ਅੰਮ੍ਰਿਤਸਰ, 18 ਅਕਤੂਬਰ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਅਕਤੂਬਰ ਦੇ ਪ੍ਰਸਤਾਵਿਤ ਪੰਜਾਬ ਦੌਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਡੂੰਘੀ ਬੁਖਲਾਹਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਜਾਰੀ ਹੈ, ਨਸ਼ਾ ਵਿਰੋਧੀ ਆਵਾਜ਼ਾਂ ਉਠਾਉਣ ਵਾਲਿਆਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਤਸਕਰਾਂ ਦੇ ਹੌਸਲੇ ਬੁਲੰਦ ਹਨ, ਪਰ ‘ਆਪ’ ਸਰਕਾਰ ਆਪਣੀ ਜਵਾਬਦੇਹੀ ਨਿਭਾਉਣ ਦੀ ਬਜਾਏ ਕੇਂਦਰੀ ਗ੍ਰਹਿ ਮੰਤਰੀ ਤੋਂ ਹਿਸਾਬ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਅਤੇ ਨਸ਼ਾ ਤਸਕਰੀ ’ਤੇ ਕਾਬੂ ਪਾਉਣ ਦੀ ਮੁੱਢਲੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੰਜਾਬ ਵਿੱਚ ਨਸ਼ਿਆਂ ਬਾਰੇ ਜਵਾਬਦੇਹੀ ਸੂਬਾ ਸਰਕਾਰ ਦੀ ਹੈ, ਤਾਂ ਅਮਿਤ ਸ਼ਾਹ ਤੋਂ ਹਿਸਾਬ ਮੰਗਣ ਵਾਲੇ ਭਗਵੰਤ ਮਾਨ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਜਵਾਬ ਕਿਉਂ ਨਹੀਂ ਦਿੰਦੇ? ਇਹ ਤਾਂ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਗੱਲ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਮੜੀ ਪੰਨਵਾਂ ਵਿੱਚ ਬਿਕਰਮਜੀਤ ਸਿੰਘ ਦੀਆਂ ਮੌਤਾਂ ਨੇ ਨਸ਼ਾ ਵਿਰੋਧੀ ਕਾਰਕੁਨਾਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਬਾਰੇ ਸਵਾਲ ਉਠਾਉਣ ਵਾਲੇ ਮੋਹਨਜੀਤ ਸਿੰਘ ਸੇਰੋਂ ਨਾਲ ਪੁਲਿਸ ਤਸ਼ੱਦਦ ਅਤੇ ਆਪਣੇ ਪੁੱਤਰ ਦੇ ਨਸ਼ਿਆਂ ਵਿੱਚ ਫਸਣ ਬਾਰੇ ਸਵਾਲ ਕਰਨ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ’ਤੇ ਵੀ ਸਰਕਾਰ ਜਵਾਬ ਦੇਵੇ। ਕੀ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ ਜਾਂ ਨਸ਼ਾ ਤਸਕਰਾਂ ਦਾ ਡਰ? ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਕੌਣ ਯਕੀਨੀ ਬਣਾਏਗਾ? ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਦਿੱਤੀ ਗਈ ਗਾਰੰਟੀ ਦੇ ਬਾਵਜੂਦ ਸਪਲਾਈ ਚੇਨ ਅਤੇ ਵੰਡ ਨੈੱਟਵਰਕ ਕਿਉਂ ਨਹੀਂ ਟੁੱਟਿਆ? ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਗਾਰੰਟੀ ਪੂਰੀ ਨਾ ਹੋਣ ਦੀ ਗੱਲ ਕਹੇ ਜਾਣ ਮਗਰੋਂ ਸਰਕਾਰ ਕੋਲ ਕੀ ਜਵਾਬ ਹੈ? ਨਸ਼ਿਆਂ ਦੀ ਮੰਗ ਘਟਾਉਣ ਅਤੇ ਨਸ਼ਾ-ਪੀੜਤਾਂ ਦੇ ਮੁੜ-ਵਸੇਬੇ ਲਈ ਕੀ ਠੋਸ ਨਤੀਜੇ ਸਾਹਮਣੇ ਆਏ ਹਨ? ਉਨ੍ਹਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ 90 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਦੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ਦੀ ਉਪਲਬਧਤਾ ਕਿਉਂ ਨਹੀਂ ਘਟੀ? ਸਰਕਾਰ ਦੱਸੇ ਕਿ ਵੱਡੇ ਤਸਕਰਾਂ ਦੇ ਨੈੱਟਵਰਕ ਕਿੰਨੇ ਤੋੜੇ ਗਏ ਅਤੇ ਨਸ਼ਿਆਂ ਦੀ ਸਪਲਾਈ ਵਿੱਚ ਕਿੰਨੀ ਕਮੀ ਆਈ। ਭਾਜਪਾ-ਸ਼ਾਸਿਤ ਸੂਬਿਆਂ ਵਿੱਚ ਨਸ਼ਾ ਫੜੇ ਜਾਣ ’ਤੇ ਸਿਆਸਤ ਕਰਨ ਵਾਲੀ ‘ਆਪ’ ਪੰਜਾਬ ਵਿੱਚ ਨਸ਼ਾ ਫੜੇ ਜਾਣ ਨੂੰ ਆਪਣੀ ਕਾਮਯਾਬੀ ਕਿਵੇਂ ਦੱਸ ਸਕਦੀ ਹੈ? ਗ੍ਰਿਫ਼ਤਾਰੀਆਂ ਦੀ ਗਿਣਤੀ ਨਸ਼ਾ ਮੁਕਤੀ ਦਾ ਸਬੂਤ ਨਹੀਂ। ਐਨਡੀਪੀਐਸ ਕਾਨੂੰਨ ਦੀਆਂ ਖਾਮੀਆਂ ਦਾ ਹਵਾਲਾ ਦੇਣ ’ਤੇ ਸਵਾਲ ਉਠਾਉਂਦਿਆਂ ਪ੍ਰੋ. ਖਿਆਲਾ ਨੇ ਕਿਹਾ ਕਿ ਜੇ ਨਸ਼ਾ ਤਸਕਰ ਜ਼ਮਾਨਤ ਹਾਸਲ ਕਰ ਰਹੇ ਹਨ ਜਾਂ ਅਦਾਲਤਾਂ ਵਿੱਚ ਬਰੀ ਹੋ ਰਹੇ ਹਨ, ਤਾਂ ਪੁਲਿਸ ਦੀ ਜਾਂਚ, ਸਬੂਤ ਇਕੱਠੇ ਕਰਨ ਅਤੇ ਕੇਸ ਸਾਬਤ ਕਰਨ ਦੀ ਜ਼ਿੰਮੇਵਾਰੀ ਕੌਣ ਲਵੇਗਾ? ਸਰਕਾਰ ਕਾਨੂੰਨ ਦੀਆਂ ਖਾਮੀਆਂ ਦਾ ਹਵਾਲਾ ਦੇਣ ਦੀ ਬਜਾਏ ਉਸ ਦੀ ਪ੍ਰਭਾਵਸ਼ਾਲੀ ਪਾਲਣਾ ਅਤੇ ਜਾਂਚ ਦੀ ਗੁਣਵੱਤਾ ਯਕੀਨੀ ਬਣਾਉਣ ਵਲ ਧਿਆਨ ਕਿਉਂ ਨਹੀਂ ਦੇ ਰਹੀ ਜਿਸ ਕਰਕੇ ਮਾਨਯੋਗ ਹਾਈ ਕੋਰਟ ਕਈ ਵਾਰ ਫਟਕਾਰ ਦੇ ਚੁੱਕੀ ਹੈ। ਉਨ੍ਹਾਂ ਗੈਂਗਸਟਰਾਂ ਨਾਲ ਕਥਿਤ ਸਿਆਸੀ ਸਬੰਧਾਂ ਅਤੇ ਜੇਲ੍ਹਾਂ ਵਿੱਚੋਂ ਚੱਲਦੇ ਨੈੱਟਵਰਕਾਂ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਅਤੇ ਜੀਰਾ ਹਲਕੇ ਦਾ ਇੰਚਾਰਜ ਬਣਾਉਣ ਸਬੰਧੀ ਉੱਠੇ ਸਵਾਲਾਂ ਦਾ ਸਰਕਾਰ ਜਵਾਬ ਦੇਵੇ। ਕੇਜਰੀਵਾਲ ਤੇ ਮਨੀਸ਼ ਸ਼ਿਸੋਦੀਆ ਵੱਲੋਂ ਸਾਬਰਮਤੀ ਜੇਲ੍ਹ ਦਾ ਹਵਾਲੇ ਦੇਣ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਆਂ ਨਾਲ ਜੁੜੇ ਪੰਜਾਬ ਪੁਲਿਸ ਅਤੇ ਜੇਲ੍ਹ ਪ੍ਰਬੰਧ ਦੇ ਵਿਵਾਦ ਵਿੱਚ ਜਵਾਬਦੇਹੀ ਕਿਉਂ ਨਹੀਂ ਤੈਅ ਹੋਈ? ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਦੇ ਪਿੱਛੇ ਮੌਜੂਦ ਨੈੱਟਵਰਕਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਕਥਿਤ ਸਿਆਸੀ ਜਾਂ ਪ੍ਰਸ਼ਾਸਕੀ ਸਰਪ੍ਰਸਤੀ ਦੀ ਜਾਂਚ ਕਦੋਂ ਹੋਵੇਗੀ?
ਪ੍ਰੋ. ਖਿਆਲਾ ਨੇ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਦੀ ਨਸ਼ਾ ਮੁਕਤੀ ਦੀ ਲੜਾਈ ਸਿਰਫ਼ ਨਸ਼ਿਆਂ ਵਿਰੁੱਧ ਨਹੀਂ, ਸਗੋਂ ਡਰੱਗ ਮਨੀ ਦੇ ਪੂਰੇ ਨੈੱਟਵਰਕ ਵਿਰੁੱਧ ਵੀ ਹੈ। ਅਮਿਤ ਸ਼ਾਹ ਵੱਲੋਂ 31 ਦਸੰਬਰ 2029 ਤੱਕ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨਸ਼ਿਆਂ ਦੀ ਕਮਾਈ ਸੰਗਠਿਤ ਅਪਰਾਧ ਅਤੇ ਅੱਤਵਾਦੀ ਫੰਡਿੰਗ ਦਾ ਸਾਧਨ ਬਣਦੀ ਹੈ ਅਤੇ ਅਰਾਜਕਤਾ ਫੈਲਾਉਣ ਤੇ ਜਾਸੂਸੀ ਵਰਗੀਆਂ ਗਤੀਵਿਧੀਆਂ ਨਾਲ ਵੀ ਜੁੜ ਰਹੀ ਹੈ। ਉਨ੍ਹਾਂ ਪੁੱਛਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਕਮਾਈ, ਮਨੀ ਲਾਂਡਰਿੰਗ ਅਤੇ ਤਸਕਰੀ ਦੇ ਵਿੱਤੀ ਨੈੱਟਵਰਕ ਨੂੰ ਤੋੜਨ ਲਈ ਕੀ ਨਤੀਜਾ-ਮੁਖੀ ਕਾਰਵਾਈ ਕਰ ਰਹੀ ਹੈ? ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤੀ ਦੇ ਨਾਅਰਿਆਂ ਅਤੇ ਇਸ਼ਤਿਹਾਰਾਂ ਦੀ ਨਹੀਂ, ਸਗੋਂ ਸਪਲਾਈ ਚੇਨ ਤੋੜਨ, ਵੱਡੇ ਤਸਕਰਾਂ ਨੂੰ ਸਜ਼ਾ ਦਿਵਾਉਣ ਅਤੇ ਨਸ਼ਾ ਵਿਰੋਧੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਅਮਿਤ ਸ਼ਾਹ ਤੋਂ ਸਵਾਲ ਪੁੱਛਣ ਤੋਂ ਪਹਿਲਾਂ ਭਗਵੰਤ ਮਾਨ ਅਤੇ ‘ਆਪ’ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਪੰਜਾਬ ਨੰ ਦੇਣ।







