ਵਿਸ਼ਵ ਦੇ ਪਹਿਲੇ “ਵਰਲਡ ਹੈਰੀਟੇਜ਼ ਮੰਦਰ” ਦਾ ਨੀਂਹ ਪੱਥਰ ਉੱਘੀ ਲੋਕ ਗਾਇਕਾ ਸੁੱਖੀ ਬਰਾੜ ਵੱਲੋਂ ਰੱਖਿਆ ਗਿਆ

0
102
ਵਿਸ਼ਵ ਦੇ ਪਹਿਲੇ “ਵਰਲਡ ਹੈਰੀਟੇਜ਼ ਮੰਦਰ” ਦਾ ਨੀਂਹ ਪੱਥਰ ਉੱਘੀ ਲੋਕ ਗਾਇਕਾ ਸੁੱਖੀ ਬਰਾੜ ਵੱਲੋਂ ਰੱਖਿਆ ਗਿਆ

ਵਿਸ਼ਵ ਦੇ ਪਹਿਲੇ “ਵਰਲਡ ਹੈਰੀਟੇਜ਼ ਮੰਦਰ” ਦਾ ਨੀਂਹ ਪੱਥਰ ਉੱਘੀ ਲੋਕ ਗਾਇਕਾ ਸੁੱਖੀ ਬਰਾੜ ਵੱਲੋਂ ਰੱਖਿਆ ਗਿਆ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ /  ਨੀਟਾ ਮਾਛੀਕੇ): ਪੰਜਾਬੀਅਤ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਸਿਰਮੌਰ ਸੱਭਿਆਚਾਰਕ ਸ਼ਖ਼ਸੀਅਤ ਅਤੇ ਉੱਘੀ ਲੋਕ ਗਾਇਕਾ ਸੁੱਖੀ ਬਰਾੜ (ਪੰਜਾਬ ਕੌਰ) ਵੱਲੋਂ ਆਪਣੇ ਕਰ ਕਮਲਾਂ ਨਾਲ  ਦੇਵੀਗੜ੍ਹ ਰੋਡ ਪਟਿਆਲਾ ਵਿਖ਼ੇ ਵਿਸ਼ਵ ਦੇ ਪਹਿਲੇ “ਵਰਲਡ ਹੈਰੀਟੇਜ਼ ਮੰਦਰ” ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਜਾਣਕਾਰੀ ਦੇਂਦਿਆਂ ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਦੱਸਿਆ ਕਿ ਇਹ ਮੰਦਰ ਦੁਨੀਆਂ ਦਾ ਪਹਿਲਾ ਮੰਦਰ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਸ਼ਿਵ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਗੁਣਗਾਨ ਕੀਤਾ ਜਾਇਆ ਕਰੇਗਾ ਅਤੇ ਪੰਜਾਬੀ ਮਾਂ ਬੋਲੀ, ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਦੀ ਭਰਪੂਰ ਜਾਣਕਾਰੀ ਸਾਡੀ ਨਵੀਂ ਪੀੜ੍ਹੀ ਨੂੰ ਦੇਣ ਲਈ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧਿਤ ਡਿਪਲੋਮਾ ਵੀ ਕਰਵਾਇਆ ਜਾਏਗਾ।
            ਦੁਨੀਆਂ ਦੇ ਇਸ ਵਿਲੱਖਣ ਅਤੇ ਪਹਿਲੇ ਮੰਦਰ ਵਾਰੇ ਜਾਣਕਾਰੀ ਦਿੰਦਿਆਂ ਵਰਲਡ ਹੈਰੀਟੇਜ਼ ਮੰਦਰ ਦੀ ਮੁੱਖੀ ਅਤੇ ਕਰਤਾ ਧਰਤਾ ਮੈਡਮ ਸੁੱਖੀ ਬਰਾੜ ਨੇ ਦੱਸਿਆ ਕਿ ਓਹਨਾਂ ਨੂੰ ਭਾਵੇਂ ਕੇ ਬਹੁਤ ਲੰਮਾ ਸਮਾਂ ਹੋ ਗਿਆ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਿਆਂ ਪਰ ਓਹਨਾਂ ਦੇ ਦਿਲੋਂ ਦਿਮਾਗ ਵਿੱਚ ਇਹ ਸੋਚ ਬਹੁਤ ਦੇਰ ਤੋਂ ਚੱਲ ਰਹੀ ਸੀ ਕਿ ਸੱਭਿਆਚਾਰ, ਮਾਂ ਬੋਲੀ ਪੰਜਾਬੀ, ਵਿਰਸੇ ਤੇ ਵਿਰਾਸਤ ਨੂੰ ਸਦੀਆਂ ਤੱਕ ਜਿਓੰਦਾ ਰੱਖਣ ਲਈ ਕੋਈ ਵੱਡੇ ਸੱਭਿਆਚਾਰਕ ਸੈਂਟਰ ਦੀ ਜਰੂਰਤ ਹੈ।  ਜਿੱਥੇ ਸੱਭਿਆਚਾਰ ਅਤੇ ਮਾਂ ਬੋਲੀ ਨਾਲ ਸੰਬੰਧਿਤ ਇੱਕ ਵੱਡੀ ਆਰਟ ਗੈਲਰੀ, ਓਪਨ ਏਅਰ ਥੀਏਟਰ, ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦੇ ਦ੍ਰਿਸ਼ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਦਾ ਆਯੋਜਨ ਵੀ ਸਮੇਂ ਸਮੇਂ ਸਿਰ ਕੀਤਾ ਜਾ ਸਕੇ। ਸੁੱਖੀ ਬਰਾੜ ਜੀ ਨੇ ਦੱਸਿਆ ਕਿ ਓਹਨਾਂ ਦੇ ਲੰਮੇ ਸਮੇਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਓਹਨਾਂ ਨਾਲ ਪੰਜਾਬ ਦੇ ਉੱਘੇ ਗੀਤਕਾਰ ਭੱਟੀ ਭੜੀਵਾਲਾ ਅਤੇ ਲੋਕ ਗਾਇਕ ਤੇ ਗੀਤਕਾਰ ਬਾਜਵਾ ਸਿੰਘ ਤੋਂ ਇਲਾਵਾ ਸਰਤਾਜ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਨੇ ਹਰ ਪੱਖੋਂ ਮੱਦਦ ਕਰਨ ਅਤੇ ਇਸ ਮਹਾਨ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜਨ ਵਿੱਚ ਆਪਣੇ ਪੂਰੇ ਯੋਗਦਾਨ ਦੇਣ ਦਾ ਭਰੋਸਾ ਜਿਤਾਇਆ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਮੈਡਮ ਸੁੱਖੀ ਬਰਾੜ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪਸਾਰ ਲਈ “ਹੈਰੀਟੇਜ਼ ਸੈਂਟਰ” ਚੰਡੀਗੜ੍ਹ ਵਿਖ਼ੇ ਪਿੱਛਲੇ ਲੰਮੇ ਸਮੇਂ ਤੋਂ ਚਲਾਇਆ ਜਾ ਰਿਹਾ ਹੈ।
                      ਪੰਜਾਬ ਦੇ ਵਿਰਾਸਤੀ ਸ਼ਹਿਰ ਪਟਿਆਲਾ ਵਿਖ਼ੇ ਦੇਵੀਗੜ੍ਹ ਰੋਡ ਤੇ ਬਣਨ ਜਾ ਰਹੇ ਦੁਨੀਆਂ ਦੇ ਪਹਿਲੇ ” ਵਰਲਡ ਹੈਰੀਟੇਜ਼ ਮੰਦਰ ” ਦੇ ਇਸ ਨੀਂਹ ਪੱਥਰ ਰੱਖਣ ਮੌਕੇ ਪੰਜਾਬੀ ਫ਼ਿਲਮਾਂ ਦੀ ਉੱਘੀ ਤੇ ਸਿਰਮੌਰ ਅਦਾਕਾਰਾ ਸੁਨੀਤਾ ਧੀਰ, ਉੱਘੇ ਗੀਤਕਾਰ ਭੱਟੀ ਭੜੀ ਵਾਲਾ, ਉੱਘੇ ਲੋਕ ਗਾਇਕ ਬਾਜਵਾ ਸਿੰਘ, ਨਵੀਨ ਸ਼ਰਮਾ, ਰਿਸ਼ੀ ਰਾਜ, ਅਮਿਤ ਗਾਗੁਨੀ, ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ ! ਇਹ ਮੰਦਰ ਦੁਨੀਆਂ ਭਰ ਦੇ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਦੇ ਚਹੇਤੇਆਂ ਦੇ ਸਹਿਯੋਗ ਨਾਲ ਜਲਦ ਤਿਆਰ ਕਰ ਲਿਆ ਜਾਏਗਾ।
                   ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਪਿਆਰ ਸਦਕਾ ਗਾਇਕਾ ਸੁੱਖੀ ਬਰਾੜ ਅਮਰੀਕਾ ਪਹੁੰਚ ਰਹੇ ਹਨ। ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਨਾਲ ਪੰਜਾਬੀ ਸੱਭਿਆਚਾਰਕ ਦੀ ਸਾਂਝ ਪਾਉਣਗੇ। ਉੱਥੇ ਪੰਜਾਬੀ ਭਾਈਚਾਰੇ ਵੱਲੋਂ “ਵਰਲਡ ਹੈਰੀਟੇਜ ਮੰਦਰ” ਲਈ ਵੀ ਸਹਿਯੋਗ ਦੀ ਮੰਗ ਕਰਨਗੇ।  ਸੋ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਸਾਂਝਾ ਕਾਰਜ ਹੈ, ਉਮੀਦ ਹੈ ਕਿ ਜਿਸ ਵਿੱਚ ਸਮੁੱਚਾ ਭਾਈਚਾਰਾ ਹਮੇਸ਼ਾ ਵਾਂਗ ਸਹਿਯੋਗ ਦੇਵੇਗਾ।

LEAVE A REPLY

Please enter your comment!
Please enter your name here