ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ  ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ

0
14

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ਵ  ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ

ਬੰਗਾ 8 ਸਤੰਬਰ  () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਫਿਜ਼ੀਉਥੈਰਾਪੀ ਵਿਭਾਗ ਵਿਚ ਅੱਜ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਮਨਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ  ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਪ੍ਰਧਾਨਗੀ ਮੰਡਲ ਵਿਚ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡੀ ਐਮ ਐਸ, ਸ.ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ,  ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਮੈਡਮ ਸਰਬਜੀਤ ਕੌਰ ਡੀ ਐਨ ਐਸ ਸ਼ਾਮਿਲ ਸਨ।  ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਜੀ ਨੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਦੀਆਂ ਵਧਾਈਆਂ ਦਿੰਦੇ ਕਿਹਾ ਫਿਜ਼ੀਉਥੈਰਾਪੀ ਇਲਾਜ ਪ੍ਰਣਾਲੀ ਸਰੀਰ ਨੂੰ ਤੰਦਰੁਸਤ ਕਰਨ ਵਿਚ ਅਹਿਮ ਰੋਲ ਅਦਾ ਕਰਦੀ ਹੈ । ਫਿਜ਼ੀਉਥੈਰਾਪੀ ਐਕਸਰਸਾਈਜ਼ਾਂ ਸਰੀਰ ਦੇ ਕਈ ਪ੍ਰਕਾਰ ਦੇ ਗੁੰਝਲਦਾਰ ਰੋਗਾਂ ਅਤੇ ਅਪਰੇਸ਼ਨਾਂ ਤੋਂ ਬਾਅਦ ਮਰੀਜ਼ਾਂ ਨੂੰ ਚੱਲਣ ਫਿਰਨ ਦੇ ਕਾਬਲ ਬਣਾਉਣ ਅਤੇ ਸਿਹਤਯਾਬ ਕਰਨ ਲਈ ਬਹੁਤ ਕਾਮਯਾਬ ਹਨ । ਇਸ ਮੌਕੇ ਹਸਪਤਾਲ ਦੇ ਫਿਜ਼ੀਉਥੈਰਾਪੀ ਮਾਹਿਰਾਂ ਡਾ. ਰਵੀਨਾ, ਡਾ ਤਨਪ੍ਰੀਤ ਕੌਰ ਅਤੇ ਡਾ. ਜ਼ੁਬੈਰ ਅਹਿਮਦ ਭੱਟ ਨੇ ਵਿਸ਼ਵ ਫਿਜ਼ੀਉਥੈਰਾਪੀ ਦਿਵਸ ਬਾਰੇ ਚਾਨਣਾ ਪਾਉਂਦੇ ਇਸ ਦੀ ਮਹੱਤਤਾ ਅਤੇ ਮੈਡੀਕਲ ਖੇਤਰ ਵਿਚ ਇਸ ਦੀ ਵੱਧ ਰਹੀ ਜ਼ਰੂਰਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸਾਲ 2025 ਦੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਦਾ ਥੀਮ “ਸਿਹਤਮੰਦ ਬਜ਼ੁਰਗ ” ਹੈ, ਜਿਸ ਵਿੱਚ ਬਜ਼ੁਰਗਾਂ ਵਿੱਚ ਕਮਜ਼ੋਰੀ ਅਤੇ ਡਿੱਗਣ ਨੂੰ ਰੋਕਣ ‘ਤੇ ਖਾਸ ਧਿਆਨ ਦਿੱਤਾ ਗਿਆ ਹੈ । ਇਹ ਥੀਮ ਲੋਕਾਂ ਦੀ ਉਮਰ ਵਧਣ ਦੇ ਨਾਲ-ਨਾਲ ਉਹਨਾਂ ਦੀ ਤਾਕਤ, ਸੰਤੁਲਨ ਅਤੇ ਗਤੀਸ਼ੀਲਤਾ ਨੂੰ ਬਣਾਈ ਰੱਖਣ ਵਿੱਚ ਫਿਜ਼ੀਓਥੈਰੇਪੀ ਦੀ ਮਹੱਤਵਪੂਰਨ ਭੂਮਿਕਾ ਨੂੰ ਪੇਸ਼ ਕਰਦਾ ਹੈ, ਜਿਸ ਨਾਲ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਫਿਜ਼ੀਓਥੈਰੇਪੀ ਇਲਾਜ ਪ੍ਰਣਾਲੀ ਵੱਖ ਵੱਖ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਤੰਦਰੁਸਤ ਕਰਨ ਵਿਚ ਬਹੁਤ ਸਹਾਈ ਹੈ । ਇਸ ਲਈ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਫਿਜ਼ੀਉਥੈਰਾਪੀ ਵਿਭਾਗ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੀਆਂ ਸੇਵਾਵਾਂ ਮੁਹੱਈਆਂ ਕਰਵਾ ਰਿਹਾ ਹੈ। ਸਮਾਗਮ ਦੇ ਅੰਤ ਵਿਚ ਡਾ. ਬਲਵਿੰਦਰ ਸਿੰਘ ਡੀ ਐਮ ਐਸ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਇੰਚਾਰਜ ਅਤੇ ਮੈਡੀਕਲ ਸਟਾਫ ਮੈਂਬਰ ਹਾਜ਼ਰ ਸਨ।
ਤਸਵੀਰ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਨਾਏ ਫਿਜ਼ੀਉਥੈਰਾਪੀ ਦਿਵਸ ਦੀਆਂ ਝਲਕੀਆਂ

LEAVE A REPLY

Please enter your comment!
Please enter your name here