ਨਿਰੰਕਾਰੀ ਸੰਤ ਸਮਾਗਮ ਖੁਸ਼ੀਆਂ-ਖੇੜ੍ਹਿਆਂ ਦੇ ਆਨੰਦਮਈ ਮਾਹੌਲ ਚ ਸਫਲਤਾਪੂਰਵਕ ਸਮਾਪਤ
ਰੱਬੀ ਗੁਣਾਂ ਨਾਲ ਭਰਪੂਰ ਹੋ ਕੇ ਸੱਚੇ ਮਨੁੱਖ ਬਣੋ – ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਹੁਸ਼ਿਆਰਪੁਰ , 31 ਜਨਵਰੀ, 2024
“ਪਿਆਰ, ਨਿਮਰਤਾ, ਮਿਠਾਸ ਵਰਗੇ ਦੈਵੀ ਗੁਣਾਂ ਨੂੰ ਅਪਣਾ ਕੇ, ਆਓ ਮਨ-ਵਚਨ-ਕਰਮਾਂ ਦੁਆਰਾ ਸੱਚੇ ਮਨੁੱਖ ਬਣੀਏ।” ਇਹ ਪਾਵਨ ਪ੍ਰਵਚਨਾਂ ਦਾ ਪ੍ਰਗਟਾਵਾ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਾਗਪੁਰ ਵਿੱਚ ਆਯੋਜਿਤ ਤਿੰਨ ਰੋਜ਼ਾ ਨਿਰੰਕਾਰੀ ਸੰਤ ਸਮਾਗਮ ਦੀ ਸਮਾਪਤੀ ਦੌਰਾਨ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਯਾਦਗਾਰ ਇਲਾਹੀ ਸੰਤ ਸਮਾਗਮ ਅਮਿਟ ਯਾਦਾਂ ਦੇ
ਬਿਖਰਾਓ ਨਾਲ ਆਨੰਦਮਈ ਮਾਹੌਲ ਵਿੱਚ ਸਮਾਪਤ ਹੋਇਆ।
ਸਤਿਗੁਰੂ ਮਾਤਾ ਜੀ ਨੇ ਸਮਰਪਣ ਦੀ ਸੱਚੀ ਭਾਵਨਾ ਦਾ ਜ਼ਿਕਰ ਕਰਦੇ ਹੋਏ ਸਮਝਾਇਆ ਕਿ ਜਦੋਂ ਅਸੀਂ ਆਪਣੀ ਮੈਂ ਅਤੇ ਹਉਮੈ ਨੂੰ ਤਿਆਗ ਦਿੰਦੇ ਹਾਂ ਅਤੇ ਪੂਰੀ ਸ਼ਰਧਾ ਨਾਲ ਪ੍ਰਮਾਤਮਾ ਨਾਲ ਇੱਕ ਹੋ ਜਾਂਦੇ ਹਾਂ, ਤਦ ਸਾਡੀ ਅੰਤਰ ਆਤਮਾ ਸਕੂਨ ਅਤੇ ਅਲੌਕਿਕ ਅਨੰਦ ਦਾ ਅਨੁਭਵ ਕਰਦੀ ਹੈ। ਇਹ ਪਰਮ ਆਨੰਦ ਸਾਡੇ ਵਿਹਾਰ ਵਿੱਚ ਵੀ ਦਿਸਦਾ ਹੈ। ਫਿਰ ਸਾਰੇ ਸੰਸਾਰ ਦਾ ਹਰ ਜੀਵ ਸਾਨੂੰ ਆਪਣਾ ਜਾਪਣ ਲੱਗ ਪੈਂਦਾ ਹੈ ਅਤੇ ਸਾਡਾ ਜੀਵਨ ਮਨੁੱਖਤਾ ਦੇ ਰੱਬੀ ਗੁਣਾਂ ਨਾਲ ਸੁਗੰਧਿਤ ਹੋ ਜਾਂਦਾ ਹੈ।
ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਫਰਮਾਇਆ ਕਿ ਜਿੰਨਾ ਜ਼ਿਆਦਾ ਅਸੀਂ ਇਸ ਨਿਰੰਕਾਰ ਨਾਲ ਜੁੜਦੇ ਰਹਾਂਗੇ, ਓਨਾ ਹੀ ਸਾਡੇ ਅੰਤਰਮਨ ਦਾ ਅਸਲ ਮਨੁੱਖੀ ਰੂਪ ਪ੍ਰਗਟ ਹੋਵੇਗਾ। ਅਸੀਂ ਇਸ ਮਨੁੱਖਤਾ ਨੂੰ ਜਿਉਂਦਾ ਰੱਖਣਾ ਹੈ। ਬ੍ਰਹਮ ਗਿਆਨ ਦੁਆਰਾ ਹਰ ਪਲ ਇਸ ਪ੍ਰਮਾਤਮਾ ਦਾ ਇਹਸਾਸ ਕਰਦੇ ਹੋਏ ਭਗਤੀ ਨਾਲ ਭਰਪੂਰ ਜੀਵਨ ਜਿਉਣਾ ਹੈ।
ਸਮਾਗਮ ਦੇ ਤੀਜੇ ਦਿਨ ਦਾ ਮੁੱਖ ਆਕਰਸ਼ਨ ਬਹੁ-ਭਾਸ਼ੀ ਕਵੀ ਦਰਬਾਰ ਰਿਹਾ ਜਿਸ ਵਿੱਚ 22 ਕਵੀਆਂ ਨੇ ਸਕੂਨ ਅੰਤਰਮਨ ਦਾ’ ਵਿਸ਼ੇ ’ਤੇ ਮਰਾਠੀ, ਹਿੰਦੀ, ਕੋਂਕਣੀ, ਪੰਜਾਬੀ, ਭੋਜਪੁਰੀ, ਅੰਗਰੇਜ਼ੀ ਅਤੇ ਉਰਦੂ ਭਾਸ਼ਾਵਾਂ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਜਿਸ ਦਾ ਸਮੂਹ ਸੰਗਤਾਂ ਨੇ ਖੂਬ ਆਨੰਦ ਮਾਣਿਆ ਅਤੇ ਸਾਰਿਆਂ ਵੱਲੋਂ ਪ੍ਰਸੰਸਾ ਕੀਤੀ ਗਈ ।
ਸਮਾਗਮ ਦੇ ਅਖ਼ੀਰ ਵਿੱਚ ਸੰਤ ਨਿਰੰਕਾਰੀ ਮੰਡਲ ਦੇ ਮੈਂਬਰ ਇੰਚਾਰਜ (ਪ੍ਰਚਾਰ ਪ੍ਰਸਾਰ) ਸ਼੍ਰੀ ਮੋਹਨ ਛਾਬੜਾ ਨੇ ਨਾਗਪੁਰ ਦੀ ਨਗਰੀ ਵਿੱਚ ਸੰਤ ਸਮਾਗਮ ਦੀ ਦਾਤ ਪ੍ਰਦਾਨ ਕਰਨ ਲਈ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਮਹਾਰਾਸ਼ਟਰ ਦੇ ਅਗਲੇ 58ਵੇਂ ਸੰਤ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਗਲੇ ਨਿਰੰਕਾਰੀ ਸੰਤ ਸਮਾਗਮ ਦਾ ਅਯੋਜਨ ਪੂਣੇ ਸ਼ਹਿਰ ਦੀ ਧਰਤੀ ‘ਤੇ ਹੋਵੇਗਾ ।







