ਡੀ ਟੀ ਐੱਫ ਦੇ ਵਫਦ ਵੱਲੋਂ ਵਿੱਤ ਮੰਤਰੀ ਅਤੇ ਵਿੱਤ ਸਕੱਤਰ ਦੇ ਨਾਂਅ ਮੰਗ ਪੱਤਰ ਦਿੱਤਾ
ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ
ਬਰਨਾਲਾ, 8 ਜੁਲਾਈ 2025
ਡੀ ਟੀ ਐੱਫ ਪੰਜਾਬ ਦੇ ਸੱਦੇ ਉੱਪਰ ਸੂਬੇ ਭਰ ‘ਚ ਵਿੱਤ ਮੰਤਰੀ ਪੰਜਾਬ ਅਤੇ ਵਿੱਤ ਸਕੱਤਰ ਪੰਜਾਬ ਸਰਕਾਰ ਦੇ ਨਾਂਅ ਜ਼ਿਲ੍ਹਾ ਖ਼ਜ਼ਾਨਾ ਅਫ਼ਸਰਾਂ ਜ਼ਰੀਏ ਵਿੱਤੀ ਮੰਗਾਂ ਮਨਵਾਉਣ ਲਈ ਮੰਗ ਪੱਤਰ ਦੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਇਕਾਈ ਵੱਲੋਂ ਮੰਗ ਪੱਤਰ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ ਨੂੰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਕਲੀਆ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਅਤੇ ਵਿੱਤ ਵਿਭਾਗ ਵੱਲੋਂ ਖਜ਼ਾਨਾ ਦਫਤਰਾਂ ਉੱਪਰ ਲਗਾਈਆਂ ਹੋਈਆਂ ਪਾਬੰਦੀਆਂ ਖੋਲ੍ਹਣ ਦੀ ਜੋਰਦਾਰ ਮੰਗ ਕਰਦੇ ਵਿੱਤ ਸਕੱਤਰ ਦਫਤਰ ਵੱਲੋਂ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਹਰ ਮਹੀਨੇ ਤਨਖਾਹਾਂ ਜਾਰੀ ਕਰਨ ਲਈ ਉਪਰਲੇ ਦਫਤਰ ਤੋਂ ਮਨਜੂਰੀ ਲੈਣ ਦੇ ਹੁਕਮ ਤੁਰੰਤ ਵਾਪਸ ਲਏ ਜਾਣ, ਮੁਲਾਜ਼ਮਾ ਦੇ ਜੀ ਪੀ ਐਫ ਅਗਾਊਂ ਜਿਵੇਂ ਬੱਚਿਆਂ ਦੇ ਵਿਆਹ, ਫੀਸਾਂ ਭਰਨ, ਮਕਾਨ ਦੀ ਰਿਪੇਅਰ ਕਰਾਉਣ, ਵਹੀਕਲ ਖਰੀਦਣ ਅਤੇ ਪਲਾਟ ਖਰੀਦਣ ਲਈ ਦਿੱਤੇ ਬਿੱਲ ਤੁਰੰਤ ਕਰਨ, ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਹਰ ਤਰ੍ਹਾਂ ਦੇ ਸੇਵਾ ਮੁਕਤੀ ਲਾਭ ਸੇਵਾ ਮੁਕਤ ਹੋਣ ‘ਤੇ 15 ਦਿਨਾਂ ਦੇ ਅੰਦਰ-ਅੰਦਰ ਜਾਰੀ ਕਰਨ, ਅਧਿਆਪਕਾਂ ਦੀ ਤਨਖਾਹ ਹਰ ਮਹੀਨੇ ਦੀ ਪੰਜ ਤਰੀਕ ਤੱਕ ਜਾਰੀ ਕਰਨੀ ਯਕੀਨੀ ਬਣਾਉਣ, ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦਾ ਭੁਗਤਾਨ, ਅਤੇ ਸਕੂਲਾਂ ਦੇ ਬਿਜਲੀ ਦੇ ਬਿੱਲ ਭਰਨ ਲਈ ਬਜਟ ਤੁਰੰਤ ਜਾਰੀ ਕਰਨ ਤੋਂ ਇਲਾਵਾ 5178 ਅਧਿਆਪਕਾਂ ਦੇ ਬਕਾਏ ਪਟੀਸ਼ਨਰਾਂ ਤੇ ਨਾਨ- ਪਟੀਸ਼ਨਰਾਂ ਦੇ ਵੱਖਰੇਵੇਂ ਛੱਡ ਕੇ ਤੁਰੰਤ ਜਾਰੀ ਕਰਨ, ਪੇਅ ਕਮਿਸ਼ਨ ਦੇ ਏਰੀਅਰ ਅਤੇ ਬਕਾਇਆ ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਇਹ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਮੋਰਚਾ ਖੋਲ੍ਹਿਆ ਜਾਵੇਗਾ । ਇਸ ਮੌਕੇ ਵਫ਼ਦ ਵਿਚ ਪ੍ਰਿਤਪਾਲ ਸਿੰਘ, ਗੁਰਜੀਤ ਸਿੰਘ ਪੱਖੋ ਕਲਾਂ, ਗੁਰਤੇਜ ਸਿੰਘ ਪੱਖੋ, ਦਰਸ਼ਨ ਸਿੰਘ ਜੋਗਾ, ਤਰਵਿੰਦਰ ਸਿੰਘ ਸਰਾਂ, ਸੁਖਜਿੰਦਰ ਸਿੰਘ, ਹਰਜੀਤ ਸਿੰਘ ਜੋਗਾ ਆਦਿ ਹਾਜ਼ਰ ਸਨ।