ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਬਟਾਲਾ ਰੋਡ ਸਥਿਤ ਰਾਮ ਮੰਦਿਰ, ਸ਼ਿਵਾਲਾ ਬਾਗ ਭਾਈਆਂ, ਅੰਮ੍ਰਿਤਸਰ ਵਿਖੇ ਵਿਸ਼ੇਸ਼ ਆਧਿਆਤਮਿਕ ਸਤਸੰਗ ਦਾ ਆਯੋਜਨ ਕੀਤਾ ਗਿਆ। ਇਸ ਪਾਵਨ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਪ੍ਰਭੂ ਭਗਤੀ ਅਤੇ ਅਧਿਆਤਮਿਕ ਵਿਚਾਰਾਂ ਰਾਹੀਂ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇਣ ਦੀ ਪ੍ਰੇਰਣਾ ਪ੍ਰਾਪਤ ਕੀਤੀ।ਸਤਸੰਗ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਰਜਨੀ ਭਾਰਤੀ ਜੀ ਨੇ ਆਪਣੇ ਵਿਚਾਰਾਂ ਰਾਹੀਂ ਮਨੁੱਖੀ ਜੀਵਨ ਦੇ ਅਸਲ ਉਦੇਸ਼ ਅਤੇ ਆਤਮਿਕ ਜਾਗ੍ਰਿਤੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਸਮਝਾਇਆ ਕਿ ਮਨੁੱਖ ਅਕਸਰ ਸੰਸਾਰਿਕ ਪ੍ਰਾਪਤੀਆਂ, ਸੁਖ-ਸਹੂਲਤਾਂ ਅਤੇ ਬਾਹਰੀ ਸਾਧਨਾਂ ਵਿੱਚ ਖੁਸ਼ੀ ਦੀ ਭਾਲ ਕਰਦਾ ਹੈ, ਪਰ ਇਹ ਸਭ ਕੁਝ ਮਨ ਨੂੰ ਸਦੀਵੀ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਨਹੀਂ। ਜੀਵਨ ਦੀ ਅਸਲ ਪੂਰਣਤਾ ਤਾਂ ਉਦੋਂ ਆਉਂਦੀ ਹੈ ਜਦੋਂ ਮਨੁੱਖ ਆਪਣੇ ਅੰਦਰ ਵੱਸਦੀ ਦਿਵਯ ਚੇਤਨਾ ਨਾਲ ਜੁੜ ਕੇ ਪਰਮਾਤਮਾ ਦੀ ਅਸਲ ਹੋਂਦ ਦਾ ਅਨੁਭਵ ਕਰਦਾ ਹੈ। ਉਨ੍ਹਾਂ ਕਿਹਾ ਕਿ ਬ੍ਰਹਮਗਿਆਨ ਮਨੁੱਖ ਦੇ ਜੀਵਨ ਵਿੱਚ ਨਵੀਂ ਦ੍ਰਿਸ਼ਟੀ ਦਾ ਸੰਚਾਰ ਕਰਦਾ ਹੈ। ਇਹ ਮਨੁੱਖ ਨੂੰ ਹਾਲਾਤਾਂ ਦੇ ਪ੍ਰਭਾਵ ਹੇਠ ਵਿਚਲਿਤ ਹੋਣ ਦੀ ਬਜਾਏ ਹਰ ਸਥਿਤੀ ਵਿੱਚ ਧੀਰਜ, ਸੰਜਮ ਅਤੇ ਸਕਾਰਾਤਮਕਤਾ ਬਣਾਈ ਰੱਖਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਜਦੋਂ ਮਨੁੱਖ ਦਾ ਅੰਦਰੂਨੀ ਪੱਖ ਮਜ਼ਬੂਤ ਹੁੰਦਾ ਹੈ, ਤਾਂ ਉਸ ਦੀ ਸੋਚ, ਫ਼ੈਸਲਿਆਂ ਅਤੇ ਜੀਵਨ ਜਿਊਣ ਦੇ ਢੰਗ ਵਿੱਚ ਵੀ ਸੁਖਦ ਬਦਲਾਅ ਆਉਂਦਾ ਹੈ।ਸਾਧਵੀ ਜੀ ਨੇ ਅੱਗੇ ਕਿਹਾ ਕਿ ਅਧਿਆਤਮਿਕਤਾ ਦਾ ਮਾਰਗ ਕੇਵਲ ਧਾਰਮਿਕ ਵਿਚਾਰਾਂ ਨੂੰ ਸੁਣਨ ਜਾਂ ਰਸਮਾਂ ਨਿਭਾਉਣ ਤੱਕ ਸੀਮਿਤ ਨਹੀਂ, ਸਗੋਂ ਇਹ ਆਪਣੇ ਅੰਦਰ ਦਿਵਯ ਗੁਣਾਂ ਨੂੰ ਜਗਾਉਣ ਦੀ ਪ੍ਰਕਿਰਿਆ ਹੈ। ਪ੍ਰੇਮ, ਕਰੁਣਾ, ਨਿਮਰਤਾ, ਸਹਿਣਸ਼ੀਲਤਾ ਅਤੇ ਨਿਸ਼ਕਾਮ ਸੇਵਾ ਵਰਗੇ ਗੁਣਾਂ ਨੂੰ ਜੀਵਨ ਵਿੱਚ ਅਪਣਾ ਕੇ ਹੀ ਮਨੁੱਖ ਆਪਣੀ ਸ਼ਖ਼ਸੀਅਤ ਨੂੰ ਉੱਚਾ ਚੁੱਕ ਸਕਦਾ ਹੈ। ਅਜਿਹੇ ਗੁਣਾਂ ਨਾਲ ਭਰਪੂਰ ਜੀਵਨ ਨਾ ਸਿਰਫ਼ ਵਿਅਕਤੀ ਦੇ ਆਪਣੇ ਜੀਵਨ ਨੂੰ ਸੁਖਮਈ ਬਣਾਉਂਦਾ ਹੈ, ਬਲਕਿ ਸਮਾਜ ਵਿੱਚ ਵੀ ਏਕਤਾ, ਸਦਭਾਵਨਾ ਅਤੇ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਸਤਸੰਗ ਦਾ ਸੰਦੇਸ਼ ਇਹੀ ਸੀ ਕਿ ਜਦੋਂ ਮਨੁੱਖ ਆਪਣੇ ਜੀਵਨ ਵਿੱਚ ਆਤਮਿਕ ਗਿਆਨ ਨੂੰ ਮਹੱਤਵ ਦਿੰਦਾ ਹੈ, ਤਾਂ ਉਸ ਦੇ ਅੰਦਰੋਂ ਸਦਭਾਵਨਾ ਅਤੇ ਸੇਵਾ ਦੀ ਭਾਵਨਾ ਸੁਭਾਵਿਕ ਰੂਪ ਵਿੱਚ ਪ੍ਰਗਟ ਹੋਣ ਲੱਗਦੀ ਹੈ।
Boota Singh Basi
President & Chief Editor






