ਮਾਂ ਦਿਵਸ ਤੇ ਕਹਾਣੀ ਦਰਬਾਰ

0
15
ਸਤਿ ਸ੍ਰੀ ਅਕਾਲ ਜੀ।

ਮਾਂ ਦਿਵਸ ਤੇ ਕਹਾਣੀ ਦਰਬਾਰ
ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਮਾਂ ਦਿਵਸ ਤੇ ਮਿਤੀ 10/05/2026 ਨੂੰ ‘ਹੱਡ ਬੀਤੀਆਂ ਜੱਗ ਬੀਤੀਆਂ” ਨਾਮ ਹੇਠ ਆਨਲਾਈਨ ਕਹਾਣੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਭਾਰਤ, ਅਮਰੀਕਾ, ਕੈਨੇਡਾ ਅਤੇ ਯੂਰਪ ਤੋਂ 11 ਕਹਾਣੀਕਾਰਾਂ ਨੇ ਹਿੱਸਾ ਲਿਆ ਤੇ ਵੱਖ-ਵੱਖ ਵਿਸ਼ਿਆਂ ਤੇ ਆਪਣੀਆਂ ਲਿਖੀਆਂ ਕਹਾਣੀਆਂ ਪੇਸ਼ ਕੀਤੀਆਂ। ਇਹਨਾਂ ਕਹਾਣੀਆਂ ਦੇ ਵਿਸ਼ੇ ਆਮ ਸਮਾਜ ਵਿੱਚ ਹਰ ਪਾਸੇ ਵਾਪਰਦੀਆਂ ਘਟਨਾਵਾਂ ਤੇ ਉਹਨਾਂ ਬਾਰੇ ਸੁਚੇਤ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਫ਼ਲੇ ਦੇ ਸਰਪ੍ਰਸਤ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਨੇ ਸਾਰੇ ਕਹਾਣੀਕਾਰਾਂ ਨੂੰ ਜੀ ਆਇਆਂ ਆਖਿਆ ਤੇ ਮਾਂ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ, ਨਾਲ ਹੀ ਉਹਨਾਂ ਨੇ ਕਹਾਣੀ ਦੀ ਅਹਿਮੀਅਤ ਤੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਦਾ ਹਵਾਲਾ ਦਿੰਦਿਆਂ ਇਹ ਸਲੋਕ ਸਾਂਝਾ ਕੀਤਾ “ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥”
ਜੋਗੀ ਜੀ ਤੋਂ ਬਾਅਦ ਕਾਫ਼ਲਾ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਨੇ ਸਾਰੇ ਹਾਜ਼ਰੀਨ ਕਹਾਣੀਕਾਰਾਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਤੇ ਸਭ ਨੂੰ ਜੀ ਆਇਆਂ ਆਖਿਆ। ਉਸ ਤੋਂ ਬਾਅਦ ਵਿੱਚ ਬਿੰਦਰ ਜੀ ਨੇ ਮੰਚ ਸੰਚਾਲਨ ਕਰਨ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਜਰਮਨੀ ਨੂੰ ਸੌਂਪੀ।
ਸਰਬਜੀਤ ਨੇ ਸਭ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਕਦੇ ਵੀ ਕਿਸੇ ਮਾਂ ਤੋਂ ਉਸ ਦਾ ਬੱਚਾ ਦੂਰ ਨਾ ਹੋਵੇ ਤੇ ਕਦੇ ਕਿਸੇ ਬੱਚੇ ਤੋਂ ਉਸ ਦੀ ਮਾਂ ਦੂਰ ਹੋਵੇ, ਵਾਹਿਗੁਰੂ ਜੀ ਹਮੇਸ਼ਾ ਇਸ ਪਿਆਰੇ ਰਿਸ਼ਤੇ ਨੂੰ  ਚੜ੍ਹਦੀ ਕਲਾ ਵਿੱਚ ਰੱਖਣ। ਨਾਲ ਹੀ ਸਰਬਜੀਤ ਨੇ ਇੱਕ ਸ਼ੇਅਰ ਕਹਿੰਦਿਆਂ ਕਹਾਣੀ ਦਰਬਾਰ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਸੱਦਾ ਸਰਦਾਰ ਸਰਦੂਲ ਸਿੰਘ ਭੱਲਾ, ਪਟਿਆਲਾ ਜੀ ਨੂੰ ਦਿੱਤਾ। ਉਹਨਾਂ  ਕਹਾਣੀ ‘ਝੂਠਾ ਸਾਬਣ’ ਵਿੱਚ  ਨੌਜਵਾਨਾਂ ਨੂੰ ਨਸ਼ੇ ਨਾ ਕਰਨ ਬਾਰੇ ਸੂਝਵਾਨ ਕੀਤਾ ਤੇ ਭ੍ਰਿਸ਼ਟ ਲੀਡਰਾਂ ਤੇ ਸ਼ਿਕੰਜਾ ਕੱਸਦਿਆਂ ਦੱਸਿਆ ਕਿ ਉਹ ਕਿਵੇਂ ਨਸ਼ਾ ਦਾ ਵਪਾਰ ਕਰਦੇ ਹਨ। ਸਰਬਜੀਤ ਨੇ ਦੂਜਾ ਸੱਦਾ ਪ੍ਰਿੰਸੀਪਲ ਹਰਸ਼ਰਨ ਕੌਰ ਜੀ ਕੈਨੇਡਾ ਨੂੰ ਦਿੱਤਾ। ਉਹਨਾਂ ਕਹਾਣੀ ‘ਸ਼ੌਸ਼ਲ ਵਰਕਰ’ ਵਿੱਚ  ਵਿਰਧ ਆਸ਼ਰਮ ਵਿੱਚ ਬਜ਼ੁਰਗਾਂ ਤੇ ਉੱਥੇ ਕੰਮ ਕਰਨ ਵਾਲੇ ਲੋਕਾਂ ਦੇ ਵਰਤਾਰੇ ਤੇ ਰੌਸ਼ਨੀ ਪਾਈ। ਤੀਸਰੇ ਸੱਦੇ ਤੇ ਕਰਮਜੀਤ ਕੌਰ ਰਾਣਾ, ਇਟਲੀ ਨੇ ਕਹਾਣੀ ‘ਮਾਂ’  ਪੇਸ਼ ਕੀਤੀ ਜਿਸ ਵਿੱਚ ਉਹਨਾਂ ਮਾਂ ਦੇ ਪਵਿੱਤਰ ਰਿਸ਼ਤੇ, ਸਹਾਰੇ, ਅਤੇ ਡੂੰਘੇ ਪਿਆਰ ਦੇ ਅਹਿਸਾਸ ਬਾਰੇ ਗੱਲ ਕੀਤੀ।
ਉਸ ਤੋਂ ਅਗਲੇ ਸੱਦੇ ਤੇ ਮਨਪ੍ਰੀਤ ਕੌਰ ਬੰਬੇ ਨੇ ਕਹਾਣੀ  ‘ਮਾਂ’ ਪੇਸ਼ ਕਰਦਿਆਂ ਅਮੀਰਾਂ ਦੇ ਘਰ ਰੁਲਦੀਆਂ ਤੇ ਖਾਣ ਪੀਣ ਲਈ ਤਰਸਦੀਆਂ ਮਾਵਾਂ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਅਗਲੇ ਸੱਦੇ ਤੇ ਪੋਲੀ ਬਰਾੜ ਜੀ, ਅਮਰੀਕਾ ਨੇ ਕਹਾਣੀ ‘ਅਭੁੱਲ ਯਾਦਾਂ’ ਵਿੱਚ ਆਪਣੇ ਪਰਿਵਾਰ ਦੀ ਹੱਡਬੀਤੀ ਦੱਸੀ ਤੇ ਪੁਰਾਣੇ ਪਿੰਡਾਂ ਦੇ ਅਮੀਰ ਵਿਰਸੇ ਬਾਰੇ ਜਾਣਕਾਰੀ ਦਿੱਤੀ ਸਾਂਝੀ ਕੀਤੀ, ਉਹਨਾਂ ਆਪਣੀ ਕਹਾਣੀ ਵਿੱਚ ਪੁਰਾਤਨ ਪੰਜਾਬ ਦੇ ਕਾਨੇ, ਬੂਝੇ, ਤਾਂਗੇ ਦੇ ਸਫ਼ਰ ਦੀ ਗੱਲ ਕਰਕੇ ਸਭ ਨੂੰ ਮਾਂ ਦਿਵਸ ਤੇ ਨਾਨੀਆਂ-ਦਾਦੀਆਂ ਯਾਦ ਕਰਵਾ ਦਿੱਤੀਆਂ।
ਅਗਲੇ ਸੱਦੇ ਤੇ ਪ੍ਰੋਫੈਸਰ ਰਜਨੀ ਵਾਲੀਆ ਪੰਜਾਬ ਨੇ ਕਹਾਣੀ ਅਤੀਤ ਨਾਲ ਜੁੜਿਆ ਭਵਿੱਖ ਪੇਸ਼ ਕੀਤੀ ਜਿਸ ਵਿੱਚ ਉਹਨਾਂ ਕਹਾਣੀ ਦੇ ਪਾਤਰ ਮੂੰਹੋਂ “ਸਾਡਾ ਅਤੀਤ ਸਾਨੂੰ ਦੁੱਖ ਦਿੰਦਾ ਹੈ। ਸਾਡਾ ਭਵਿੱਖ ਸਾਨੂੰ ਫ਼ਿਕਰ ਦਿੰਦਾ ਹੈ, ਬਸ ਸਾਡਾ ਆਪਣਾ ਤਾਂ ਵਰਤਮਾਨ ਹੈ ਕਹਾ ਕੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।  ਉਸ ਤੋਂ ਬਾਅਦ ਸਨਦੀਪ ਰਾਣੀ ਸੁਮਨ ਅਮਰੀਕਾ ਨੇ ਕਹਾਣੀ ‘ਪਛਤਾਵਾ’ ਵਿੱਚ ਸ਼ਰਾਬੀ ਭਰਾ ਤੇ ਸ਼ਰਾਬੀ ਪਤੀ ਦੇ ਜ਼ੁਲਮ ਸਹਿਣ ਕਰਕੇ  ਜੱਜ ਬਣੀ ਔਰਤ ਦੇ ਕਿਰਦਾਰ ਨੂੰ ਪੇਸ਼ ਕੀਤਾ।  ਅਗਲੇ ਸੱਦੇ ਤੇ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ  ਵਾਲ ਜੀ ਨੇ ਕਹਾਣੀ ‘ਵਿਸ਼ਵਾਸਘਾਤ’
ਪੇਸ਼ ਕੀਤੀ ਤੇ ਉਸ ਵਿੱਚ ਇੱਕ ਨੂੰਹ ਵੱਲੋਂ ਪੈਸੇ ਲਈ ਆਪਣੇ ਬਹੁਤ ਚੰਗੇ, ਹੱਸਦੇ ਵੱਸਦੇ ਸਹੁਰੇ ਘਰ ਨਾਲ ਵਿਸ਼ਵਾਸਘਾਤ ਕਰਨ ਦੇ ਸੱਚ ਨੂੰ ਪੇਸ਼ ਕੀਤਾ। ਮੰਚ ਸੰਚਾਲਨ ਕਰਨ ਦੇ ਨਾਲ ਨਾਲ ਸਭ ਤੋਂ ਬਾਅਦ ਵਿੱਚ ਸਰਬਜੀਤ ਨੇ ਕਹਾਣੀ ‘ ਰੁੱਸ ਕੇ ਨਾ ਆਈ’ ਪੇਸ਼ ਕੀਤੀ ਤੇ ਉਸ ਵਿੱਚ ਇੱਕ ਨਵ-ਜੰਮੀ ਬੱਚੀ ਨੂੰ  ਬਾਪ ਵੱਲੋਂ ਮਾਂ ਸਮੇਤ ਮਾਰਨ ਦੀ ਕੋਸ਼ਿਸ਼ ਵਿੱਚ ਬੱਚੀ ਦੇ ਕਰਮ ਤੇ ਕਿਸਮਤ ਦੀ ਝਲਕ ਪੇਸ਼ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਲਾਈਵ  ਚੱਲਦੇ ਪ੍ਰੋਗਰਾਮ ਦੌਰਾਨ ਬਿੰਦਰ ਜੀ ਨੇ ਸਰੋਤਿਆਂ ਦਾ ਸ਼ੁਕਰਾਨਾ ਕਰਦਿਆਂ ਉਹਨਾਂ ਵੱਲੋਂ ਹੌਸਲਾ ਅਫਜਾਈ ਕਰਦੀਆਂ ਟਿੱਪਣੀਆਂ ਪੜ੍ਹ ਕੇ ਸੁਣਾਈਆਂ। ਪ੍ਰੋਗਰਾਮ ਵਿੱਚ ਸ਼ਾਮਲ ਕਲਾਕਾਰ ਮੰਗਤ ਖਾਨ ਜੀ ਪਟਿਆਲਾ ਨੇ ਕਹਾਣੀ ਦੀ ਥਾਂ ਮਾਂ ਦਿਵਸ ਨੂੰ ਸਮਰਪਿਤ ਗੀਤ “ ਸਰਦਲਾਂ ਤੇ ਹੰਝੂਆਂ ਦਾ ਤੇਲ ਚੋ ਕੇ ਆਈ ਆ, ਨੀ ਅੜੀਓ! ਰਾਤੀ ਮੈਂ ਸੁਪਨੇ ਚ’ ਪਿੰਡ ਹੋ ਕੇ ਆਈ ਆ” ਜੋ ਕਿ ਸ਼ਾਇਰਾ ਕਮਲ ਸੇਖੋਂ ਜੀ ਪਟਿਆਲਾ ਦੀ ਕਲਮ ਤੋਂ ਲਿਖਿਆ ਗਿਆ ਸੀ ਬਹੁਤ ਸੁਰੀਲੀ ਆਵਾਜ਼ ਵਿੱਚ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ।  ਪ੍ਰੋਗਰਾਮ ਦੇ ਅਖੀਰ ਵਿੱਚ ਕਰਮਜੀਤ ਕੌਰ ਰਾਣਾ ਜੀ ਨੇ ਸਾਰੇ ਸਤਿਕਾਰਯੋਗ ਹਾਜ਼ਰੀਨ ਮੈਂਬਰਾਂ ਦਾ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਪ ਸਭ ਇਸੇ ਤਰ੍ਹਾਂ ਅੱਗੇ ਵੀ ਕੌਮਾਂਤਰੀ ਪੰਜਾਬੀ ਕਾਫ਼ਲੇ ਦਾ ਸਾਥ ਦੇਵੋਗੇ ਤੇ ਅਸੀਂ ਸਾਰੇ ਰਲ ਮਿਲ ਕੇ ਮਾਂ ਬੋਲੀ ਪੰਜਾਬੀ ਲਈ ਹਮੇਸ਼ਾ ਹੋਰ ਉਸਾਰੂ ਯਤਨ ਕਰਦੇ ਰਹਾਂਗੇ।
ਸਰਬਜੀਤ ਸਿੰਘ ਜਰਮਨੀ

LEAVE A REPLY

Please enter your comment!
Please enter your name here