ਜਿਣਸਾਂ ਦੀ ਬਰਬਾਦੀ ਰੋਕਣ ਲਈ ਮੰਡੀ ਸਿਸਟਮ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣਾ ਸਮੇਂ ਦੀ ਮੁੱਖ ਲੋੜ – ਹਰਚੰਦ ਸਿੰਘ ਬਰਸਟ

0
9

ਜਿਣਸਾਂ ਦੀ ਬਰਬਾਦੀ ਰੋਕਣ ਲਈ ਮੰਡੀ ਸਿਸਟਮ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣਾ ਸਮੇਂ ਦੀ ਮੁੱਖ ਲੋੜ – ਹਰਚੰਦ ਸਿੰਘ ਬਰਸਟ

— ਉੱਤਰਾਖੰਡ ਵਿੱਚ ਆਯੋਜਿਤ ਨੈਸ਼ਨਲ ਕਾਨਫਰੰਸ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਰੱਖੇ ਵਿਚਾਰ, ਦੇਸ਼ ਭਰ ਦੀਆਂ ਮੰਡੀਆਂ ਵਿੱਚ ਇੱਕਸਾਰ ਪ੍ਰੋਟੋਕੋਲ ਬਣਾਉਣ ’ਤੇ ਦਿੱਤਾ ਜ਼ੋਰ

ਚੰਡੀਗੜ੍ਹ, 29 ਸਤੰਬਰ 2026 ( ) :– ਖਾਣ ਵਾਲੀਆਂ ਜਿਣਸਾਂ ਦੇ ਨੁਕਸਾਨ ਅਤੇ ਬਰਬਾਦੀ ਨੂੰ ਰੋਕਣਾ ਅੱਜ ਦੇ ਸਮੇਂ ਦੀ ਇੱਕ ਵੱਡੀ ਲੋੜ ਬਣ ਚੁੱਕੀ ਹੈ। ਇਸ ਦਿਸ਼ਾ ਵਿੱਚ ਦੇਸ਼ ਦੀਆਂ ਮੰਡੀਆਂ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਸਟੋਰੇਜ, ਕੋਲਡ ਚੇਨ ਅਤੇ ਟਰਾਂਸਪੋਰਟੇਸ਼ਨ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਚੇਅਰਮੈਨ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ (ਕੌਸਾਂਬ) ਵੱਲੋਂ ਉੱਤਰਾਖੰਡ ਵਿਖੇ ਆਯੋਜਿਤ ਰਾਸ਼ਟਰੀ ਕਾਨਫਰੰਸ ਦੌਰਾਨ ਕੀਤਾ ਗਿਆ।

ਉੱਤਰਾਖੰਡ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਅਨਿਲ ਡੱਬੂ ਦੀ ਪ੍ਰਧਾਨਗੀ ਹੇਠ ਹੋਟਲ ਕੋਰਬੈਟ ਐਲੀਗੈਂਟ ਰਿਟਰੀਟ, ਰਾਮਨਗਰ, ਉੱਤਰਾਖੰਡ ਵਿਖੇ 28 ਸਤੰਬਰ ਤੋਂ 1 ਅਕਤੂਬਰ ਤੱਕ ਨੈਸ਼ਨਲ ਕਾਨਫਰੰਸ ਆਨ ਫੂਡ ਲਾਸ ਐਂਡ ਵੇਸਟ ਇਨ ਹੋਲਸੇਲ ਫਰੂਟ ਐਂਡ ਵੈਜੀਟੇਬਲ ਮਾਰਕੀਟਸ ਦਾ ਆਯੋਜਨ ਕੀਤਾ ਗਿਆ ਹੈ। ਇੰਟਰਨੈਸ਼ਨਲ ਡੇ ਆਫ ਅਵੈਅਰਨੈਸ ਆਫ ਫੂਡ ਲਾਸ ਅਤੇ ਵੇਸਟ ਦੇ ਮੌਕੇ ਤੇ ਆਯੋਜਿਤ ਇਸ ਕਾਨਫਰੰਸ ਵਿੱਚ ਹਿਮਾਚਲ ਪ੍ਰਦੇਸ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਕੁਲਦੀਪ ਸਿੰਘ, ਅਸਾਮ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਮਨੋਜ ਬਰੂਆ, ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਐਮ.ਡੀ. ਸ੍ਰੀ ਰਾਮ ਕੁਮਾਰ ਗੌਤਮ (ਆਈ.ਏ.ਐਸ.), ਕੌਸਾਂਬ ਦੇ ਐਮ.ਡੀ. ਡਾ. ਜੇ.ਐਸ. ਯਾਦਵ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੰਡੀ ਬੋਰਡਾਂ ਦੇ ਅਧਿਕਾਰੀਆਂ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਕਾਨਫਰੰਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਫੂਡ ਦੀ ਮਹੱਤਤਾ ਅਤੇ ਇਨ੍ਹਾਂ ਦੀ ਸਹੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਫੂਡ ਮਨੁੱਖੀ ਜੀਵਨ ਦੀ ਮੁੱਢਲੀ ਲੋੜ ਹਨ ਅਤੇ ਇਨ੍ਹਾਂ ਦੀ ਬਰਬਾਦੀ ਨੂੰ ਕਿਸੇ ਵੀ ਪੱਧਰ ’ਤੇ ਅਣਦੇਖਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਡੂੰਘੀ ਚਿੰਤਾ ਪ੍ਰਗਟਾਈ ਕਿ ਕੁੱਲ ਉਤਪਾਦਨ ਦਾ ਲਗਭਗ 30 ਫੀਸਦੀ ਹਿੱਸਾ ਬਰਬਾਦ ਹੋ ਜਾਂਦਾ ਹੈ। ਇਹ ਬਰਬਾਦੀ ਨਾ ਸਿਰਫ਼ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ, ਸਗੋਂ ਇਸ ਤੋਂ ਪੈਦਾ ਹੋਣ ਵਾਲੀਆਂ ਹਾਨੀਕਾਰਕ ਗੈਸਾਂ ਵਾਤਾਵਰਣ ਨੂੰ ਵੀ ਗੰਭੀਰ ਰੂਪ ਵਿੱਚ ਦੂਸ਼ਿਤ ਕਰ ਰਹੀਆਂ ਹਨ।

ਸ. ਬਰਸਟ ਨੇ ਕਿਹਾ ਕਿ ਫੂਡ ਦੇ ਨੁਕਸਾਨ ਅਤੇ ਬਰਬਾਦੀ ਨੂੰ ਘਟਾਉਣ ਲਈ ਮੰਡੀ ਪ੍ਰਬੰਧਨ ਵਿੱਚ ਆਧੁਨਿਕ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਸਬੰਧ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ-ਅਧਾਰਿਤ ਪ੍ਰਬੰਧਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਤਕਨੀਕਾਂ ਰਾਹੀਂ ਫਲਾਂ ਅਤੇ ਸਬਜ਼ੀਆਂ ਦੀ ਆਮਦ, ਮੰਗ, ਸਪਲਾਈ ਸਬੰਧੀ ਜਾਣਕਾਰੀ ਦਾ ਬਿਹਤਰ ਪ੍ਰਬੰਧਨ ਕਰਕੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫਲਾਂ, ਸਬਜ਼ੀਆਂ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੇ ਫੂਡ ਦੀ ਸੰਭਾਲ ਲਈ ਦੇਸ਼ ਦੀਆਂ ਥੋਕ ਮੰਡੀਆਂ ਵਿੱਚ ਆਧੁਨਿਕ ਏ.ਸੀ. ਮੰਡੀ ਢਾਂਚੇ, ਕੋਲਡ ਸਟੋਰੇਜ ਅਤੇ ਕੋਲਡ ਚੇਨ ਦੀਆਂ ਸਹੂਲਤਾਂ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਮੰਡੀ ਪ੍ਰਬੰਧਨ ਦੀਆਂ ਪ੍ਰਣਾਲੀਆਂ ਵਿੱਚ ਅੰਤਰ ਹਨ। ਇਸ ਲਈ ਪੂਰੇ ਭਾਰਤ ਵਿੱਚ ਮੰਡੀਆਂ ਲਈ ਰਾਸ਼ਟਰੀ ਪੱਧਰ ’ਤੇ ਇਕਸਾਰ ਪ੍ਰੋਟੋਕੋਲ ਤਿਆਰ ਕਰਨ ਦੀ ਲੋੜ ਹੈ, ਤਾਂ ਜੋ ਫੂਡ ਦੇ ਨੁਕਸਾਨ ਅਤੇ ਬਰਬਾਦੀ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਵੱਖ-ਵੱਖ ਰਾਜਾਂ ਦੇ ਮੰਡੀ ਬੋਰਡਾਂ ਨੂੰ ਆਪਸੀ ਤਜਰਬੇ ਸਾਂਝੇ ਕਰਨ ਅਤੇ ਸਫ਼ਲ ਮਾਡਲਾਂ ਨੂੰ ਹੋਰ ਰਾਜਾਂ ਵਿੱਚ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਫੂਡ ਦੇ ਨੁਕਸਾਨ ਅਤੇ ਬਰਬਾਦੀ ਰੋਕਣ ਸਬੰਧੀ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਵਿਚਾਰ-ਵਟਾਂਦਰੇ ਤੋਂ ਅੱਗੇ ਵਧਦਿਆਂ ਇਸ ਸੰਦੇਸ਼ ਨੂੰ ਜ਼ਮੀਨੀ ਪੱਧਰ ਤੱਕ ਲਿਜਾਣਾ ਹੋਵੇਗਾ, ਤਾਂ ਜੋ ਹਰ ਪੱਧਰ ’ਤੇ ਖਾਣ ਵਾਲੀਆਂ ਜਿਣਸਾਂ ਦੀ ਸਹੀ ਸੰਭਾਲ ਅਤੇ ਬਰਬਾਦੀ ਰੋਕਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

LEAVE A REPLY

Please enter your comment!
Please enter your name here