਦੇ ਪੂਰੇ ਤੰਤਰ ਨੂੰ ਤੋੜਨ ਵਾਲੀ ਨੀਤੀ ਦੀ ਲੋੜ ਹੈ।
‘ਨਸ਼ਾ ਮੁਕਾਉਣਾ ਸਾਰਾ’ ਭਾਜਪਾ ਦਾ ਸੰਕਲਪ: ਸਰਬਜੀਤ ਸਿੰਘ ਮੱਕੜ
ਭਾਜਪਾ ਆਗੂ ਸਰਦਾਰ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 2029 ਤੱਕ ਨਸ਼ੇ ਵਿਰੁੱਧ ਲੜਾਈ ਨੂੰ ਨਿਰਣਾਇਕ ਪੜਾਅ ਤੱਕ ਲਿਜਾਣ ਦਾ ਸੰਕਲਪ ਲਿਆ ਹੈ। ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਨਸ਼ਾ ਮੁਕਾਉਣਾ ਸਾਰਾ’ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣਾ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨਾ ਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਉਦੇਸ਼ ਹੈ।

LEAVE A REPLY

Please enter your comment!
Please enter your name here