ਡਾ. ਨਿਰਮਲ ਜੌੜਾ ਦਾ ਸਕਾਟਲੈਂਡ ਵਿੱਚ ਪੰਜ ਦਰਿਆ ਅਖ਼ਬਾਰ ਵੱਲੋਂ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ

0
125

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਪ੍ਰਸਿੱਧ ਰੰਗਮੰਚ ਨਿਰਦੇਸ਼ਕ, ਵਿਅੰਗਕਾਰ, ਉੱਘੇ ਰੰਗਕਰਮੀ, ਨੌਜਵਾਨਾਂ ਲਈ ਪ੍ਰੇਰਨਾਦਾਇਕ ਸਖਸ਼ੀਅਤ ਡਾ: ਨਿਰਮਲ ਜੌੜਾ ਦਾ ਗਲਾਸਗੋ ਵਿਖੇ ਗੋਲਡ ਮੈਡਲ ਨਾਲ ਸਨਮਾਨ ਅਤੇ ਰੂਬਰੂ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜ ਦਰਿਆ ਅਖ਼ਬਾਰ ਟੀਮ ਵੱਲੋਂ 24 ਜੁਲਾਈ 2025 ਨੂੰ ਸੈਂਟਰਲ ਗੁਰੂਘਰ ਸਿੰਘ ਸਭਾ ਅੰਦਰ “ਸੈਂਟਰਲ ਮੇਲ ਮਿਲਾਪ ਸੈਂਟਰ” ਕਾਨਫਰੰਸ ਹਾਲ ਵਿੱਚ ਹੋਣ ਜਾ ਰਹੇ ਇਸ ਸਮਾਗਮ ਦੌਰਾਨ ਡਾ: ਨਿਰਮਲ ਜੌੜਾ ਆਪਣੇ ਜੀਵਨ ਸਫ਼ਰ ਬਾਰੇ ਚਾਨਣਾ ਪਾਉਣਗੇ। ਜਿਕਰਯੋਗ ਹੈ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਆਪਣੇ ਮਰਹੂਮ ਗੀਤਕਾਰ ਪਿਤਾ ਗੁਰਬਚਨ ਸਿੰਘ ਖੁਰਮੀ ਦੀ ਯਾਦ ਵਿੱਚ ਸਾਲਾਨਾ ਐਵਾਰਡ ਦੇ ਰੂਪ ਵਿੱਚ ਗੋਲਡ ਮੈਡਲ ਦੇਣ ਦਾ ਅਹਿਦ ਲਿਆ ਸੀ ਤੇ ਪਹਿਲੇ ਗੋਲਡ ਮੈਡਲ ਦਾ ਐਲਾਨ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਜੀ ਨੂੰ ਭੇਂਟ ਕਰਨ ਲਈ ਕੀਤਾ ਸੀ। ਜੱਗੀ ਕੁੱਸਾ ਜੀ ਦੇ ਸਨਮਾਨ ਲਈ ਬਹੁਤ ਜਲਦੀ ਸਮਾਗਮ ਉਲੀਕਿਆ ਜਾਵੇਗਾ ਪਰ ਇਸੇ ਸਮੇਂ ਦੌਰਾਨ ਹੀ ਸਕਾਟਲੈਂਡ ਦੌਰੇ ‘ਤੇ ਆ ਰਹੇ ਡਾ: ਨਿਰਮਲ ਜੌੜਾ ਨੂੰ ਵੀ ਉਕਤ ਸਨਮਾਨ ਭੇਂਟ ਕੀਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਨਿਰਮਲ ਜੌੜਾ ਦਾ ਪੰਜਾਬੀ ਸੱਭਿਆਚਾਰ, ਸਾਹਿਤ ਤੇ ਰੰਗਮੰਚ ਦੇ ਖੇਤਰ ਵਿੱਚ ਬਹੁਤ ਵੱਡਾ ਸਥਾਨ ਹੈ। ਉਹਨਾਂ ਵੱਲੋਂ ਕੀਤੇ ਗਏ ਤੇ ਕੀਤੇ ਜਾ ਰਹੇ ਕਾਰਜਾਂ ਅੱਗੇ ਵੱਡੇ ਤੋਂ ਵੱਡੇ ਸਨਮਾਨ ਵੀ ਛੋਟੇ ਜਾਪਦੇ ਹਨ। ਨਿਰਮਲ ਜੌੜਾ ਅਜਿਹੀ ਮਿੱਠਬੋਲੜੀ ਸਖਸ਼ੀਅਤ ਹੈ, ਜਿਹਨਾਂ ਦੇ ਬੋਲ ਲੰਮਾ ਸਮਾਂ ਦੂਰਦਰਸ਼ਨ ਦੇ ਰੰਗਾਰੰਗ ਪ੍ਰੋਗਰਾਮ “ਲਿਸ਼ਕਾਰਾ” ਰਾਹੀਂ ਘਰ ਘਰ ਤੱਕ ਪਹੁੰਚਦੇ ਰਹੇ ਹਨ। ਇਸ ਸੰਬੰਧੀ ਪੰਜ ਦਰਿਆ ਅਖ਼ਬਾਰ ਟੀਮ ਵੱਲੋਂ ਕੀਤੀ ਇਕੱਤਰਤਾ ਦੌਰਾਨ ਮਨਦੀਪ ਖੁਰਮੀ ਹਿੰਮਤਪੁਰਾ, ਗੁਰਮੇਲ ਸਿੰਘ ਧਾਮੀ, ਵਰਿੰਦਰ ਖੁਰਮੀ, ਲਾਭ ਗਿੱਲ ਦੋਦਾ, ਵਿੱਕੀ ਸ਼ਰਮਾ, ਬਲਦੇਵ ਸਿੰਘ ਬਾਜਵਾ, ਤਾਰੀ ਬਾਸੀ, ਦਲਬਾਰਾ ਸਿੰਘ ਗਿੱਲ, ਰਾਣਾ ਦੁਸਾਂਝ, ਨਛੱਤਰ ਸਿੰਘ ਦੋਦਾ, ਬਿੱਟੂ ਗਲਾਸਗੋ ਆਦਿ ਸਹਿਯੋਗੀਆਂ ਵੱਲੋਂ ਸਕਾਟਲੈਂਡ ਵਸਦੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਨਿਰਮਲ ਜੌੜਾ ਜੀ ਦੇ ਸਨਮਾਨ ਅਤੇ ਰੂਬਰੂ ਸਮਾਗਮ ਵਿੱਚ ਹਾਜ਼ਰੀ ਜ਼ਰੂਰ ਭਰਨ।

LEAVE A REPLY

Please enter your comment!
Please enter your name here