*ਕੈਮਿਸਟ ਐਸੋਸੀਏਸ਼ਨ ਵੱਲੋਂ ਵੱਡੀ ਮਾਤਰਾ ਵਿਚ ਪ੍ਰਾਪਤ ਦਵਾਈਆਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੇਜੀਆਂ ਜਾਣਗੀਆਂ–ਡਿਪਟੀ ਕਮਿਸ਼ਨਰ*
*ਕੁਦਰਤੀ ਆਫ਼ਤ ਵਿਚ ਬਚਾਅ ਕਾਰਜਾਂ ਦੇ ਨਾਲ ਲੋਕਾਂ ਦੀ ਸਿਹਤਮੰਦੀ ਵੀ ਲਾਜ਼ਮੀ–ਡੀ.ਸੀ. ਨਵਜੋਤ ਕੌਰ*
*ਕਿਹਾ, ਕੁਦਰਤੀ ਆਫ਼ਤਾਂ ਵਿਚ ਮਨੁੱਖਤਾ ਲਈ ਕੰਮ ਕਰਨਾ ਸਭ ਦਾ ਨੈਤਿਕ ਫਰ਼ਜ*
ਮਾਨਸਾ, 08 ਸਤੰਬਰ:
ਕੁਦਰਤੀ ਆਫ਼ਤ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਜਿੱਥੇ ਲੋਕਾਂ ਦੇ ਬਚਾਅ ਅਤੇ ਰਾਹਤ ਕਾਰਜਾਂ ਲਈ ਵਚਨਬੱਧ ਹੈ ਉੱਥੇ ਹੀ ਇਸ ਸਥਿਤੀ ਵਿਚ ਲੋਕਾਂ ਦੀ ਸਿਹਤਮੰਦੀ ਵੀ ਬਹੁਤ ਲਾਜ਼ਮੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ, ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਨੇ ਅੱਜ ਕੈਮਿਸਟ ਐਸੋਸੀਏਸ਼ਨ ਮਾਨਸਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਮਿਸਟ ਐਸੋਸੀਏਸ਼ਨ ਮਾਨਸਾ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਲਈ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਵਿਚ ਲੋਕਾਂ ਲਈ ਸਿਹਤ ਸੇਵਾਵਾਂ ਵਿਚ ਯੋਗਦਾਨ ਪਾਉਣਾ ਸ਼ਲਾਘਾਯੋਗ ਕਦਮ ਹੈ।
ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਇਹ ਦਵਾਈਆਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਿਹਤਮੰਦੀ ਲਈ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ ਤਾਂ ਜੋ ਇਹ ਦਵਾਈਆਂ ਸੁਚੱਜੇ ਤੌਰ ‘ਤੇ ਜ਼ਰੂਰਤਮੰਦ ਲੋਕਾਂ ਦੇ ਇਲਾਜ਼ ਲਈ ਕੰਮ ਆਉਣ। ਉਨ੍ਹਾਂ ਕਿਹਾ ਕਿ ਇਹ ਦਵਾਈਆਂ ਰੈੱਡ ਕਰਾਸ ਨੂੰ ਸੌਂਪ ਦਿੱਤੀਆਂ ਗਈਆਂ ਹਨ, ਉਨ੍ਹਾਂ ਵੱਲੋਂ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਹ ਦਵਾਈਆਂ ਲੋੜਵੰਦਾਂ ਤੱਕ ਪੁਜਦੀਆਂ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਪੀੜਤ ਲੋਕਾਂ ਦੀ ਮਦਦ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿਚ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਮਾਨਸਾ ਅਜੇ ਕੁਮਾਰ ਬਾਂਸਲ ਨੇ ਦੱਸਿਆ ਕਿ ਇਸ ਸਟਾਕ ਵਿਚ ਪੈਰਾਸੀਟਾਮੋਲ, ਐਂਟੀ ਫੰਗਲ, ਐਂਟੀ ਐਨਰਜਿਕ, ਲੁਬਰੀਕੈਂਟ ਆਈ ਡਰਾਪ, ਖਾਂਸੀ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਸ਼ਾਮਿਲ ਹਨ।
ਇਸ ਮੌਕੇ ਬਲਾਕ ਮਾਨਸਾ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਭੁਪਿੰਦਰ ਜੋਗਾ, ਸਕੱਤਰ ਅਨਿਲ ਮਿੱਢਾ, ਰਾਜਿੰਦਰ ਕੁਮਾਰ ਸਿੰਗਲਾ, ਪੁਨੀਤ ਸਿੰਗਲਾ ਮੌਜੂਦ ਸਨ।