ਜਲੰਧਰ ਚ ਬਿਲਕੁਲ ਮੁਫ਼ਤ ਡਾਇਲਸਿਸ ਸੈਂਟਰ।

0
9
ਗੁਰੂ ਗੋਬਿੰਦ ਸਿੰਘ ਡਾਇਲਸਿਸ ਸੈਂਟਰ ਜਲੰਧਰ ਵਿਖੇ  ਹਰ  ਮਰੀਜ਼ ਦਾ  ਪੂਰਾ ਸੁਰੱਖਿਅਤ ਇਲਾਜ ਬਹੁਤ ਪਿਆਰ ਸਤਿਕਾਰ ਨਾਲ ਕੀਤਾ ਜਾਂਦਾ ਹੈ। ਇਸ  ਸੈਂਟਰ ਵਿੱਚ 15 ਡਾਇਲਸਿਸ ਮਸ਼ੀਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਕਈ ਕਈ ਸ਼ਿਫਟਾਂ ਵਿੱਚ ਬਿਲਕੁਲ ਮੁਫ਼ਤ ਚਲਾਈਆਂ ਜਾਂਦੀਆਂ ਹਨ। ਭਾਵੇਂ ਕਿ ਇਸ ਸੈਂਟਰ ਵਿੱਚ  50 ਮਸ਼ੀਨਾਂ ਲਗਾਉਣ ਦੀ ਤਰਤੀਬ ਤਿਆਰ ਕੀਤੀ ਗਈ ਹੈ ਪਰ ਪਿਛਲੇ ਕੁਝ ਦਿਨਾਂ ਤੋਂ 15 ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਥਾਂ ਭਾਵੇਂ ਸਰਕਾਰੀ ਹਸਪਤਾਲ ਦੀ ਹੈ ਪਰ ਇਮਾਰਤ ਉਸਾਰੀ ਤੋਂ ਲੈ ਕੇ, ਡਾਕਟਰਾਂ ਤੇ ਸਹਾਇਕਾਂ ਦੀਆਂ ਤਨਖਾਹਾਂ, ਸਫਾਈ ਕਰਮਚਾਰੀਆਂ ਦਾ ਸਾਰਾ ਖ਼ਰਚਾ, ਦਵਾਈਆਂ ਦਾ ਸਾਰਾ ਖ਼ਰਚਾ, ਬਿਜਲੀ ਪਾਣੀ ਦਾ ਸਾਰਾ ਪ੍ਰਬੰਧ  ਸੈਂਟਰ ਨੂੰ ਚਲਾਉਣ ਵਾਲੇ ਦੋਹਾਂ ਵੀਰਾਂ ਵੱਲੋਂ ਆਪ ਕੀਤਾ ਜਾਂਦਾ ਹੈ।
ਡਾਇਲਸਿਸ ਦੀ ਬਿਮਾਰੀ ਅਸਲ ਵਿੱਚ ਕੀ ਹੈ ? ਡਾਇਲਸਿਸ ਇੱਕ ਅਜਿਹੀ  ਪ੍ਰਕਿਰਿਆ ਹੈ ਜਿਸ ਵਿੱਚ ਡਾਇਲਸਿਸ  ਮਸ਼ੀਨ ਦੀ ਮਦਦ ਨਾਲ ਮਰੀਜ਼ ਦੇ ਗੁਰਦੇ(ਕਿਡਨੀਆਂ) ਦੇ ਠੀਕ ਤਰ੍ਹਾਂ ਕੰਮ ਨਾ ਕਰਨ ਕਰਕੇ ਖੂਨ ਨੂੰ ਸਾਫ ਕੀਤਾ ਜਾਂਦਾ  ਹੈ। ਡਾਇਲਸਿਸ ਮਸ਼ੀਨ ਨਾਲ ਖੂਨ ਨੂੰ ਸਰੀਰ ਤੋਂ ਬਾਹਰ ਕੱਢ ਕੇ ਮਸ਼ੀਨ ਵਿੱਚੋਂ ਲੰਘਾਇਆ ਜਾਂਦਾ ਹੈ ਅਤੇ ਫਿਰ ਸਾਫ਼ ਕਰਕੇ ਵਾਪਸ ਸਰੀਰ ਵਿੱਚ ਮੁੜ ਭੇਜਿਆ ਜਾਂਦਾ ਹੈ। ਸਾਰੀ ਪ੍ਰਕਿਰਿਆ ਇੱਕੋ ਸਾਰ ਚਾਰ ਤੋਂ ਪੰਜ ਘੰਟੇ ਚੱਲਦੀ ਹੈ। ਡਾਇਲਸਿਸ  ਗੁਰਦੇ ਦੀ ਬਿਮਾਰੀ ਨੂੰ ਪੂਰੀ ਤਰਾਂ ਠੀਕ ਨਹੀਂ ਕਰ ਸਕਦਾ। ਕਈ ਵਾਰ ਮਰੀਜ਼ ਨੂੰ  ਗੁਰਦੇ ਬਦਲਾਉਣ (Kidney Transplant) ਦੀ ਲੋੜ ਵੀ ਪੈ ਜਾਂਦੀ ਹੈ। ਇੱਕ ਡਾਇਲਸਿਸ ਮਸ਼ੀਨ ਦੀ ਭਾਰਤ ਵਿੱਚ ਕੀਮਤ ਲਗਭਗ 8 ਲੱਖ ਤੋਂ 20 ਲੱਖ ਰੁਪਏ ਤੱਕ ਹੈ। ਇੱਕ ਡਾਇਲਸਿਸ ਮਸ਼ੀਨ ਦੇ ਫਿਲਟਰ ਦੀ ਕੀਮਤ ਕੀਮਤ ਲਗਭਗ 500 ਤੋਂ 5000 ਰੁਪਏ ਤੱਕ ਹੋ ਸਕਦੀ ਹੈ। ਕੁਝ ਨਵੇਂ ਬਣੇ ਹਾਈ-ਐਂਡ ਫਿਲਟਰਾਂ ਦੀ ਕੀਮਤ ਇਸ ਤੋਂ ਵੀ ਵੱਧ ਹੋ ਸਕਦੀ ਹੈ। ਇਸ ਸੈਂਟਰ ਵਿੱਚ ਹਰ ਇੱਕ ਮਰੀਜ਼ ਲਈ ਹਰ ਇੱਕ ਫਿਲਟਰ ਕੇਵਲ ਤੇ ਕੇਵਲ ਇੱਕੋ ਵਾਰ ਵਰਤਿਆ ਜਾਂਦਾ ਹੈ। ਜਦ ਕਿ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲ  ਇੱਕੋ ਫਿਲਟਰ ਵਾਰ ਵਾਰ ਵਰਤ ਕੇ ਮਰੀਜ਼ਾਂ ਦੀ ਸਿਹਤ ਨਾਲ ਖੁੱਲ ਕੇ ਖਿਲਵਾੜ ਕਰਦੇ ਹਨ।
ਇਸ ਸੈਂਟਰ ਵਿੱਚ ਨਿੱਕੇ ਬੱਚੇ  ਤੋਂ ਲੈ ਕੇ ਹਰ ਵੱਡੀ ਉਮਰ ਦੇ ਮਰੀਜ਼ ਆਉਂਦੇ ਹਨ ਜ਼ਿਹਨਾਂ ਦਾ ਇਲਾਜ ਬਿਨਾ ਕਿਸੇ ਭੇਦਭਾਵ ਬਹੁਤ ਸਤਿਕਾਰ ਸਹਿਤ ਤੇ ਬਹੁਤ ਸੇਵਾ ਭਾਵਨਾ ਨਾਲ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਹਨਾਂ ਸਾਰੇ ਬਿਲਕੁਲ ਮੁਫ਼ਤ ਚੱਲਣ ਵਾਲੇ ਡਾਇਲਸਿਸ ਸੈਂਟਰਾਂ ਦੀ ਜਿੰਮੇਵਾਰੀ ਬਹੁਤ ਸਤਿਕਾਰਯੋਗ ਵੀਰ ਗੁਰਤੇਜ ਸਿੰਘ ਜੀ ਨੂੰ ਸੌਂਪੀ ਗਈ ਹੈ ਜੋ ਹਰ ਵਕਤ ਸੇਵਾ ਭਾਵਨਾ ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੇ ਸੈਂਟਰਾਂ ਵਿੱਚ ਪਹੁੰਚ ਕੇ ਸਾਰੀਆਂ ਸੇਵਾਵਾਂ ਨਿਭਾਉਂਦੇ ਹਨ। ਵੀਰ ਗੁਰਤੇਜ ਸਿੰਘ ਜੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਹਰ ਸਾਲ ਲਗਭਗ 1 ਲੱਖ ਡਾਇਲਸਿਸ ਦੀ ਜ਼ਰੂਰਤ ਹੈ। ਸਾਨੂੰ ਪੰਜਾਬ ਦੇ ਲਗਭਗ ਹਰ ਸ਼ਹਿਰ ਵਿੱਚ ਇਸ ਤਰਾਂ ਦੇ ਸੈਂਟਰ ਖੋਲਣ ਦੀ ਲੋੜ ਹੈ। ਇਸ ਡਾਇਲਸਿਸ ਸੈਂਟਰ ਵਿੱਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਨੂੰ ਅਤੇ ਉਹਨਾਂ ਨਾਲ ਆਉਣ ਵਾਲੇ ਸਕੇ ਸੰਬੰਧੀਆਂ ਨੂੰ ਮੇਰੇ ਨਿੱਜੀ ਬੇਨਤੀ ਹੈ ਕਿ ਤੁਸੀਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ ਨਾ ਕਿ ਫੋਨਾਂ ਵਿੱਚ ਉਲਝੇ ਰਿਹਾ ਕਰੋ। ਇਸ ਨਾਲ ਤੁਹਾਡੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ ਤੇ ਤੁਹਾਡੇ ਲਈ ਮੁਫ਼ਤ ਇਲਾਜ ਦੇਣ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਪ੍ਰਬੰਧਕੀ ਮੈਂਬਰਾਂ ਲਈ ਵੀ ਹਰ ਤਰ੍ਹਾਂ ਨਾਲ ਲਾਹੇਵੰਦ ਹੋਵੇਗਾ ਜੀ।
ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਇਹਨਾਂ ਸੈਂਟਰ ਦੀ ਸੇਵਾ ਚਲਾ ਰਹੇ ਵੀਰ ਜਸਵਿੰਦਰ ਸਿੰਘ ਬਸਰਾ ਸਾਹਿਬ, ਵੀਰ ਕੁਲਵਰਨ ਸਿੰਘ ਰਾਏ ਪਰਿਵਾਰ ਤੇ ਮੁੱਖ ਸੇਵਾਦਾਰ ਵੀਰ ਗੁਰਤੇਜ ਸਿੰਘ ਸਾਹਿਬ ਵਰਗੇ ਪੰਜਾਬ ਦੇ ਸਰਵਣ ਪੁੱਤ ਘਰ ਘਰ ਪੈਦਾ ਹੋਣ ਤੇ ਇਹਨਾਂ ਦੀ ਇਨਸਾਨੀਅਤ ਦੀ ਸੇਵਾ ਭਾਵਨਾ ਵਾਲੀ ਸੋਚ ਹਰ ਘਰ ਵਿੱਚ ਪਹੁੰਚੇ। ਮਾਲਕ ਬਾਕੀ ਸਾਰੇ ਪ੍ਰਬੰਧਕਾਂ ਦੀ ਹਮੇਸ਼ਾ ਚੜ੍ਹਦੀ ਕਲਾ ਕਰਨ ਜੋ ਮਨ, ਤਨ ਅਤੇ ਧਨ ਨਾਲ ਹਰ ਪਲ ਸੇਵਾ ਸਹਿਯੋਗ ਕਰ ਰਹੇ ਹਨ। ਦੁਨੀਆ ਭਰ ਵਿੱਚ ਕੈਂਸਰ ਤੋਂ ਵੀ ਜ਼ਿਆਦਾ ਮਾਰੂ ਬਿਮਾਰੀ ਨਾਲ ਨਿਪਟਣ ਲਈ ਅੱਜ ਸਾਨੂੰ ਲੋੜ ਹੈ ਹਰ ਸ਼ਹਿਰ ਵਿੱਚ ਡਾਇਲਸਿਸ ਸੈਂਟਰ ਖੋਲਣ ਦੀ ਜਾਂ ਜੋ ਖੁੱਲ ਚੁੱਕੇ ਹਨ ਉਹਨਾਂ ਸੰਸਥਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਕੋਸ਼ਿਸ਼ ਕਰਨ ਦੀ, ਉਹਨਾਂ ਨੂੰ ਆਪਣਾ ਸਹਿਯੋਗ ਦੇਣ ਦੀ।

LEAVE A REPLY

Please enter your comment!
Please enter your name here