ਢਲਦੀ ਦੁਪਹਿਰੇ ਰਚਾਇਆ ਪ੍ਰਿੰ. ਨਰੋਤਮ ਸਿੰਘ ਅਤੇ ਡਾ. ਇਕਬਾਲ ਕੌਰ ਨਾਲ ਸਾਹਿਤਕ ਸੰਵਾਦ

0
42
ਢਲਦੀ ਦੁਪਹਿਰੇ ਰਚਾਇਆ ਪ੍ਰਿੰ. ਨਰੋਤਮ ਸਿੰਘ ਅਤੇ ਡਾ. ਇਕਬਾਲ ਕੌਰ ਨਾਲ ਸਾਹਿਤਕ ਸੰਵਾਦ
ਅੰਮ੍ਰਿਤਸਰ, 14 ਜੂਨ 2025
ਜੂਨ ਮਹੀਨੇ ਦੀਆਂ ਤਪਦੀਆਂ ਦੁਪਹਿਰਾਂ ‘ਚ ਵੀ ਜਦੋਂ ਚਾਰ ਜੀਅ ਮਿਲ ਬੈਠ ਕੇ ਗੱਲਾਂ ਬਾਤਾਂ ਕਰਦੇ ਹਨ ਤਾਂ ਧੁਰ ਕਾਲਜੇ ਠੰਢ ਪੈਂਦੀ ਹੈ। ਇਹ ਵਿਚਾਰ ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਕਿਛ ਸੁਣੀਐ ਕਿਛੁ ਕਹੀਐ” ਸਮਾਗਮਾਂ ਦੇ ਅੰਤਰਗਤ ਪ੍ਰਿੰ. ਨਰੋਤਮ ਸਿੰਘ ਅਤੇ ਡਾ. ਇਕਬਾਲ ਕੌਰ ਸੌਂਧ ਨੇ ਸੰਬੋਧਨ ਕਰਦਿਆਂ ਕਹੇ।
  ਉਹਨਾਂ ਸੰਤਾਲੀ ਦੇ ਉਜਾੜੇ ਦੀਆਂ ਲੂੰ ਕੰਢੇ ਖੜ੍ਹੇ ਕਰਨ ਵਾਲੀਆਂ ਗੱਲਾਂ ਕਰਦਿਆਂ ਆਪਣੇ ਬਾਪ ਗਹਿਲ ਸਿੰਘ ਛੱਜਲਵਿੱਡੀ ਦਾ ਉਚੇਚਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਹਨਾਂ ਵੇਲਿਆਂ ‘ਚ ਝੁੱਲੀ ਫਿਰਕੂ ਹਨੇਰੀ ਨੇ ਆਦਮੀ ਨੂੰ ਹੈਵਾਨ ਬਣਾ ਦਿੱਤਾ ਸੀ ਅਤੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਬਾਂਹ ਫੜਨ ਕਰਕੇ ਹੀ ਉਹਨਾਂ ਦੇ ਬਾਪ ਨੂੰ ਦੰਗਈਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਣਾ ਪਿਆ ਸੀ।
  ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਮਾਝੇ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਗੂਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ  ਅੰਮ੍ਰਿਤਸਰ ਅਤੇ ਗੂਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਵਿਖੇ ਆਧਿਆਪਨ ਦਾ ਕਾਰਜ ਕਰਦੇ ਰਹੇ ਪ੍ਰਿੰ. ਨਰੋਤਮ ਸਿੰਘ ਅਤੇ ਡਾ. ਸੌਂਦ ਪੰਜਾਬੀ ਸਾਹਿਤ ਵਿਚ ਸਤਿਕਾਰਤ  ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ।
 ਮਨਮੋਹਨ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਬਜ਼ੁਰਗ ਲੇਖਕਾਂ ਨਾਲ ਕੀਤੀਆਂ ਇਹਨਾਂ ਮੁਲਾਕਾਤਾਂ ਨੂੰ ਕਿਤਾਬੀ ਰੂਪ ਵਿਚ ਸਾਂਭਣ ਦਾ ਉਪਰਾਲਾ ਕਰਨਗੇ।
ਨਾਰੀ ਚੇਤਨਾ ਮੰਚ ਦੀ ਪ੍ਰਧਾਨ ਜਸਪਾਲ ਭਾਟੀਆ, ਡਾ. ਸਰਤਾਜ ਸਿੰਘ ਅਤੇ ਡਾ. ਕਿਰਨ ਨੇ ਵੀ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਮੁੱਲਵਾਨ ਟਿੱਪਣੀਆਂ ਕੀਤੀਆਂ।
 ਸਭਾ ਵਲੋਂ ਸੁਮੀਤ ਸਿੰਘ ਅਤੇ ਡਾ. ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here