ਪ੍ਰੋ. ਨਵ ਸੰਗੀਤ ਸਿੰਘ ਦੀ 17ਵੀਂ ਕਿਤਾਬ ਜਾਰੀ

0
13

ਪਟਿਆਲਾ : ਪੰਜਾਬੀ ਦੇ ਜਾਣੇ-ਪਛਾਣੇ ਅਨੁਵਾਦਕ, ਲੇਖਕ ਅਤੇ ਰੀਵਿਊਕਾਰ ਪ੍ਰੋ. ਨਵ ਸੰਗੀਤ ਸਿੰਘ ਦੀ ਹਿੰਦੀ ਤੋਂ ਅਨੁਵਾਦਿਤ ਇੱਕ ਕਿਤਾਬ ‘ਖਜ਼ਾਨੇ ਦੀ ਭਾਲ’ ਜਾਰੀ ਕੀਤੀ ਗਈ। ਪ੍ਰੋ. ਸਿੰਘ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਇਹ ਉਨ੍ਹਾਂ ਦੀ 17ਵੀਂ ਕਿਤਾਬ ਹੈ, ਜੋ ਉਨ੍ਹਾਂ ਨੇ ਮੂਲ ਹਿੰਦੀ ਤੋਂ ਅਨੁਵਾਦ ਕੀਤੀ ਹੈ। ਇਸ ਪੁਸਤਕ ਦੀ ਮੂਲ ਲੇਖਕਾ ਹਿੰਦੀ ਦੇ ਪੁਰਸਕ੍ਰਿਤ ਲੇਖਕਾ ਡਾ. ਊਸ਼ਾ ਯਾਦਵ ਹਨ, ਜੋ ਆਗਰਾ ਨਿਵਾਸੀ ਹਨ। ਮੂਲ ਹਿੰਦੀ ਵਿੱਚ ਇਸ ਪੁਸਤਕ ਦਾ ਨਾਂ ਹੈ -‘ਸੋਨੇ ਕੀ ਖਾਨ’। ਪ੍ਰੋ. ਸਿੰਘ ਨੇ ਦੱਸਿਆ ਕਿ ਉਂਜ ਤਾਂ ਇਹ ਕਿਤਾਬ ਕਿਸ਼ੋਰ ਉਮਰ ਦੇ ਪਾਠਕਾਂ ਲਈ ਹੈ, ਪਰ ਇਸ ਰਾਹੀਂ ਹਰ ਉਮਰ ਵਰਗ ਦੇ ਪਾਠਕਾਂ ਨੂੰ ਸਿੱਖਿਆ ਅਤੇ ਸੇਧ ਪ੍ਰਾਪਤ ਹੋਵੇਗੀ। ਇਸ ਕਿਤਾਬ ਦੇ ਕੁੱਲ ਸੱਤ ਕਾਂਡ ਹਨ, ਜਿਸ ਰਾਹੀਂ ਕਿਸ਼ੋਰ ਉਮਰ ਦੀਆਂ ਮੁੱਖ ਸਮੱਸਿਆਵਾਂ ਤੇ ਰੁਚੀਆਂ ਨੂੰ ਦਿਲਚਸਪ ਸ਼ੈਲੀ ਵਿੱਚ ਉਭਾਰਿਆ ਗਿਆ ਹੈ। “ਸ਼ਤਾਬਦੀ ਰਾਹੀਂ ਆਪਣੀ ਗਵਾਲੀਅਰ ਯਾਤਰਾ ਦੌਰਾਨ ਨਾਵਲ ਦਾ ਨਾਇਕ ਰਜਤ ਆਪਣੇ ਹੀ ਹਮਉਮਰ ਮੁੰਡੇ ਅਮਨ ਨੂੰ ਮਿਲਦਾ ਹੈ ਅਤੇ ਫਿਰ ਉਹਦੇ ਜੀਵਨ ਵਿੱਚ ਹੈਰਾਨੀਜਨਕ ਰੋਮਾਂਚਕ ਘਟਨਾਵਾਂ ਦਾ ਜੋ ਦੌਰ ਸ਼ੁਰੂ ਹੁੰਦਾ ਹੈ, ਉਹ ਕਿਸੇ ਤਲਿੱਸਮੀ ਦੁਨੀਆਂ ਤੋਂ ਘੱਟ ਨਹੀਂ ਹੈ। ਇਸੇ ਲੜੀ ਵਿੱਚ ਇੱਕ ਕਿਸ਼ੋਰ ਮਨ ਦੀਆਂ ਸੰਵੇਦਨਾਵਾਂ ਪਰਤ-ਦਰ-ਪਰਤ ਖੁੱਲ੍ਹਦੀਆਂ ਜਾਂਦੀਆਂ ਹਨ ਅਤੇ ਨਾਵਲ ਦਾ ਤਾਣਾ-ਬਾਣਾ ਬੁਣਿਆ ਜਾਂਦਾ ਹੈ। ਇਹਦਾ ਅੰਤ ਵੀ ਪਾਠਕਾਂ ਨੂੰ ਅਸਚਰਜ ਹੈਰਾਨ ਕੀਤੇ ਬਿਨਾਂ ਨਹੀਂ ਰਹੇਗਾ। ‘ਖਜ਼ਾਨੇ ਦੀ ਭਾਲ’ ਨੂੰ ਇੱਕ ਵਾਰ ਪੜ੍ਹਨਾ ਸ਼ੁਰੂ ਕਰੋਗੇ ਤਾਂ ਤੁਸੀਂ ਇਸਨੂੰ ਖਤਮ ਕੀਤੇ ਬਿਨਾਂ ਨਹੀਂ ਰਹਿ ਸਕੋਗੇ – ਇਹੋ ਇਸ ਨਾਵਲ ਦੀ ਖੂਬੀ ਹੈ।” 151 ਪੰਨਿਆਂ ਦੀ ਸਜਿਲਦ ਇਸ ਪੁਸਤਕ ਨੂੰ ਥਾਂ ਥਾਂ ਤੇ ਢੁਕਵੇਂ ਚਿੱਤਰਾਂ ਨਾਲ ਸ਼ਿੰਗਾਰਿਆ ਗਿਆ ਹੈ, ਜਿਸਨੂੰ ਸਾਹਿਤਯਸ਼ਿਲਾ ਪ੍ਰਕਾਸ਼ਨ, ਦਿੱਲੀ ਨੇ ਸੀਮਿਤ ਸਮੇਂ ਵਿੱਚ ਪ੍ਰਕਾਸ਼ਿਤ ਕਰਕੇ ਪਾਠਕਾਂ ਤੱਕ ਪਹੁੰਚਾਇਆ ਹੈ। ਪ੍ਰੋ. ਸਿੰਘ ਨੂੰ ਉਨ੍ਹਾਂ ਦੀ ਇਸ ਨਵ-ਪ੍ਰਕਾਸ਼ਿਤ ਪੁਸਤਕ ਲਈ ਦੂਰੋਂ ਨੇੜਿਓਂ ਵਧਾਈ ਸੰਦੇਸ਼ ਮਿਲ ਰਹੇ ਹਨ।

LEAVE A REPLY

Please enter your comment!
Please enter your name here