ਚੰਡੀਗੜ੍ਹ: ਆਪਣੀ 49 ਸਾਲ ਦੀ ਉਮਰ ਵਿੱਚ ਹੁਣ ਤੱਕ 69 ਪੁਸਤਕਾਂ ਲਿਖਣ ਵਾਲੇ ਪ੍ਰਸਿੱਧ ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ (ਘੁੱਦਾ) ਵਿਖੇ ਪੰਜਾਬੀ ਵਿਭਾਗ ਪੰਜਾਬ ਵਿਚ ‘ਪ੍ਰੋਫੈਸਰ ਆਫ ਪ੍ਰੈਕਟਿਸ’ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਪੰਜਾਬੀ ਲੇਖਕ ਹਨ। ਪੰਜਾਬੀ ਸਭਿਆਚਾਰ, ਸੰਗੀਤ, ਕਲਾਵਾਂ ਆਦਿ ਦੇ ਨਾਲ ਨਾਲ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਉਤੇ ਨਿੰਦਰ ਘੁਗਿਆਣਵੀ 1992 ਤੋਂ ਲਿਖਦੇ ਆ ਰਹੇ। ਉਨਾਂ ਦੀ ਸਵੈ ਜੀਵਨੀ ਪੁਸਤਕ ‘ ਮੈਂ ਸਾਂ ਜਜ ਦਾ ਅਰਦਲੀ’ ਭਾਰਤ ਦੀਆਂ ਇਕ ਦਰਜਨ ਭਾਸ਼ਾਵਾਂ ਵਿਚ ਅਨੁਵਾਦ ਹੋਣ ਬਾਅਦ ਐਨ ਬੀ ਟੀ ਦਿੱਲੀ ਅੰਗਰੇਜੀ ਵਿਚ ਪ੍ਰਕਾਸ਼ਿਤ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਰਮਨਦੀਪ ਕੌਰ ਨੇ ਦੱਸਿਆ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਵਿਚ ਆਪਣੀਆਂ ਸੇਵਾਵਾਂ ਦੌਰਾਨ ਨਿੰਦਰ ਘੁਗਿਆਣਵੀ ਪੰਜਾਬੀ ਦੇ ਉਸਤਾਦ ਗਜ਼ਲਗੋ ਸਵਰਗੀ ਦੀਪਕ ਜੈਤੋਈ ਬਾਰੇ ਇਕ ਵੱਡ ਅਕਾਰੀ ਪੁਸਤਕ ਲਿਖਣਗੇ ਅਤੇ ਵਿਦਿਆਰਥੀਆਂ ਲਈ ਲੈਕਚਰ ਦੇਣ ਦੀਆਂ ਸੇਵਾਵਾਂ ਵੀ ਨਿਭਾਉਣਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ‘ਸਾਹਿਤ ਰਤਨ’ ਨਾਲ ਸਨਮਾਨੇ ਗਏ ਘੁਗਿਆਣਵੀ ਮਹਾਂਰਾਸ਼ਟਰ ਦੀ ਕੇਂਦਰੀ ਯੂਨੀਵਰਸਿਟੀ ਵਰਧਾ ਵਿਚ ‘ਰਾਈਟਰ ਇਨ ਰੈਜੀਡੈਂਸ’ ਵੀ ਰਹਿਣ ਵਾਲੇ ਇਕਲੌਤੇ ਪੰਜਾਬੀ ਲੇਖਕ ਹਨ। ਘੁਗਿਆਣਵੀ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਪੰਜਾਬ ਸਰਕਾਰ ਦੀ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ ਲਖਵਿੰਦਰ ਜੌਹਲ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜਫਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਯੂਨੀਵਰਸਿਟੀ ਦੇ ਚਾਂਸਲਰ ਡਾ ਜਗਬੀਰ ਸਿੰਘ ਤੇ ਵਾਇਸ ਚਾਂਸਲਰ ਡਾ ਆਰ ਪੀ ਤਿਵਾੜੀ ਦਾ ਧੰਨਵਾਦ ਕੀਤਾ ਹੈ।
Boota Singh Basi
President & Chief Editor