ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ: ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸਵਾਗਤ
ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ: ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਪਠਾਨਕੋਟ ਵਿਖੇ ਲਾਮਿਸਾਲ ਸਵਾਗਤ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਗਤਾਂ ਵਲੋਂ ਭਰਵਾਂ ਸਵਾਗਤ
ਪਠਾਨਕੋਟ , 22 ਨਵੰਬਰ 2025:
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਪਵਿੱਤਰ ਸੰਦਰਭ ਵਿੱਚ ਸ੍ਰੀਨਗਰ ਤੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ, ਸ਼ਰਧਾ ਅਤੇ ਸ਼ਾਨ ਨਾਲ ਅਗਲੇ ਪੜਾਅ ਪਠਾਨਕੋਟ ਲਈ ਰਵਾਨਾ ਕੀਤਾ ਗਿਆ। ਸਥਾਨਕ ਸੰਗਤਾਂ ਨੇ ਬੀਤੀ ਰਾਤ ਸਵਾਗਤ ਸਮੇਂ ਅਤੇ ਅੱਜ ਸਵੇਰੇ ਰਵਾਨਗੀ ਸਮੇਂ ਕਈ-ਕਈ ਕਿਲੋਮੀਟਰ ਤੱਕ ਪੈਦਲ ਚੱਲ ਕੇ, ਨਗਰ ਕੀਰਤਨ ਨੂੰ ਅਧਿਆਤਮਕ ਚਾਨਣ ਨਾਲ ਰੌਸ਼ਨ ਕਰ ਦਿੱਤਾ। ਜੰਮੂ ਦੇ ਚਾਂਦ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿੱਚ ਨਗਰ ਕੀਰਤਨ ਲਈ ਵਿਸ਼ੇਸ਼ ਠਹਿਰਾਅ ਦਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਨਗਰ ਕੀਰਤਨ ਦੀ ਜੰਮੂ ਤੋਂ ਰਵਾਨਗੀ ਦੌਰਾਨ ਨੌਜਵਾਨਾਂ ਨੇ ਵਿਦਿਆਰਥੀ ਜੋਸ਼ ਤੇ ਸਿੱਖ ਪਰੰਪਰਾਵਾਂ ਦੀ ਸ਼ਾਨ ਦੇ ਪ੍ਰਤੀਕ ਗੱਤਕੇਬਾਜ਼ੀ ਦੇ ਮਨਮੋਹਕ ਜ਼ੌਹਰ ਵਿਖਾਏ, ਜਿਨ੍ਹਾਂ ਨੂੰ ਦੇਖ ਕੇ ਦਰਸ਼ਕਾਂ ਵਿਚ ਸ਼ਰਧਾ, ਉਤਸ਼ਾਹ ਅਤੇ ਭਾਵੁਕਤਾ ਦਾ ਮੰਜ਼ਰ ਦੇਖਣਯੋਗ ਸੀ। ਇਸ ਪਵਿੱਤਰ ਯਾਤਰਾ ਦੌਰਾਨ ਸਥਾਨਕ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਉੱਤੇ ਫੁੱਲਾਂ ਦੀ ਵਰਖਾ ਕਰਕੇ ਆਪਣਾ ਅਤੁੱਟ ਸਤਿਕਾਰ ਤੇ ਭਾਵ ਪ੍ਰਗਟਾਇਆ ਗਿਆ।
ਇਸ ਮਹਾਨ ਰਵਾਨਗੀ ਦੇ ਪਲਾਂ ਵਿੱਚ ਜੰਮੂ ਤੋਂ ਸੰਗਤ ਦਾ ਇੱਕ ਵਿਸ਼ਾਲ ਕਾਫ਼ਲਾ ਵੀ ਨਗਰ ਕੀਰਤਨ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਦਿਸ਼ਾ ਵੱਲ ਚੱਲ ਪਿਆ, ਜਿਸ ਨਾਲ ਇਸ ਪਵਿੱਤਰ ਯਾਤਰਾ ਦਾ ਜੋਸ਼ ਅਤੇ ਰੂਹਾਨੀ ਮਾਹੌਲ ਹੋਰ ਵੀ ਚੜ੍ਹਦਾ ਗਿਆ। ਪਠਾਨਕੋਟ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਇਸ ਮਹਾਨ ਯਾਦਗਾਰੀ ਮੌਕੇ ਨੇ ਰੂਹਾਨੀਅਤ, ਭਾਈਚਾਰੇ ਅਤੇ ਸੇਵਾ-ਭਾਵਨਾ ਦਾ ਇਕ ਅਦਭੁੱਤ ਰੰਗ ਬਿਖੇਰ ਦਿੱਤਾ।
ਸ਼ਹਿਰ ਵਿੱਚੋੰ ਲੰਘਦਿਆਂ ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸਿੰਘ ਸਭਾ ਗੁਰਦੁਆਰਾ ਅਕਾਲੀ ਕੌਰ ਸਿੰਘ ਨਗਰ, ਡਗਿਆਣਾ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਵਜ਼ੀਰ, ਰਜਿੰਦਰ ਸਿੰਘ ਰੈਣਾ, ਨਰਿੰਦਰ ਸਿੰਘ ਵਜ਼ੀਰ, ਸੰਦੀਪ ਸਿੰਘ ਅਤੇ ਸੰਗਤ ਭਾਰੀ ਗਿਣਤੀ ਵਿੱਚ ਹਾਜ਼ਰ ਸੀ। ਸ੍ਰੀ ਸੰਤ ਮੇਲਾ ਸਿੰਘ ਜੀ ਦਸਤਕਾਰੀ ਆਸ਼ਰਮ ਵਿਖੇ ਸੰਗਤ ਵੱਲੋਂ ਮਹੰਤ ਮਨਜੀਤ ਸਿੰਘ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਸਿੰਘ ਸਭਾ ਗੁਰਦੁਆਰਾ ਡਗਿਆਣਾ ਕੈਂਪ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ, ਮਨਜੀਤ ਸਿੰਘ, ਸੂਰਜ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਡਗਿਆਲ ਅਤੇ ਅਮਾਰ ਵਿਖੇ ਵਿਕਰਮ ਸਿੰਘ ਸਰਪੰਚ, ਸਵਰਨ ਸਿੰਘ, ਸੁਰਜੀਤ ਸਿੰਘ ਜਗਦੀਪ ਸਿੰਘ ਦਰਬਾਰੀ ਸਿੰਘ ਸਿਮਰਨਜੀਤ ਸਿੰਘ ਆਦਿ ਸਣੇ ਕਸ਼ਮੀਰੀ ਸਿੱਖ ਸੰਗਤ ਵਲੋਂ ਨਗਰ ਕੀਰਤਨ ਲਈ ਕਾਹਵੇ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕੁੰਜਵਾਣੀ ਦੀ ਸੰਗਤ ਵਲੋਂ ਮਾਤਾ ਵੈਸ਼ਨੋ ਦੇਵੀ ਬਾਈਪਾਸ ‘ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਸਰੌਰ ਇਲਾਕੇ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਇਸ ਤੋਂ ਇਲਾਵਾ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਇਲਾਕੇ ਵਿਖੇ ਸਾਬਕਾ ਕੈਬਨਿਟ ਮੰਤਰੀ ਜੰਮੂ-ਕਸ਼ਮੀਰ ਸ. ਮਨਜੀਤ ਸਿੰਘ, ਗਿਆਨੀ ਹਰਪਾਲ ਸਿੰਘ, ਜਸਵੀਰ ਸਿੰਘ, ਹਰਨਾਮ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ ਅਤੇ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਬਾੜੀ ਬ੍ਰਾਹਮਣਾਂ ਅੱਡਾ ਸਾਂਬਾ ਵਿਖੇ ਵੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ।
ਕਠੂਆ ਜ਼ਿਲ੍ਹੇ ਦੇ ਰਾਜਬਾਗ ਇਲਾਕੇ ਦੀ ਸੰਗਤ ਅਤੇ ਜ਼ਿਲ੍ਹਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਠੂਆ ਵਲੋਂ ਰਾਜਬਾਗ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ ਖਜਾਨਚੀ, ਕੁਲਦੀਪ ਸਿੰਘ, ਗੁਰਨਾਮ ਸਿੰਘ, ਅਮਰਜੀਤ ਸਿੰਘ ਜਗਜੀਤ ਸਿੰਘ ਆਦਿ ਹਾਜ਼ਰ ਸਨ।ਕਾਲੀਬੜੀ ਦੀ ਸੰਗਤ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਠੰਡੀ ਮਿੱਠੀ ਲੱਸੀ ਦੇ ਦੇ ਲੰਗਰ ਲਗਾਇਆ ਗਿਆ। ਡਾਕਟਰ ਏ.ਕੇ . ਗੁਪਤਾ ਵਲੋਂ ਲੰਗਰ ਲਗਾਇਆ ਗਿਆ।
ਜ਼ਿਲ੍ਹਾ ਗੁਰੁਦੁਆਰਾ ਪ੍ਰਬੰਧਕ ਕਮੇਟੀ ਕਠੂਆ ਵਲੋਂ ਹਟਲੀ ਮੋੜ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਗੁਰੁਦੁਆਰਾ ਪ੍ਰਬੰਧਕ ਕਮੇਟੀ ਕਠੂਆ ਦੇ ਚਰਨਜੀਤ ਸਿੰਘ ਭੋਲਾ, ਐਮ ਐਲ.ਏ. ਕਠੂਆ ਡਾਕਟਰ ਭਾਰਤ ਭੂਸ਼ਨ, ਤਹਿਸੀਲਦਾਰ ਕਠੂਆ ਜਤਿੰਦਰ ਸ਼ਰਮਾ,ਪ੍ਰਵੀਨ ਸਿੰਘ ਜਨਰਲ ਸਕੱਤਰ ਹਾਜ਼ਰ ਸਨ
ਵਰਨਣਯੋਗ ਹੈ ਕਿ ਬੀਤੀ ਦੇਰ ਰਾਤ ਨਗਰ ਕੀਰਤਨ ਦੇ ਜੰਮੂ ਸ਼ਹਿਰ ਪਹੁੰਚਣ ‘ਤੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਮਾਂਡਾ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ। ਜ਼ਿਲ੍ਹਾ ਗੁਰੁਦੁਆਰਾ ਪ੍ਰਬੰਧਕ ਕਮੇਟੀ ਜੰਮੂ ਵਲੋਂ ਸਾਂਝੇ ਤੌਰ ‘ਤੇ ਮਾਂਡਾ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਸਵਾਗਤ ਸਮਾਗਮ ਲਈ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਯਾਦਗਾਰ ਸ੍ਰੀ ਬਾਲਾ ਪ੍ਰੀਤਮ ਜੀ ਤ੍ਰਿਕੁਟਾ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਯਾਦਗਾਰ ਛਟੀ ਪਾਤਸ਼ਾਹੀ ਜੀ ਤਲਾਬ ਤੀਲੋ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਖਸ਼ੀ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਯਾਦਗਾਰ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਪ੍ਰੀਤ ਨਗਰ ਜੰਮੂ, ਪ੍ਰਬੰਧਕ ਕਮੇਟੀ ਗੁਰਦੁਆਰਾ ਕਲਗ਼ੀਧਰ ਸਾਹਿਬ ਜੀ ਰਿਹਾੜੀ ਜੰਮੂ, ਗੁਰਦੁਆਰਾ ਯਾਦਗਾਰ ਸੰਤ ਸੁੰਦਰ ਸਿੰਘ ਜੀ ਤਪੋ ਸਥਾਨ ਅਖਨੂਰ, ਸੁਰਿੰਦਰ ਸਿੰਘ ਕਾਲਾ ਪ੍ਰਧਾਨ ਵੈਜੀਟੇਬਲ ਐਂਡ ਫਰੂਟ ਐਸੋਸੀਏਸ਼ਨ ਨਰਵਾਲ ਮੰਡੀ ਵਲੋਂ ਸਾਂਝੇ ਤੌਰ ‘ਤੇ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰ.ਟੀ.ਉ. ਜੰਮੂ ਜਸਵੀਰ ਸਿੰਘ, ਮੁੱਖ ਸੇਵਾਦਾਰ ਰਣਜੀਤ ਸਿੰਘ ਟੌਹੜਾ, ਸੰਤ ਤੇਜਵੰਤ ਸਿੰਘ ਡੰਨੇ ਵਾਲੇ, ਜਨਰਲ ਸਕੱਤਰ ਮਾਸਟਰ ਰਣਬੀਰ ਸਿੰਘ, ਜਗਪਾਲ ਸਿੰਘ ਖ਼ਜ਼ਾਨਚੀ, ਤਰਨਜੀਤ ਸਿੰਘ ਧਰਮ ਪ੍ਰਚਾਰ ਕਮੇਟੀ ਇੰਚਾਰਜ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਜਨਰਲ ਸਕੱਤਰ ਆਦਿ ਹਾਜ਼ਰ ਸਨ।
ਸ੍ਰੀਨਗਰ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਪੰਜਾਬ ਵਿਚ ਦਾਖਲ ਹੋਣ ਤੇ ਮਾਧੋਪੁਰ ਹੈੱਡਵਰਕਸ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਅਤੇ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਪੰਜਾਬ ਵਿੱਚ ਦਾਖਲ ਹੋਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਬੈਂਡ ਦੀਆਂ ਧੁੰਨਾਂ ਤੇ ਸਲਾਮੀ ਦਿੱਤੀ ਗਈ। ਇਸ ਮੌਕੇ ਨੌਜਵਾਨਾਂ ਨੇ ਗੱਤਕੇਬਾਜ਼ੀ ਦੇ ਜ਼ੌਹਰ ਵਿਖਾਏ ਅਤੇ ਸਥਾਨਕ ਸੰਗਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ, ਸੀਨੀਅਰ ਸੁਪਰੀਟੈਂਡਟ ਆਫ਼ ਪੁਲਿਸ ਦਲਜਿੰਦਰ ਸਿੰਘ ਢਿਲੋ, ਉਪ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਸਵਰਨ ਸਲਾਰੀਆ , ਅਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਸਾਹਿਬ ਸਿੰਘ ਸਾਬਾ, ਬਲਜਿੰਦਰ ਬੰਟੀ ਪ੍ਰਧਾਨ ਕਿਸਾਨ ਵਿੰਗ ਆਦਿ ਹਾਜ਼ਰ ਸਨ।
ਇਹ ਨਗਰ ਕੀਰਤਨ ਮਾਧੋਪੁਰ, ਸੁਜਾਨਪੁਰ, ਮਲਕਪੁਰ, ਛੋਟੀ ਨਹਿਰ, ਟੈਂਕ ਚੌਕ, ਬੱਸ ਅੱਡਾ ਪਠਾਨਕੋਟ, ਲਾਈਟਾਂ ਵਾਲਾ ਚੌਂਕ, ਮਿਸ਼ਨ ਚੈੱਕ ਹੁੰਦੇ ਹੋਏ ਰਾਤ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ, ਪਠਾਨਕੋਟ ਵਿਖੇ ਠਹਿਰਾਓ ਹੈ। ਇਸੇ ਤਰ੍ਹਾਂ ਮਿਤੀ 21.11.2025 ਨੂੰ ਸਵੇਰੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ, ਪਠਾਨਕੋਟ ਤੋਂ ਚੱਲ ਕੇ ਸਿੰਬਲ ਹੱਕ, ਚੱਕੀ ਪੁੱਲ, ਡਮਟਾਲ, ਮੀਰਥਲ, ਟੋਲ ਪਲਾਜਾ ਮਾਨਸਰ ਤੋਂ ਹੁੰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਵਿੱਚ ਦਾਖਲ ਹੋ ਜਾਵੇਗਾ।
ਇਸ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸਰੂਪ, ਪੰਜ ਪਿਆਰੇ ਅਤੇ ਬਹੁਤ ਸਾਰੀ ਸੰਗਤ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਕਿ 19 ਨਵੰਬਰ ਨੂੰ ਸ੍ਰੀਨਗਰ ਤੋਂ ਅਰੰਭ ਹੋਇਆ ਨਗਰ ਕੀਰਤਨ ਪਠਾਨਕੋਟ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਕੇ ਕੁੱਲ 544 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।






