ਪਿੰਡ ਮਾਹਨੇ ਮੱਲੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਿਸ਼ਾਲ ਕੈਂਪ ਆਯੋਜਿਤ
ਕੇਂਦਰ ਦੀ ਹਰ ਇੱਕ ਸਹੂਲਤ ਲਾਭਪਾਤਰੀ ਦੇ ਘਰ ਪਹੁੰਚਾਉਣ ਦੀ ਭਾਜਪਾ ਹੈ ਪਾਬੰਦ– ਹਰਜੀਤ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,27 ਜੂਨ
ਭਾਰਤ ਦੀ ਸੱਤਾ ‘ਤੇ ਲਗਾਤਾਰ ਤੀਸਰੀ ਵਾਰ ਕਾਮਯਾਬੀ ਨਾਲ ਬਨਣ ਵਾਲੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੇਂਦਰ ਵਿੱਚ ਬਿਰਾਜਮਾਨ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਸਿੱਧੀਆਂ ਸਹੂਲਤਾਂ ਪਹੁੰਚਾਉਣ ਦੇ ਮਕਸਦ ਨਾਲ ਮੋਦੀ ਸਰਕਾਰ ਵਿਸ਼ੇਸ਼ ਸੇਵਾ ਅਭਿਆਨ ਤਹਿਤ ਪੂਰੇ ਦੇਸ਼ ਅੰਦਰ ਪੰਦਰਵਾੜਾ ਮੁਹਿੰਮ ਚਲਾ ਕੇ ਯੋਗ ਲਾਭਪਾਤਰੀਆਂ ਨੂੰ ਖੱਜਲ ਖੁਆਰੀ ਤੋਂ ਦੂਰ ਕੀਤਾ ਜਾ ਰਿਹਾ ਹੈ।ਇਸੇ ਤਹਿਤ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਮਾਹਨੇ ਮੱਲੀਆਂ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਾਰਟੀ ਆਗੂ ਸਾਬਕਾ ਸਰਪੰਚ ਸ੍ਰੀਮਤੀ ਸਰਬਜੀਤ ਕੌਰ ਦੇ ਉੱਦਮਾਂ ਸਦਕਾ ਉਨ੍ਹਾਂ ਦੇ ਗ੍ਰਹਿ ਵਿਖੇ ਡਿਜੀਟਲ ਆਨ ਲਾਈਨ ਕੈਂਪ ਲਗਾ ਕੇ ਮੌਕੇ ‘ਤੇ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦਾ ਲਾਭ ਦਿੱਤਾ ਗਿਆ।ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਹੀ ਖੇਤਰੀ ਪਾਰਟੀਆਂ ਨੇ ਗੁੰਮਰਾਹ ਕੀਤਾ ਹੈ ਅਤੇ ਵੱਖ-ਵੱਖ ਸਮੇਂ ਤਹਿਤ ਝੂਠ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਕਰਜੇ ਦੇ ਬੋਝ ਹੇਠ ਦਬਾਈ ਰੱਖਿਆ ਹੈ ਪਰ ਹੁਣ ਲੋਕਾਂ ਦੇ ਘਰਾਂ ਤੱਕ ਭਾਜਪਾ ਆਪਣੀਆਂ ਨੀਤੀਆਂ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੀ ਹੈ ਅਤੇ ਲੋਕ ਵੀ ਜਾਗਰੂਕ ਹੋ ਰਹੇ ਹਨ ਕਿ ਜਿੰਨੀਆਂ ਵੀ ਸਹੂਲਤਾਂ ਸਰਕਾਰੀ ਤੌਰ ‘ਤੇ ਲੋਕਾਂ ਨੂੰ ਮਿਲਦੀਆਂ ਹਨ ਉਹ ਸਾਰੀਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਦੇਸ਼ ਵਿੱਚ ਬਰਾਬਰ ਦਿੱਤੀਆਂ ਜਾ ਰਹੀਆਂ ਹਨ ਪਰ ਪੰਜਾਬ ਦੇ ਹਾਕਮਾਂ ਦੇ ਮਾੜੀ ਨੀਤੀ ਕਰਕੇ ਸਾਡੇ ਤੱਕ ਪਹੁੰਚਣ ਵਿੱਚ ਜੋ ਮੁਸ਼ਕਿਲ ਆ ਰਹੀ ਸੀ ਉਹ ਹੁਣ ਜਲਦੀ ਦੂਰ ਹੋ ਜਾਵੇਗੀ ਕਿਉਂਕਿ ਭਾਜਪਾ ਦੇ ਆਗੂ ਆਪ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।ਇਸੇ ਤਹਿਤ ਹੀ ਪਿੰਡਾਂ ਵਿੱਚ ਡਿਜੀਟਲ ਕੈਂਪ ਲਗਾ ਕੇ ਪੰਜ ਲੱਖ ਤੱਕ ਰੁਪਏ ਦਾ ਮੁਫਤ ਇਲਾਜ ਲਈ ਮੈਡੀਕਲ ਕਾਰਡ,ਕਿਸਾਨ ਸਨਮਾਨ ਨਿਧੀ,ਅਵਾਸ ਯੋਜਨਾ ਤਹਿਤ ਗਰੀਬਾਂ ਦੇ ਕੱਚੇ ਮਕਾਨ ਪੱਕੇ ਕਰਨ ਦੀ ਸਹੂਲਤ,ਈ-ਸ਼੍ਰਮ ਕਾਰਡ,ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ,
ਐਨਐਸਏਪੀ ਤਹਿਤ ਪੈਨਸ਼ਨ,ਪ੍ਰਧਾਨ ਮੰਤਰੀ ਸੂਰਯਾ ਘਰ ਮੁਫਤ ਬਿਜਲੀ ਯੋਜਨਾ,ਟੂਰ ਕਿੱਟ ਵੰਡ ਪ੍ਰੋਗਰਾਮ ਆਦਿ ਸਕੀਮਾਂ ਮੌਕੇ ‘ਤੇ ਹੀ ਦਿੱਤੀਆਂ ਜਾ ਰਹੀਆਂ ਹਨ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਗਏ ਹਨ ਅਤੇ ਮੋਦੀ ਸਰਕਾਰ ਵੱਲੋਂ ਆ ਰਹੀਆਂ ਸਹੂਲਤਾਂ ਦਾ ਲਾਭ ਵੀ ਲੈ ਰਹੇ ਹਨ,ਪਰ ਪੰਜਾਬ ਦੀ ‘ਆਪ’ ਸਰਕਾਰ ਨੇ ਬੁਖਲਾਹਟ ਵਿੱਚ ਆ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ ਨਜਾਇਜ ਹੀ ਦਫ਼ਤਰਾਂ ਦੇ ਚੱਕਰ ਮਰਵਾਏ ਜਾਂਦੇ ਹਨ ਕਿ ਉਹ ਅੱਕ ਹਾਰ ਕੇ ਘਰਾਂ ਵਿੱਚ ਬੈਠੇ ਜਾਣ ਪਰੰਤੂ ‘ਆਪ’ ਸਰਕਾਰ ਦੀ ਵਿਰੋਧੀ ਸੋਚ ਦਾ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਹੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ‘ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ ਅਤੇ ਪਾਰਟੀ ਆਗੂ ਸਾਹਿਬਾਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ‘ਤੇ ਪਿੰਡ ਮਾਹਨੇ ਮੱਲੀਆਂ ਦੇ ਸਤਿਕਾਰਯੋਗ ਨਿਵਾਸੀ ਪੰਚਾਇਤ ਮੈਂਬਰ ਜਸਬੀਰ ਸਿੰਘ,ਪੰਚਾਇਤ ਮੈਂਬਰ ਅਵਤਾਰ ਸਿੰਘ,ਪਰਮਜੀਤ ਸਿੰਘ, ਕਸ਼ਮੀਰ ਸਿੰਘ,ਮਨਜੀਤ ਸਿੰਘ,ਹਰਦੇਵ ਸਿੰਘ, ਦਵਿੰਦਰ ਸਿੰਘ,ਜੱਗਾ ਸਿੰਘ,ਚਾਨਣ ਸਿੰਘ,ਸਵਰਨ ਸਿੰਘ, ਤਰਸੇਮ ਸਿੰਘ,ਮੇਜਰ ਸਿੰਘ,ਸਮੁੰਦ ਸਿੰਘ ਨੇ ਵੀ ਸ਼ਿਰਕਤ ਕੀਤੀ।