‘ਆਪ’ ਤੋਂ ਸਵਾਲ ਪੁਛਣ ਤੋਂ ਪਹਿਲਾਂ ਸਿਸਵਾਂ ਫਾਰਮ ਬੈਠੇ ਆਪਣੇ ਪਿਤਾ ਤੋਂ ਸਵਾਲ ਪੁੱਛਣ ਜੈ ਇੰਦਰ ਕੌਰ:ਕੁਲਦੀਪ ਧਾਲੀਵਾਲ

0
41

‘ਆਪ’ ਤੋਂ ਸਵਾਲ ਪੁਛਣ ਤੋਂ ਪਹਿਲਾਂ ਸਿਸਵਾਂ ਫਾਰਮ ਬੈਠੇ ਆਪਣੇ ਪਿਤਾ ਤੋਂ ਸਵਾਲ ਪੁੱਛਣ ਜੈ ਇੰਦਰ ਕੌਰ:ਕੁਲਦੀਪ ਧਾਲੀਵਾਲ

ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ‘ਤੇ ਝੂਠੀ ਸਹੁੰ ਖਾ ਕੇ ਸੱਤਾ ਹਾਸਲ ਕੀਤੀ, ਨੌਕਰੀਆਂ ਦਾ ਝੂਠਾ ਵਾਅਦਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ: ਧਾਲੀਵਾਲ

ਮਾਨ ਸਰਕਾਰ ਨੇ 58,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਜੈਇੰਦਰ ਕੌਰ ਆਪਣੇ ਪਿਤਾ ਵੱਲੋਂ ਦਿੱਤੀਆਂ 10 ਨੌਕਰੀਆਂ ਹੀ ਗਿਨਵਾ ਦੇਣ: ਧਾਲੀਵਾਲ

ਅਮ੍ਰਿਤਸਰ/ਚੰਡੀਗੜ੍ਹ, 23 ਨਵੰਬਰ 2025

ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ‘ਤੇ ਤਿੱਖਾ ਹਮਲਾ ਕੀਤਾ। ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਔਰਤਾਂ ਲਈ 1,000 ਰੁਪਏ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ‘ਆਪ’ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦੀ ਬਜਾਏ ਉਨ੍ਹਾਂ ਨੂੰ ਸਿਸਵਾਂ ਫਾਰਮ ਵਿੱਚ ਬੈਠੇ ਆਪਣੇ ਪਿਤਾ ਤੋਂ ਸਵਾਲ ਕਰਨੇ ਚਾਹੀਦੇ ਹਨ।

ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸੀਨੀਅਰ ਆਗੂ ਹਨ ਅਤੇ ਸਿਸਵਾਂ ਫਾਰਮ ਵਿੱਚ ਰਹਿੰਦੇ ਹਨ। ਵਿਰੋਧ ਕਰਨ ਤੋਂ ਪਹਿਲਾਂ, ਜੈ ਇੰਦਰ ਕੌਰ ਨੂੰ ਆਪਣੇ ਪਿਤਾ ਤੋਂ ਪੁੱਛਣਾ ਚਾਹੀਦਾ ਹੈ ਕਿ 2017 ਵਿੱਚ ਸਰਕਾਰ ਬਣਾਉਣ ਵੇਲੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਕੀ ਹੋਇਆ। ਧਾਲੀਵਾਲ ਨੇ ਯਾਦ ਦਿਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ, ਹਰ ਘਰ  ਨੌਕਰੀ ਅਤੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਕਹੀ ਸੀ। ਪਰ, ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਧਾਲੀਵਾਲ ਨੇ ਕਿਹਾ ਕਿ ਤੁਸੀਂ ਉਸੇ ਪਾਰਟੀ ਦੀ ਆਗੂ ਹੋ ਜਿਸ ਨੇ 2014 ਵਿੱਚ ਕੇਂਦਰ ਵਿੱਚ ਸਰਕਾਰ ਬਨਣ ਤੋਂ ਬਾਅਦ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਭਾਜਪਾ ਆਗੂ ਦੱਸੇ ਕਿ ਉਹ 15 ਲੱਖ ਰੁਪਏ ਕਿੱਥੇ ਹਨ। ਉਨ੍ਹਾਂ ਨੂੰ ਆਪਣੇ ਪਿਤਾ ਵਲੋਂ ਪੰਜਾਬ ਦੇ ਬੇਰੋਜ਼ਗਾਰ ਨੋਜਵਾਨਾਂ ਤੋਂ ਭਰਵਾਏ ਗਏ ‘ਹਰ ਘਰ ਨੌਕਰੀ’ ਦੇ ਫਾਰਮਾਂ ਦਾ ਵੀ ਹਿਸਾਬ ਦੇਣਾ ਚਾਹੀਦਾ ਹੈ, ਜੋ ਕੂੜੇ ਦੇ ਟੋਕਰੀ ਵਿੱਚ ਸੁੱਟ ਦਿੱਤੇ ਗਏ ਸਨ।

ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਹੁਣ ਤੱਕ 58,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਚੁਣੌਤੀ ਦਿੱਤੀ ਕਿ ਜੈ ਇੰਦਰ ਕੌਰ ਆਪਣੇ ਪਿਤਾ ਦੇ ਕਾਰਜਕਾਲ ਦੌਰਾਨ ਦਿੱਤੀ ਸਿਰਫ਼ 10 ਨੌਕਰੀਆਂ ਦਾ ਹਿਸਾਬ ਹੀ ਦੇ ਦੇਣ।

ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ  ਜੋ ਵਾਅਦਾ ਕਰਦੀ ਹੈ,ਉਸ ਨੂੰ ਪੂਰਾ ਕਰਦੀ ਹੈ। ਅਸੀਂ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਨੂੰ ਪੂਰਾ ਕੀਤਾ, ਜਿਸ ਦੇ ਨਤੀਜੇ ਵਜੋਂ ਅੱਜ ਪੰਜਾਬ ਦੇ 90% ਤੋਂ ਵੱਧ ਘਰਾਂ ਦੇ ਜ਼ੀਰੋ ਬਿਜਲੀ ਬਿੱਲ ਆ ਰਹੇ ਹਨ। ਅਸੀਂ ਸਕੂਲ ਆਫ਼ ਐਮੀਨੈਂਸ ਬਣਾਏ, ਸਿੱਖਿਆ ਦਾ ਪੱਧਰ ਉੱਚਾ ਕੀਤਾ, ਅਤੇ ਪੰਜਾਬ ਭਰ ਵਿੱਚ 900 ਤੋਂ ਵੱਧ ਆਮ ਆਦਮੀ ਕਲੀਨਿਕ ਸਥਾਪਤ ਕੀਤੇ, ਜਿੱਥੇ ਮੁਫ਼ਤ ਇਲਾਜ ਤੇ ਦਵਾਈਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਮਾਰਚ ਤੋਂ ਔਰਤਾਂ ਨੂੰ 1,000 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਸਾਡੀ ਸਰਕਾਰ ਹਰ ਗਰੰਟੀ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

ਧਾਲੀਵਾਲ ਨੇ ਨਸੀਹਤ ਦਿੱਤੀ ਕਿ ਜੇਕਰ ਜੈ ਇੰਦਰ ਕੌਰ ਸੱਚਮੁੱਚ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੀ ਹਨ, ਤਾਂ ਉਨ੍ਹਾਂ ਨੂੰ ‘ਆਪ’ ਸਰਕਾਰ ਵਿਰੁੱਧ ਨਹੀਂ ਸਗੋਂ ਦਿੱਲੀ ਦੀ ਮੋਦੀ ਸਰਕਾਰ ਅਤੇ ਸਿਸਵਾਂ ਫਾਰਮ ਵਿੱਚ ਬੈਠੇ ਆਪਣੇ ਪਿਤਾ ਵਿਰੁੱਧ ਪ੍ਰਦਰਸ਼ਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਝੂਠੇ ਵਾਅਦੇ ਕਰਕੇ ਪੰਜਾਬ ਅਤੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ।

LEAVE A REPLY

Please enter your comment!
Please enter your name here