ਭਗਵੰਤ ਮਾਨ ਨੈਤਿਕ ਜ਼ਿੰਮੇਵਾਰੀ ਕਬੂਲ ਕਰਕੇ ਅਸਤੀਫ਼ਾ ਦੇਣ ਅਤੇ ਨਿਰਪੱਖ ਜਾਂਚ ਦਾ ਸਾਹਮਣਾ ਕਰਨ : ਪ੍ਰੋ. ਸਰਚਾਂਦ ਸਿੰਘ ਖਿਆਲਾ।

0
10
ਭਗਵੰਤ ਮਾਨ ਨੈਤਿਕ ਜ਼ਿੰਮੇਵਾਰੀ ਕਬੂਲ ਕਰਕੇ ਅਸਤੀਫ਼ਾ ਦੇਣ ਅਤੇ ਨਿਰਪੱਖ ਜਾਂਚ ਦਾ ਸਾਹਮਣਾ ਕਰਨ : ਪ੍ਰੋ. ਸਰਚਾਂਦ ਸਿੰਘ ਖਿਆਲਾ।

ਭਗਵੰਤ ਮਾਨ ਨੈਤਿਕ ਜ਼ਿੰਮੇਵਾਰੀ ਕਬੂਲ ਕਰਕੇ ਅਸਤੀਫ਼ਾ ਦੇਣ ਅਤੇ ਨਿਰਪੱਖ ਜਾਂਚ ਦਾ ਸਾਹਮਣਾ ਕਰਨ : ਪ੍ਰੋ. ਸਰਚਾਂਦ ਸਿੰਘ ਖਿਆਲਾ।
 ਮਾਮਲੇ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਨਿਆਇਕ ਜਾਂ ਸੀਬੀਆਈ ਜਾਂਚ ਕਰਵਾਈ ਜਾਵੇ।
ਅੰਮ੍ਰਿਤਸਰ, 25 ਜੂਨ :
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰਾ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਚਰਚਿਤ ਵੀਡੀਓ ਅਤੇ ਕਥਿਤ ਫ਼ਰਜ਼ੀ ਫੋਰੈਂਸਿਕ ਰਿਪੋਰਟਾਂ ਦੇ ਮਾਮਲੇ ਨੂੰ ਪੰਜਾਬ ਦੀ ਰਾਜਨੀਤੀ, ਪ੍ਰਸ਼ਾਸਨਿਕ ਪ੍ਰਣਾਲੀ ਅਤੇ ਜਨਤਕ ਭਰੋਸੇ ਲਈ ਬੇਹੱਦ ਗੰਭੀਰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਡਰਾਮੇਬਾਜ਼ੀਆਂ ਅਤੇ ਸਫ਼ਾਈਆਂ ਦੇਣ ਦੀ ਥਾਂ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਪੂਰੇ ਮਾਮਲੇ ਦੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਨ, ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਜਾਂਚ ਦਾ ਸਾਹਮਣਾ ਕਰਨ।
ਪ੍ਰੋ. ਖਿਆਲਾ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਨਿਆਇਕ ਜਾਂ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਪਰਚਾ ਦਰਜ ਹੋਣ ਤੋਂ ਬਾਅਦ ਵੀ ਕੋਈ ਵਿਅਕਤੀ ਕੁਰਸੀ ਨਾਲ ਚੰਬੜਿਆ ਰਹਿੰਦਾ ਹੈ ਤਾਂ ਉਸ ਦੀ ਮਾਨਸਿਕ ਅਵਸਥਾ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਬਾਰੇ ਸਵਾਲ ਉੱਠਣੇ ਸੁਭਾਵਿਕ ਹਨ। ਆਮ ਹਾਲਾਤਾਂ ਵਿੱਚ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ ਬੁਖਲਾਹਟ ਵਿੱਚ ਨਜ਼ਰ ਆਉਂਦਾ ਹੈ ਅਤੇ ਅੱਜ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਦੇ ਹਾਵ-ਭਾਵ ਇਸੇ ਬੁਖਲਾਹਟ ਅਤੇ ਘਬਰਾਹਟ ਨੂੰ ਦਰਸਾਉਂਦੇ ਸਨ। ਅਜਿਹੀ ਸਥਿਤੀ ਵਿੱਚ ਸੂਬੇ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਦੀ ਉਨ੍ਹਾਂ ਦੀ ਸਮਰੱਥਾ ਬਾਰੇ ਵੀ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਵਫ਼ਦ ਦੇ ਰੂਪ ਵਿੱਚ ਪੰਜਾਬ ਦੇ ਡੀਜੀਪੀ ਨੂੰ ਕਥਿਤ ਫ਼ਰਜ਼ੀ ਰਿਪੋਰਟਾਂ ਅਤੇ ਗਲਤ ਤੱਥ ਪੇਸ਼ ਕਰਨ ਗਏ ਸਨ, ਉਨ੍ਹਾਂ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਜਾਲੀ ਰਿਪੋਰਟਾਂ ਹਾਸਲ ਕਰਨ ਜਾਂ ਤਿਆਰ ਕਰਵਾਉਣ ਲਈ ਕੋਈ ਸੌਦੇਬਾਜ਼ੀ ਹੋਈ ਹੈ ਤਾਂ ਉਸ ਵਿੱਚ ਸ਼ਾਮਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਖ਼ਿਲਾਫ਼ ਵੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਮ ਇਸ ਮਾਮਲੇ ਵਿੱਚ ਲਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸਵਪਨ ਸ਼ਰਮਾ ਅਤੇ ਜਸਪ੍ਰੀਤ ਸਿੰਘ ਦੇ ਨਾਮ ਵੀ ਸ਼ਾਮਲ ਹਨ, ਉਨ੍ਹਾਂ ਦੀ ਖਾਮੋਸ਼ੀ ਕਈ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਪੁੱਛਿਆ ਕਿ ਮਾਨ ਸਰਕਾਰ ਆਪਣੇ ਹੀ ਪੁਲਿਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਸਬੰਧੀ ਲੱਗ ਰਹੇ ਇਲਜ਼ਾਮਾਂ ਦੇ ਬਾਵਜੂਦ ਚੁੱਪ ਕਿਉਂ ਹੈ? ਕੀ ਇਨ੍ਹਾਂ ਅਧਿਕਾਰੀਆਂ ਨੇ ਆਪਣੇ ਪੱਧਰ ‘ਤੇ ਮਾਮਲੇ ਨੂੰ ਪ੍ਰਭਾਵਿਤ ਕਰਨ ਜਾਂ ਨਿਪਟਾਉਣ ਲਈ ਕੋਈ ਗੈਰ-ਕਾਨੂੰਨੀ ਕਦਮ ਚੁੱਕੇ? ਜਦਕਿ ਸਬੂਤ ਅਤੇ ਗਵਾਹ ਮੌਜੂਦ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਾ ਸਿਰਫ਼ ਮੁਦਈ ਜਸਪ੍ਰੀਤ ਜੱਸੀ ਨੇ ਪਰਚਾ ਦਰਜ ਕਰਵਾਇਆ ਹੈ, ਸਗੋਂ ਆਪਣੇ ਬਿਆਨਾਂ ਦੀਆਂ ਵੀਡੀਓ ਰਿਕਾਰਡਿੰਗਾਂ ਵੀ ਜਨਤਕ ਕੀਤੀਆਂ ਹਨ। ਇਸ ਤੋਂ ਇਲਾਵਾ ਜਾਲੀ ਰਿਪੋਰਟਾਂ ਤਿਆਰ ਕਰਨ ਲਈ ਕਥਿਤ ਤੌਰ ‘ਤੇ ਦਿੱਤੇ ਗਏ 10 ਲੱਖ ਰੁਪਏ ਕਿਸ ਖਾਤੇ ਵਿੱਚੋਂ ਅਦਾ ਕੀਤੇ ਗਏ, ਇਸ ਬਾਰੇ ਵੀ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ 15 ਅਤੇ 16 ਜੂਨ ਨੂੰ ਗੁਰੂਗ੍ਰਾਮ ਦੇ ਹੋਟਲ ਕ੍ਰਾਊਨ ਪਲਾਜ਼ਾ ਵਿੱਚ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਠਹਿਰਨ ਸਬੰਧੀ ਸਬੂਤ ਮੌਜੂਦ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜੇ ਅਜਿਹਾ ਨਹੀਂ ਹੈ ਤਾਂ ਸਰਕਾਰ ਅਤੇ ਸੰਬੰਧਤ ਪੁਲਿਸ ਅਧਿਕਾਰੀ ਖੁੱਲ੍ਹ ਕੇ ਆਪਣਾ ਪੱਖ ਕਿਉਂ ਨਹੀਂ ਰੱਖ ਰਹੇ? ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਗੁਰੂਗ੍ਰਾਮ ਤੋਂ ਹਾਸਲ ਕੀਤੀਆਂ ਗਈਆਂ ਕਥਿਤ ਜਾਲੀ ਰਿਪੋਰਟਾਂ ਸਬੰਧੀ ਐਫ਼ਆਈਆਰ ਦਰਜ ਹੋ ਚੁੱਕੀ ਹੈ ਅਤੇ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਜਾਂਚ ਰਿਪੋਰਟ ਨੂੰ ਝੂਠਾ ਸਾਬਤ ਕਰਨ ਲਈ ਰਚੀ ਗਈ ਕਥਿਤ ਸਾਜ਼ਿਸ਼ ਦੇ ਬੇਨਕਾਬ ਹੋਣ ਤੋਂ ਬਾਅਦ ਭਗਵੰਤ ਮਾਨ ਆਪਣੇ ਹੀ ਬੁਣੇ ਜਾਲ ਵਿੱਚ ਫਸਦੇ ਨਜ਼ਰ ਆ ਰਹੇ ਹਨ। ਜੇ ਉਨ੍ਹਾਂ ਨੂੰ ਆਪਣੇ ਸਿਆਸੀ ਤੰਤਰ ਅਤੇ ਸਰਕਾਰੀ ਸੰਸਥਾਵਾਂ ‘ਤੇ ਭਰੋਸਾ ਸੀ ਤਾਂ ਪੰਜਾਬ ਸਰਕਾਰ ਦੀ ਖਰੜ ਸਥਿਤ ਅਧਿਕਾਰਤ ਫੋਰੈਂਸਿਕ ਲੈਬ ਨੂੰ ਨਜ਼ਰਅੰਦਾਜ਼ ਕਰਕੇ ਕਥਿਤ ਤੌਰ ‘ਤੇ ਬਾਹਰੀ ਨਿੱਜੀ ਮਾਹਿਰਾਂ ਅਤੇ ਲੈਬਾਂ ਨਾਲ ਸੰਪਰਕ ਕਰਨ ਦੀ ਲੋੜ ਕਿਉਂ ਪਈ?
ਪ੍ਰੋ. ਖਿਆਲਾ ਨੇ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਇਹ ਸਵਾਲ ਪੁੱਛ ਰਹੇ ਹਨ ਕਿ ਵੀਡੀਓ ਕਿਸ ਨੇ ਬਣਾਈ ਅਤੇ ਇਸ ਪਿੱਛੇ ਕੌਣ ਸਪਾਂਸਰ ਹੈ, ਪਰ ਇਹ ਵੀ ਸੱਚ ਹੈ ਕਿ ਸੱਚ ਸਾਹਮਣੇ ਲਿਆਉਣਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ। ਜਦੋਂ ਸਰਕਾਰ ਕੋਲ ਪੁਲਿਸ, ਜਾਂਚ ਏਜੰਸੀਆਂ, ਤਕਨੀਕੀ ਮਾਹਿਰ ਅਤੇ ਰਾਜ ਦੇ ਸਾਰੇ ਸਰੋਤ ਮੌਜੂਦ ਹਨ ਤਾਂ ਫਿਰ ਅਜੇ ਤੱਕ ਇਸ ਸਬੰਧੀ ਸਪਸ਼ਟਤਾ ਕਿਉਂ ਨਹੀਂ ਆਈ?
ਉਨ੍ਹਾਂ ਕਿਹਾ ਕਿ ਜੇ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਥਿਤ ਜਾਲੀ ਰਿਪੋਰਟਾਂ ਤਿਆਰ ਕਰਨ ਵਾਲਿਆਂ ‘ਤੇ ਹਰਿਆਣਾ ਸਰਕਾਰ ਦਾ ਦਬਾਅ ਸੀ ਤਾਂ ਸਵਾਲ ਇਹ ਹੈ ਕਿ ਗੁਰੂਗ੍ਰਾਮ ਵਿੱਚ, ਜਿੱਥੇ ਭਾਜਪਾ ਦੀ ਸਰਕਾਰ ਹੈ, ਆਪਣੇ ਲੋਕ ਭੇਜਣ ਦੀ ਲੋੜ ਕਿਉਂ ਪਈ? ਪੰਜਾਬ ਦੀ ਆਪਣੀ ਸਰਕਾਰੀ ਫੋਰੈਂਸਿਕ ਲੈਬ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ? ਇਸ ਤੋਂ ਇਲਾਵਾ ਸੰਬੰਧਤ ਲੈਬਾਂ ਦੇ ਮਾਲਕਾਂ ਨੇ ਵੀ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਨਾਮ ‘ਤੇ ਤਿਆਰ ਕੀਤੀਆਂ ਗਈਆਂ ਕਥਿਤ ਰਿਪੋਰਟਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।
ਪ੍ਰੋ. ਖਿਆਲਾ ਨੇ ਕਿਹਾ ਕਿ ਪਹਿਲਾਂ ਕਿਹਾ ਗਿਆ ਕਿ ਇਹ ਵੀਡੀਓ ਏਆਈ ਰਾਹੀਂ ਬਣਾਈ ਗਈ ਫ਼ਰਜ਼ੀ ਵੀਡੀਓ ਹੈ, ਪਰ ਫਿਰ ਉਸ ਦਾਅਵੇ ਨੂੰ ਸਾਬਤ ਕਰਨ ਲਈ ਕਥਿਤ ਤੌਰ ‘ਤੇ ਫ਼ਰਜ਼ੀ ਰਿਪੋਰਟਾਂ ਦੀ ਲੋੜ ਕਿਉਂ ਪਈ? ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਦੀ ਕਥਿਤ “ਕੱਟੜ ਇਮਾਨਦਾਰੀ” ਦੀ ਅਸਲ ਹਕੀਕਤ ਸਾਹਮਣੇ ਲਿਆ ਰਿਹਾ ਹੈ। ਅੱਜ ਇਹ ਲੋਕ “ਕੱਟੜ ਇਮਾਨਦਾਰੀ” ਨਹੀਂ, ਸਗੋਂ “ਕੱਟੜ ਬੇਈਮਾਨੀ” ਦੇ ਪ੍ਰਤੀਕ ਵਜੋਂ ਸਾਹਮਣੇ ਆਏ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਦਾ ਵੀ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਫੋਰੈਂਸਿਕ ਲੈਬਾਂ ਦੀ ਥਾਂ ਨਾਨਕ ਨਾਮ ਲੇਵਾ ਸੰਗਤਾਂ ‘ਤੇ ਭਰੋਸਾ ਜਤਾਉਣ ਦੀ ਗੱਲ ਕਰ ਰਹੇ ਹਨ। ਜੇ ਉਨ੍ਹਾਂ ਨੂੰ ਸੱਚਮੁੱਚ ਗੁਰੂ ਸਾਹਿਬ, ਸਿੱਖ ਸੰਗਤ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੂਰਾ ਭਰੋਸਾ ਹੁੰਦਾ ਤਾਂ ਉਹ ਜਨਤਕ ਮੰਚਾਂ ‘ਤੇ ਸਫ਼ਾਈਆਂ ਦੇਣ ਦੀ ਥਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਖਿਮਾ ਯਾਚਨਾ ਨੂੰ ਤਰਜੀਹ ਦਿੰਦੇ।
ਪ੍ਰੋ. ਖਿਆਲਾ ਨੇ ਕਿਹਾ ਕਿ ਇੱਕ ਮਹੱਤਵਪੂਰਨ ਸੱਚ ਇਹ ਵੀ ਹੈ ਕਿ ਜਦੋਂ ਇਹ ਵੀਡੀਓ ਰਿਕਾਰਡ ਕੀਤੀ ਗਈ ਸੀ, ਉਸ ਵੇਲੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਭਗਵੰਤ ਮਾਨ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਗੇ। ਫਿਰ ਕੋਈ ਵਿਅਕਤੀ ਡੇਢ ਦਹਾਕਾ ਪਹਿਲਾਂ ਕਿਸੇ ਨੂੰ ਬਦਨਾਮ ਕਰਨ ਲਈ ਅਜਿਹੀ ਵੀਡੀਓ ਤਿਆਰ ਕਰਕੇ ਸੰਭਾਲ ਕੇ ਕਿਉਂ ਰੱਖੇਗਾ? ਉਨ੍ਹਾਂ ਕਿਹਾ ਕਿ 2011 ਵਿੱਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੀਪੀਪੀ ਪਾਰਟੀ ਬਣਾਈ ਗਈ ਸੀ ਅਤੇ 2012 ਵਿੱਚ ਭਗਵੰਤ ਮਾਨ ਆਪਣੇ ਸਾਥੀਆਂ ਸਮੇਤ ਪਾਰਟੀ ਦੇ ਕੰਮਕਾਜ ਸਬੰਧੀ ਕੈਨੇਡਾ ਗਏ ਸਨ, ਜੋ ਉਸ ਸਮੇਂ ਦੀ ਸਮਾਂ-ਰੇਖਾ ਨੂੰ ਵੀ ਸਪਸ਼ਟ ਕਰਦਾ ਹੈ।
ਅੰਤ ਵਿੱਚ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਅਜਿਹੇ ਪਹਿਲੇ ਮੁੱਖ ਮੰਤਰੀ ਵਜੋਂ ਸਾਹਮਣੇ ਆਏ ਹਨ ਜਿਨ੍ਹਾਂ ਦੀਆਂ ਹਰਕਤਾਂ ਕਾਰਨ ਮੁੱਖ ਮੰਤਰੀ ਦੇ ਅਹੁਦੇ ਦੀ ਗਰਿਮਾ ਅਤੇ ਮਰਿਆਦਾ ਨੂੰ ਗੰਭੀਰ ਠੇਸ ਪਹੁੰਚੀ ਹੈ। ਇਸ ਲਈ ਸੱਚਾਈ ਨੂੰ ਸਾਹਮਣੇ ਲਿਆਉਣ, ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਲੋਕਤੰਤਰਿਕ ਮਰਿਆਦਾਵਾਂ ਦੀ ਰੱਖਿਆ ਲਈ ਉਨ੍ਹਾਂ ਨੂੰ ਤੁਰੰਤ ਅਹੁਦਾ ਛੱਡ ਕੇ ਨਿਰਪੱਖ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here