ਫ਼ਿਲਮੀ ਮਨੋਰੰਜਨ-ਔਰਤਾਂ ਵਿੱਚ ਨਸ਼ਿਆਂ ਦੀ ਸੱਮਸਿਆ ਨੂੰ ਉਜਾਗਰ ਕਰਦੀ ਫ਼ਿਲਮ ਨਿੱਕਾ ਜ਼ੈਲਦਾਰ 4

0
12
ਫ਼ਿਲਮੀ ਮਨੋਰੰਜਨ-ਔਰਤਾਂ ਵਿੱਚ ਨਸ਼ਿਆਂ ਦੀ ਸੱਮਸਿਆ ਨੂੰ ਉਜਾਗਰ ਕਰਦੀ ਫ਼ਿਲਮ ਨਿੱਕਾ ਜ਼ੈਲਦਾਰ 4

 ਔਰਤਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਉਜਾਗਰ ਕਰਦੀ ਫ਼ਿਲਮ ਨਿੱਕਾ ਜ਼ੈਲਦਾਰ 4

ਕਾਮੇਡੀ ਅਤੇ ਹਾਸੇ ਠੱਠੇ ਨਾਲ ਭਰਪੂਰ ਫ਼ਿਲਮ ਨਿੱਕਾ ਜ਼ੈਲਦਾਰ ਦਾ ਪਹਿਲਾ ਭਾਗ ਦਰਸ਼ਕਾਂ ਵੱਲੋਂ ਇਹਨਾਂ ਪਸੰਦ ਕੀਤਾ ਗਿਆ ਕਿ ਉਸ ਤੋਂ ਬਾਅਦ ਨਿੱਕਾ ਜ਼ੈਲਦਾਰ 2, ਨਿੱਕਾ ਜ਼ੈਲਦਾਰ 3 ਅਤੇ ਹੁਣ 02 ਅਕਤੂਬਰ 2025 ਨੂੰ ਸਿਨੇਮਾ ਅਤੇ 27 ਨਵੰਬਰ ਨੂੰ ਓ ਟੀ ਟੀ ਦੇ ਚੌਪਾਲ ਪਲੇਟਫਾਰਮ ਤੇ ਰਿਲੀਜ਼ ਹੋਈ ਫ਼ਿਲਮ ਨਿੱਕਾ ਜ਼ੈਲਦਾਰ 4 ਪੂਰੀ ਤਿਆਰੀ ਨਾਲ ਦਸਤਕ ਦੇ ਚੁੱਕੀ ਹੈ ਜੋ ਹਾਸੇ ਠੱਠੇ ਅਤੇ ਡਰਾਮੇ ਦੇ ਨਾਲ ਨਾਲ ਔਰਤਾਂ ਵਿੱਚ ਵਧ ਰਹੇ ਨਸ਼ਿਆਂ ਤੇ ਵੀ ਵਿਅੰਗ ਕੱਸਦੀ ਦਿਖਾਈ ਦਿੰਦੀ ਹੈ।ਇਸ ਫ਼ਿਲਮ ਦਾ ਜਦੋਂ ਟ੍ਰੇਲਰ ਰਿਲੀਜ਼ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੇ ਆਲੋਚਨਾ ਕੀਤੀ ਕਿ ਇਹ ਫ਼ਿਲਮ ਔਰਤਾਂ ਵਿੱਚ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਹੈ ਪ੍ਰੰਤੂ ਸਾਰੀ ਕਹਾਣੀ ਫ਼ਿਲਮ ਨੂੰ ਦੇਖਣ ਤੋਂ ਬਾਅਦ ਪਤਾ ਚੱਲਦੀ ਹੈ ਕਿ ਆਖ਼ਿਰ ਇਹ ਫ਼ਿਲਮ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?
ਫ਼ਿਲਮ ਦੀ ਕਹਾਣੀ ਨਿੱਕਾ (ਐਮੀ ਵਿਰਕ) ਅਤੇ ਏਂਜਲ (ਸੋਨਮ ਬਾਜਵਾ) ਦੇ ਕਾਲਜ਼ ਤੋਂ ਸ਼ੁਰੂ ਹੁੰਦੀ ਹੈ ਜਿਥੇ ਨਿੱਕਾ ਏਂਜਲ ਨੂੰ ਪਸੰਦ ਕਰਨ ਲੱਗਦਾ ਹੈ ਅਤੇ ਵਿਆਹ ਕਰਵਾ ਲੈਂਦਾ ਹੈ। ਵਿਆਹ ਤੋਂ ਪਹਿਲੀ ਰਾਤ ਹੀ ਨਿੱਕੇ ਨੂੰ ਪਤਾ ਲੱਗਦਾ ਹੈ ਕਿ ਏਂਜਲ ਨੇ ਸ਼ਰਾਬ ਪੀਤੀ ਹੈ ਉਸ ਸਮੇਂ ਤਾਂ ਏਂਜਲ ਇਹ ਝੂਠ ਬੋਲਦੀ ਹੈ ਕਿ ਉਹ ਵਿਆਹ ਤੋਂ ਬਾਅਦ ਥੋੜ੍ਹੀ ਨਰਵਸ ਮਹਿਸੂਸ ਕਰ ਰਹੀ ਸੀ ਇਸ ਕਰਕੇ ਸ਼ਰਾਬ ਪੀਤੀ ਪ੍ਰੰਤੂ ਏਂਜਲ ਦੀ ਹਰ ਰੋਜ਼ ਸ਼ਰਾਬ ਪੀਣ ਦੀ ਆਦਤ ਤੋਂ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਉਹ ਸ਼ਰਾਬ ਪੀਣ ਦੀ ਆਦੀ ਹੋ ਚੁੱਕੀ ਹੈ ਅਤੇ ਜ਼ੇਕਰ ਸ਼ਰਾਬ ਉਸ ਨੂੰ ਨਾ ਮਿਲੇ ਤਾਂ ਉਹ ਮਰ ਵੀ ਸਕਦੀ ਹੈ। ਜਦੋਂ ਨਿੱਕੇ ਦੇ ਪਰਿਵਾਰ ਨੂੰ ਇਸ ਸਾਰੀ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਏਂਜਲ ਨੂੰ ਨਸ਼ਾ ਛੁਡਾਊ ਕੇਂਦਰ ਛੱਡ ਆਉਂਦੇ ਹਨ ਉਥੇ ਵੀ ਉਸਨੂੰ ਨਸ਼ਿਆਂ ਦੇ ਨਾਲ ਨਾਲ ਹੋਰ ਬਣਾਉਟੀ ਨਸ਼ੇ ਖਾਣ ਦੀ ਆਦਤ ਪੈ ਜਾਂਦੀ ਹੈ ਕਿਉਂਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਨਸ਼ਾ ਛੁਡਾਉਣ ਦੀ ਜਗ੍ਹਾ ਤੇ ਹੋਰ ਨਸ਼ਿਆਂ ਵੱਲ ਧੱਕ ਦਿੱਤਾ ਜਾਂਦਾ ਹੈ ਕਿਉਂਕਿ ਨਸ਼ਾ ਛੁਡਾਊ ਕੇਂਦਰ ਦਾ ਕੁੱਝ ਸਟਾਫ਼ ਨਸ਼ਾ ਸਪਲਾਈ ਕਰਦਾ ਹੈ ਹੁਣ ਜਦੋਂ ਕੁੱਤੀ ਹੀ ਚੋਰਾਂ ਨਾਲ ਰਲ ਜਾਵੇ ਤਾਂ ਫ਼ਿਰ ਨਸ਼ੇ ਕਿਵੇਂ ਰੁਕਣਗੇ ਇਹ ਸਵਾਲ ਜ਼ਿਹਨ ਵਿੱਚ ਜ਼ਰੂਰ ਪੈਦਾ ਹੁੰਦਾ ਹੈ? ਨਸ਼ਾ ਛੁਡਾਊ ਕੇਂਦਰ ਤੋਂ ਆ ਕੇ ਏੰਜਲ ਆਪਣੇ ਮਾਤਾ ਪਿਤਾ ਨਾਲ ਆਪਣੇ ਘਰ ਚਲੀ ਜਾਂਦੀ ਹੈ ਅਤੇ ਅੰਤ ਵਿੱਚ  ਏਂਜਲ ਹੌਲੀ ਹੌਲੀ ਸ਼ਰਾਬ ਦੀ ਲਤ ਨੂੰ ਛੱਡਣ ਦਾ ਭਰੋਸਾ ਦਿੰਦੀ ਹੈ ਜਿਥੇ ਫਿਲਮ ਨਿੱਕਾ ਜ਼ੈਲਦਾਰ ਦਾ ਸਾਰਥਕ ਅੰਤ ਹੁੰਦਾ ਹੈ।ਹੁਣ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਜ਼ੋ ਸਵਾਲ ਜ਼ਿਹਨ ਵਿੱਚ ਪੈਦਾ ਹੁੰਦੇ ਹਨ ਉਹ ਇਹ ਹਨ ਕਿ ਆਖ਼ਿਰ ਏਂਜਲ ਨੂੰ ਸ਼ਰਾਬ ਪੀਣ ਦੀ ਆਦਤ ਕਿਵੇਂ ਪਈ ? ਇਸ ਸਵਾਲ ਦਾ ਜਵਾਬ ਹੈ ਕਿ ਏਂਜਲ ਦਾ ਪੂਰਾ ਪਰਿਵਾਰ ਸ਼ਰਾਬ ਪੀਂਦਾ ਹੈ,ਮਰਦ ਅਤੇ ਔਰਤਾਂ ਦੋਵੇਂ। ਜਦੋਂ ਏਂਜਲ ਨੇ ਪਹਿਲੀ ਵਾਰ ਸ਼ਰਾਬ ਪੀਤੀ ਉਸ ਨੂੰ ਰੋਕਿਆ ਨਹੀਂ ਸਗੋਂ ਸਮੇਂ ਸਮੇਂ ਤੇ ਉਸਦੀ ਮਾਂ ਜਿਸਦਾ ਕਿਰਦਾਰ ਅਨੀਤਾ ਦੇਵਗਨ ਨੇ ਨਿਭਾਇਆ ਹੈ ਨੇ ਉਤਸ਼ਾਹਿਤ ਕੀਤਾ। ਫ਼ਿਲਮ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਰਹੀ ਹੈ ਕਿ ਨਸ਼ਿਆਂ ਦੀ ਜੜ੍ਹਾਂ ਬਹੁਤ ਡੂੰਘੀਆਂ ਹਨ ਜ਼ੋ ਸਾਡੇ ਪੈਰਾਂ ਹੇਠੋਂ ਹੋ ਕੇ ਜਾਂਦੀਆਂ ਹਨ। ਨਸ਼ਾ ਛੁਡਾਊ ਕੇਂਦਰ ਖ਼ੁਦ ਨਸ਼ੇ ਪਰੋਸ ਰਹੇ ਹਨ। ਅਸੀਂ ਖ਼ੁਦ ਆਪਣੇ ਬੱਚਿਆਂ ਸਾਹਮਣੇ ਨਸ਼ਾ ਕਰਦੇ ਹਾਂ, ਤਾਂ ਫ਼ਿਰ ਨਸ਼ੇ ਰੁਕਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਨੂੰ ਵੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਹੋਵੇਗਾ। ਨਸ਼ਿਆਂ ਦੀ ਦਲਦਲ ਵਿੱਚੋਂ ਧਸ ਰਹੀ ਜਵਾਨੀ ਨੂੰ ਰੋਕਣ ਲਈ ਠੋਸ ਕਾਨੂੰਨ ਅਤੇ ਸਾਂਝੇ ਉਪਰਾਲੇ ਦੀ ਬਹੁਤ ਲੋੜ ਹੈ। ਫ਼ਿਲਮ ਦੀ ਕਹਾਣੀ ਨੂੰ ਜਗਦੀਪ ਸਿੱਧੂ ਨੇ ਲਿਖਿਆ ਹੈ। ਸਿਮਰਜੀਤ ਸਿੰਘ ਦੁਆਰਾ ਡਾਇਰੈਕਟ ਕੀਤੀ ਫ਼ਿਲਮ ਨੂੰ ਅਮਨੀਤ ਸ਼ੇਰ ਸਿੰਘ, ਰਮਨੀਤ ਸ਼ੇਰ ਸਿੰਘ,ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੰਘ ਸਿੱਧੂ ਦੁਆਰਾ ਪ੍ਰੋਡਿਊਜ ਕਰਕੇ ਵਾਈਟ ਹਿੱਲ ਸਟੂਡਿਊ ਅਤੇ ਪਟਿਆਲਾ ਮੋਸ਼ਨ ਪਿਕਚਰ ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ।ਐਮੀ ਵਿਰਕ, ਸੋਨਮ ਬਾਜਵਾ ਅਤੇ ਅਨੀਤਾ ਦੇਵਗਨ ਤੋਂ ਇਲਾਵਾ ਨਿਰਮਲ ਰਿਸ਼ੀ, ਸੋਨੀਆ ਕੌਰ, ਸਤਵੰਤ ਕੌਰ,ਬਨਿੰਦਰ ਬੰਨੀ, ਗੁਰਮੀਤ ਸੱਜਣ,ਰਮਨੀਕ ਸੰਧੂ,ਮਣੀ ਸੇਖੋਂ, ਨਿਸ਼ਾ ਬਾਨੋ ਅਤੇ ਧੂਤਾ ਪਿੰਡੀਆਲਾ ਸ਼ਾਮਿਲ ਹਨ। ਫ਼ਿਲਮ ਦੇ ਸਾਰੇ ਗਾਣੇ ਦਿਲ ਨੂੰ ਛੂਹਣ ਵਾਲੇ ਹਨ ਜਿਨ੍ਹਾਂ ਨੂੰ ਐਮੀ ਵਿਰਕ,ਜੱਗੀ ਸੰਘੇੜਾ,ਹਰਮਨ, ਕਪਤਾਨ, ਮਨਦੀਪ ਮਾੜੀ,ਅਰਜਨ ਵਿਰਕ ਦੁਆਰਾ ਲਿਖਿਆ ਅਤੇ ਐਮੀ ਵਿਰਕ,ਜੋਤੀ ਨੂਰਾਂ, ਗੁਰਲੇਜ਼ ਅਖ਼ਤਰ, ਗ਼ੁਲਾਬ ਸਿੱਧੂ ਅਤੇ ਨਵੀ ਸਰਾਂ ਦੁਆਰਾ ਆਪਣੀ ਆਵਾਜ਼ ਦਿੱਤੀ ਗਈ ਹੈ। ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਜ਼ੋ ਆਲੋਚਨਾ ਹੋਈ ਕਿ ਫ਼ਿਲਮ ਔਰਤਾਂ ਵਿੱਚ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਹੈ ਫ਼ਿਲਮ ਦੇਖਣ ਤੋਂ ਬਾਅਦ ਇਹ ਗੱਲ ਸਾਫ਼ ਹੋ ਜਾਵੇਗੀ ਕਿ ਫ਼ਿਲਮ ਔਰਤਾਂ ਨੂੰ ਨਸ਼ਿਆਂ ਲਈ ਉਤਸ਼ਾਹਿਤ ਨਹੀਂ ਕਰਦੀ ਸਗੋਂ ਨਸ਼ਿਆਂ ਦੀ ਦਲਦਲ ਵਿੱਚ ਧੱਸ ਰਹੀਆਂ ਔਰਤਾਂ ਦੇ ਨਸ਼ੇ ਕਰਨ ਦੇ ਕਾਰਣ ਅਤੇ ਉਹਨਾਂ ਦੀ ਮਾਨਸਿਕ ਪੀੜਾ ਨੂੰ  ਉਜਾਗਰ ਕਰਦੀ ਹੈ।
                      ਰਜਵਿੰਦਰ ਪਾਲ ਸ਼ਰਮਾ
                      ਪਿੰਡ ਕਾਲਝਰਾਣੀ
                      ਡਾਕਖਾਨਾ ਚੱਕ ਅਤਰ ਸਿੰਘ ਵਾਲਾ
                      ਤਹਿ ਅਤੇ ਜ਼ਿਲ੍ਹਾ ਬਠਿੰਡਾ
                      7087367969

LEAVE A REPLY

Please enter your comment!
Please enter your name here