ਪਿੰਡ ਛਾਜਲੀ ਵਿੱਚ ਜਲਦ ਲੱਗੇਗਾ ਐਸਟ੍ਰੋਟਰਫ ਹਾਕੀ ਮੈਦਾਨ: ਹਰਪਾਲ ਸਿੰਘ ਚੀਮਾ ਜੋ ਨੌਜਵਾਨ ਖੇਡਾਂ ਨਾਲ ਜੁੜੇ ਰਹਿੰਦੇ ਹਨ, ਉਹ ਨਸ਼ੇ ਵਰਗੀਆਂ ਬੁਰਾਈਆਂ ਦੀ ਗ੍ਰਿਫ਼ਤ ਵਿੱਚ ਨਹੀਂ ਆ ਸਕਦੇ: ਹਰਪਾਲ ਸਿੰਘ ਚੀਮਾ
ਪਿੰਡ ਛਾਜਲੀ ਵਿੱਚ ਜਲਦ ਲੱਗੇਗਾ ਐਸਟ੍ਰੋਟਰਫ ਹਾਕੀ ਮੈਦਾਨ: ਹਰਪਾਲ ਸਿੰਘ ਚੀਮਾ
ਜੋ ਨੌਜਵਾਨ ਖੇਡਾਂ ਨਾਲ ਜੁੜੇ ਰਹਿੰਦੇ ਹਨ, ਉਹ ਨਸ਼ੇ ਵਰਗੀਆਂ ਬੁਰਾਈਆਂ ਦੀ ਗ੍ਰਿਫ਼ਤ ਵਿੱਚ ਨਹੀਂ ਆ ਸਕਦੇ: ਹਰਪਾਲ ਸਿੰਘ ਚੀਮਾ
ਦਲਜੀਤ ਕੌਰ
ਸੰਗਰੂਰ, 9 ਫਰਵਰੀ, 2026 : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਸਿਹਤਮੰਦ ਮਾਹੌਲ ਪ੍ਰਦਾਨ ਕਰਨ ਦੇ ਲਗਾਤਾਰ ਯਤਨਾਂ ਅਧੀਨ, ਪਿੰਡ ਛਾਜਲੀ ਦੇ ਹਾਕੀ ਮੈਦਾਨ ਵਿੱਚ ਜਲਦ ਹੀ ਐਸਟ੍ਰੋਟਰਫ (ਸਿੰਥੈਟਿਕ ਟਰਫ) ਸਤਹਿ ਲਗਾਈ ਜਾਵੇਗੀ। ਇਸ ਸਬੰਧੀ ਐਲਾਨ ਵਿੱਤ ਅਤੇ ਯੋਜਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕੀਤਾ ਹੈ।
ਪਿੰਡ ਛਾਜਲੀ ਵਿਖੇ ਹਾਕੀ ਟੂਰਨਾਮੈਂਟ ਵਿੱਚ ਸ਼ਿਰਕਤ ਕਰਦਿਆਂ ਸ੍ਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਪੜਾਅ ਵਿੱਚ 4000 ਆਧੁਨਿਕ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪਿੰਡਾਂ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਰਾਜ ਵਿੱਚ ਹਾਕੀ ਅਤੇ ਹੋਰ ਖੇਡਾਂ ਲਈ ਐਸਟ੍ਰੋਟਰਫ ਮੈਦਾਨਾਂ ਦੀ ਸਥਾਪਨਾ ਅਤੇ ਅਪਗ੍ਰੇਡੇਸ਼ਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਹ ਕਦਮ ਨੌਜਵਾਨਾਂ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਲੈ ਜਾਣ ਅਤੇ ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦੀ ਸ਼ਾਨ ਵਧਾਉਣ ਲਈ ਚੁੱਕੇ ਗਏ ਹਨ। ਪੰਜਾਬ ਨੂੰ ਖੇਡਾਂ ਦਾ ਹੱਬ ਬਣਾਉਣ ਲਈ ਲਗਭਗ 1000 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਪ੍ਰੋਗਰਾਮਾਂ ਰਾਹੀਂ ਗ੍ਰਾਸਰੂਟ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮੰਤਰੀ ਚੀਮਾ ਨੇ ਕਿਹਾ ਕਿ ਪਿੰਡ ਛਾਜਲੀ ਹਾਕੀ ਦਾ ਇੱਕ ਮਜ਼ਬੂਤ ਗੜ੍ਹ ਰਿਹਾ ਹੈ ਅਤੇ ਇੱਥੋਂ ਬਹੁਤ ਸਾਰੇ ਚੰਗੇ ਖਿਡਾਰੀ ਉੱਭਰੇ ਹਨ। ਹੁਣ ਐਸਟ੍ਰੋਟਰਫ ਮੈਦਾਨ ਲੱਗਣ ਨਾਲ ਖਿਡਾਰੀ ਵਧੀਆ ਅੰਤਰਰਾਸ਼ਟਰੀ ਪੱਧਰ ਦੀ ਸਹੂਲਤਾਂ ਵਾਲੇ ਮੈਦਾਨ ਤੇ ਖੇਡ ਸਕਣਗੇ, ਜਿਸ ਨਾਲ ਉਨ੍ਹਾਂ ਦੀ ਪ੍ਰਦਰਸ਼ਨ ਵਿੱਚ ਵਾਧਾ ਹੋਵੇਗਾ ਅਤੇ ਰਾਜ ਦੀ ਸ਼ਾਨ ਵਧੇਗੀ।
ਉਨ੍ਹਾਂ ਨੇ ਖਾਸ ਤੌਰ ਤੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਪਿੰਡ ਦੀਆਂ ਤਿੰਨ ਕੁੜੀਆਂ ਨੂੰ ਹਾਲ ਹੀ ਵਿੱਚ ਰਾਸ਼ਟਰੀ ਪੱਧਰ ਲਈ ਚੋਣ ਹੋਈ ਹੈ। ਇਹ ਪਿੰਡ ਦੀ ਖੇਡ ਸੱਭਿਆਚਾਰ ਅਤੇ ਨੌਜਵਾਨਾਂ ਦੀ ਮਿਹਨਤ ਦਾ ਸਿੱਟਾ ਹੈ।
ਸ. ਚੀਮਾ ਨੇ ਪ੍ਰਬੰਧਕਾਂ ਅਤੇ ਸਥਾਨਕ ਖੇਡ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਸਾਲ ਵਿੱਚ ਘੱਟੋ-ਘੱਟ ਦੋ ਵਾਰ ਵੱਖ-ਵੱਖ ਟੂਰਨਾਮੈਂਟ ਕਰਵਾਇਆ ਕਰਨ। ਇਸ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦੇ ਵਧੇਰੇ ਮੌਕੇ ਮਿਲਣਗੇ ਅਤੇ ਖੇਡਾਂ ਦਾ ਪੱਧਰ ਵੀ ਉੱਚਾ ਹੋਵੇਗਾ।
ਉਨ੍ਹਾਂ ਜ਼ੋਰ ਦਿੱਤਾ ਕਿ ਜੋ ਨੌਜਵਾਨ ਖੇਡਾਂ ਜਾਂ ਖੇਡ ਮੈਦਾਨਾਂ ਨਾਲ ਜੁੜੇ ਰਹਿੰਦੇ ਹਨ, ਉਹ ਨਸ਼ੇ ਵਰਗੀਆਂ ਬੁਰਾਈਆਂ ਦੀ ਗ੍ਰਿਫ਼ਤ ਵਿੱਚ ਨਹੀਂ ਆ ਸਕਦੇ। ਖੇਡਾਂ ਨੌਜਵਾਨਾਂ ਨੂੰ ਸਿਹਤਮੰਦ, ਅਨੁਸ਼ਾਸਿਤ ਅਤੇ ਸਕਾਰਾਤਮਕ ਦਿਸ਼ਾ ਵੱਲ ਲੈ ਜਾਂਦੀਆਂ ਹਨ। ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਅਤੇ ਮੱਦਦ ਕਰਨ ਲਈ ਵਚਨਬੱਧ ਹੈ।
ਇਸ ਮੌਕੇ ਤੇ ਸਥਾਨਕ ਖੇਡ ਪ੍ਰੇਮੀਆਂ, ਪੰਚਾਇਤ ਮੈਂਬਰਾਂ ਅਤੇ ਗੁਰੂ ਸਿੱਖਿਆ ਪ੍ਰੇਮੀਆਂ ਨੇ ਮੰਤਰੀ ਦਾ ਧੰਨਵਾਦ ਕੀਤਾ ਅਤੇ ਇਸ ਐਲਾਨ ਨੂੰ ਪਿੰਡ ਲਈ ਵੱਡੀ ਸੌਗਾਤ ਦੱਸਿਆ।







