ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਪੰਜਾਬ ਸਰਕਾਰ ਨੇ ਵਿੱਢੀ ਸਿੱਖਿਆ ਕ੍ਰਾਂਤੀ ਮੁਹਿੰਮ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

0
582

ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਪੰਜਾਬ ਸਰਕਾਰ ਨੇ ਵਿੱਢੀ ਸਿੱਖਿਆ ਕ੍ਰਾਂਤੀ ਮੁਹਿੰਮ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

*ਪਿੰਡ ਆਲਮਪੁਰ ਮੰਦਰਾਂ ਅਤੇ ਰਾਮਨਗਰ ਭੱਠਲ ਦੇ ਸਕੂਲਾਂ ਵਿੱਚ ਕਰੀਬ 49 ਲੱਖ ਰੁਪਏ ਦੀ ਲਾਗਤ ਨਾਲ ਹੋਏ ਕੰਮਾਂ ਦੇ ਕੀਤੇ ਉਦਘਾਟਨ

*ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲ ਨੂੰ ਬੈਸਟ ਸਕੂਲ ਅਵਾਰਡ ਤਹਿਤ ਪ੍ਰਾਪਤ ਹੋਏ 5 ਲੱਖ ਰੁਪਏ

ਮਾਨਸਾ, 21 ਅਪ੍ਰੈਲ 2025 :

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਵਿੱਚ ਲੋੜੀਂਦੀਆਂ ਆਧੁਨਿਕ ਸਹੂਲਤਾਂ ਦੇ ਕੇ ਵਧੀਆ ਪੜ੍ਹਾਈ ਦੇ ਨਾਲ-ਨਾਲ ਵਧੀਆ ਮਾਹੌਲ ਸਿਰਜਿਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਅੱਜ ਬੁਢਲਾਡਾ ਸਬ–ਡਵੀਜ਼ਨ ਦੇ ਵੱਖ–ਵੱਖ ਸਕੂਲਾਂ ਵਿੱਚ ਹੋਏ ਕੰਮਾਂ ਦੇ ਉਦਘਾਟਨ ਕਰਦਿਆਂ ਕੀਤਾ।

            ਉਨ੍ਹਾਂ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਧੀਆ ਸਿੱਖਿਆ ਹੀ ਜਿੱਥੇ ਵਿਦਿਆਰਥੀ ਨੂੰ ਇੱਕ ਚੰਗਾ ਮਨੁੱਖ ਬਣਾਉਂਦੀ ਹੈ, ਉਥੇ ਚੰਗੀਆਂ ਨੌਕਰੀਆਂ ਦੇਣ ਦੇ ਵੀ ਸਮਰੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ ਤਾਂ ਹੀ ਵਿਦਿਆਰਥੀ ਸਮੇਂ ਦੇ ਹਾਣੀ ਬਣਕੇ ਦੇਸ਼–ਦੁਨੀਆ ਦੇ ਨਕਸ਼ੇ ਤੇ ਆਪਣਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਣ ਕਰਨਗੇ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਕਦੇ ਵੀ ਨਕਲ ਦੇ ਸਹਾਰੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਕਾਬਲੀਅਤ ਸਿਰਫ਼ ਆਪਣੇ ਬਲਬੁੱਤੇ ਤੇ ਕੀਤੀ ਮਿਹਨਤ ਨਾਲ ਹੀ ਪ੍ਰਾਪਤ ਹੁੰਦੀ ਹੈ।

ਅੱਜ ਦੇ ਉਦਘਾਟਨੀ ਸਮਾਰੋਹਾਂ ਦੌਰਾਨ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਵੱਲੋਂ ਕਰੀਬ 49 ਲੱਖ ਰੁਪਏ ਦੇ ਕੰਮਾਂ ਦੇ ਉਦਘਾਟਨ ਕੀਤੇ ਗਏ। ਇਸ ਤਹਿਤ ਸਰਕਾਰੀ ਪ੍ਰਾਈਮਰੀ ਸਕੂਲ ਆਲਮਪੁਰ ਮੰਦਰਾਂ ਵਿਖੇ 7 ਲੱਖ 51 ਹਜ਼ਾਰ ਦੀ ਲਾਗਤ ਨਾਲ ਚਾਰਦੀਵਾਰੀ, 4 ਲੱਖ 58 ਹਜ਼ਾਰ ਦੀ ਲਾਗਤ ਨਾਲ ਕਮਰੇ ਦੀ ਮੁਰੰਮਤ ਅਤੇ 1 ਲੱਖ 13 ਹਜ਼ਾਰ ਦੀ ਲਾਗਤ ਨਾਲ ਹੋਰ ਕਾਰਜਾਂ ਦੇ ਉਦਘਾਟਨ ਕੀਤੇ। ਸਰਕਾਰੀ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਵਿਖੇ 17 ਲੱਖ 6 ਹਜ਼ਾਰ ਦੀ ਲਾਗਤ ਨਾਲ 2 ਆਧੁਨਿਕ ਕਲਾਸ ਰੂਮ ਅਤੇ 13 ਲੱਖ 40 ਹਜ਼ਾਰ ਦੀ ਲਾਗਤ ਨਾਲ ਹੋਏ ਹੋਰ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਇਸੇ ਤਰ੍ਹਾਂ ਪਿੰਡ ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲ ਵਿਖੇ 4 ਲੱਖ ਦੀ ਲਾਗਤ ਨਾਲ ਬਣੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬੈਸਟ ਸਕੂਲ ਅਵਾਰਡ ਤਹਿਤ 5 ਲੱਖ ਰੁਪਏ ਦਿੱਤੇ ਗਏ।   

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਕੋਆਪਰੇਟਿਵ ਬੈਂਕ ਸੋਹਣਾ ਸਿੰਘ ਕਲੀਪੁਰ, ਹਲਕਾ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਹਰਿੰਦਰ ਸਿੰਘ ਭੁਲਰ, ਸਰਪੰਚ ਕਿਰਨਪਾਲ ਕੌਰ, ਅਮਨਦੀਪ ਕੌਰ, ਮੁਖੀ ਸਪ੍ਰਸ ਮੰਦਰਾਂ ਜਸਮੇਰ ਸਿੰਘ, ਮੁਖੀ ਸਰਕਾਰੀ ਸੈਕੰਡਰੀ ਸਕੂਲ ਮੰਦਰਾਂ ਨਿਰਮਲ ਕੌਰ, ਮੁਖੀ ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲ ਅਤੇ ਮੱਖਣ ਸਿੰਘ ਤੋਂ ਇਲਾਵਾ ਹੋਰ ਪਿੰਡਾਂ ਦੇ ਸਰਪੰਚ, ਸਕੂਲ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here