ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਦੀਆਂ ਧੂਰੀ ਹਲਕੇ ’ਚ ਚੋਣ ਰੈਲੀਆਂ ਨੇ ਆਪ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ

0
7

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਦੀਆਂ ਧੂਰੀ ਹਲਕੇ ’ਚ ਚੋਣ ਰੈਲੀਆਂ ਨੇ ਆਪ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ

-ਪਿੰਡਾਂ ਦਾ ਸਰਵਪੱਖੀ ਵਿਕਾਸ ਆਪ ਸਰਕਾਰ ਦੀ ਪਹਿਲੀ ਤਰਜੀਹ ਰਿਹਾ: ਹਰਪਾਲ ਸਿੰਘ ਚੀਮਾ

-ਧੂਰੀ ਹਲਕੇ ਦੇ ਹਰੇਕ ਪਿੰਡ ਨੂੰ ਦਿੱਤੀਆਂ ਜਾ ਰਹੀਆਂ ਨੇ ਸ਼ਹਿਰਾਂ ਵਰਗੀਆਂ ਸਹੂਲਤਾਂ : ਸੁਖਵੀਰ ਸਿੰਘ

-ਕਿਹਾ, ਵਿਕਾਸ ਦੀ ਗਤੀ ਤੇਜ਼ ਕਰਨ ਲਈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ’ਚ ਲੋਕ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ

-ਆਮ ਆਦਮੀ ਪਾਰਟੀ ਦੀਆਂ ਚੋਣ ਰੈਲੀਆਂ ’ਚ ਵੱਡੀ ਗਿਣਤੀ ਲੋਕ ਆਪ ਮੁਹਾਰੇ ਹੋਏ ਸ਼ਾਮਲ

ਧੂਰੀ/ਸੰਗਰੂਰ, 12 ਦਸੰਬਰ 2025:

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਅੱਜ ਧੂਰੀ ਹਲਕੇ ਦੇ ਪਿੰਡ ਭੁੱਲਰਹੇੜੀ, ਭਲਵਾਨ, ਲੱਡਾ, ਕਾਂਝਲਾ, ਬਾਲੀਆਂ, ਕਾਤਰੋਂ ਅਤੇ ਘਨੌਰੀ ਕਲਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ, ਜਿਸ ਵਿੱਚ ਵੱਡੀ ਗਿਣਤੀ ਆਪ ਮੁਹਾਰੇ ਪਿੰਡ ਵਾਸੀਆਂ ਨੇ ਸ਼ਾਮਲ ਹੋ ਕੇ ਆਪ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਰਾਜਵੰਤ ਸਿੰਘ ਘੁੱਲੀ ਸਮੇਤ ਵੱਡੀ ਗਿਣਤੀ ਆਪ ਵਲੰਟੀਅਰਜ਼ ਮੌਜੂਦ ਸਨ।

ਆਪਣੇ ਸੰਬੋਧਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿੰਡਾਂ ਦੇ ਵਿਕਾਸ ਨੂੰ ਆਪਣੀ ਸਰਕਾਰ ਵਿੱਚ ਪਹਿਲੀ ਤਰਜੀਹ ਰੱਖਿਆ ਹੈ, ਕਿਉਂਕਿ ਪਿੰਡ ਹੀ ਪੰਜਾਬ ਦੇ ਅਰਥਚਾਰੇ ਦੀ ਰੀਡ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਕੀਤਾ ਜਾ ਰਿਹਾ ਹੈ ਤਾਂ ਜੋ ਤਰੱਕੀ ਦੇ ਪਹੀਏ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪਿੰਡਾਂ ਵਿੱਚ ਸ਼ਹਿਰਾਂ ਦੀ ਤਰਜ਼ ਉੱਤੇ ਖੇਡ ਸਟੇਡੀਅਮ ਤੇ ਲਾਇਬਰੇਰੀਆਂ ਵੀ ਬਣਾਈ ਗਈਆਂ ਹਨ ਤਾਂ ਜੋ ਸੂਬੇ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਲੋਕ ਇਨ੍ਹਾਂ ਚੋਣਾਂ ਦੌਰਾਨ ਆਪ ਉਮੀਦਵਾਰ ਨੂੰ ਵੋਟ ਪਾ ਕੇ ਪਿੰਡਾਂ ਦੇ ਵਿਕਾਸ ਦੀ ਸੇਵਾ ਪ੍ਰਦਾਨ ਕਰਨ।

ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਤੇ ਸਕੂਲ ਆਫ਼ ਐਮੀਨੈਂਸ ਵਰਗੀਆਂ ਪਹਿਲਕਦਮੀਆਂ ਨੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਉਪਲਬਧ ਕਰਵਾ ਦਿੱਤੀਆਂ ਹਨ, ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਪਿੰਡਾਂ ਦੇ ਸਰਵਪੱਖੀ ਵਿਕਾਸ ਕਰਵਾਉਣ ਦੀ ਤਰਜੀਹ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਦੇ ਵਿਕਾਸ ਲਈ ਹੋਰ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਜੋ ਸੂਬੇ ਦੀ ਤਰੱਕੀ ਦੇ ਨਾਲ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਇਸ ਲਈ ਲੋਕ ਇਨ੍ਹਾਂ ਚੋਣਾਂ ਵਿੱਚ ਵੱਧ ਚੜਕੇ ਹਿੱਸਾ ਲੈਣ ਤੇ ਆਪ ਦੇ ਹੱਥ ਹੋਰ ਮਜ਼ਬੂਤ ਕਰਨ।

ਸ. ਹਰਪਾਲ ਸਿੰਘ ਚੀਮਾ ਅਤੇ ਸੁਖਵੀਰ ਸਿੰਘ ਨੇ ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਖੜੇ ਬਾਲੀਆਂ ਜ਼ੋਨ ਤੋਂ ਹਰਜਿੰਦਰ ਸਿੰਘ ਕਾਂਝਲਾ, ਘਨੌਰੀ ਕਲਾਂ ਜ਼ੋਨ ਤੋਂ ਜਸਮੀਤ ਕੌਰ ਚਹਿਲ ਅਤੇ ਮੀਮਾਂਸਾ ਜ਼ੋਨ ਤੋਂ ਰਛਪਾਲ ਸਿੰਘ ਸਮੇਤ ਪੰਚਾਇਤ ਸੰਮਤੀ ਉਮੀਦਵਾਰਾਂ ਜਸਵਿੰਦਰ ਕੌਰ, ਸੁਖਮਨਵੀਰ ਸਿੰਘ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਰਾਨੋ, ਜਸਵੀਰ ਕੌਰ, ਰਣਜੋਧ ਸਿੰਘ, ਸਵਰਨਜੀਤ ਕੌਰ, ਹਰਜਿੰਦਰ ਕੌਰ, ਜਸਪਾਲ ਕੌਰ, ਜਗਸੀਰ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਕੌਰ, ਕੁਰਸ਼ੈਦ, ਰਣਜੀਤ ਸਿੰਘ, ਬਲਵਿੰਦਰ ਸਿੰਘ, ਅਮਰਦੀਪ ਸਿੰਘ, ਅਮ੍ਰਿਤਪਾਲ ਸਿੰਘ, ਹਰਪ੍ਰੀਤ ਕੌਰ, ਗੁਰਜੀਤ ਸਿੰਘ, ਗੁਰਚਰਨ ਸਿੰਘ, ਗੁਰਮੀਤ ਕੌਰ, ਰਮਨਦੀਪ ਕੌਰ, ਕਰਮਜੀਤ ਕੌਰ, ਲਖਵੀਰ ਕੌਰ ਅਤੇ ਪਰਮਜੀਤ ਕੌਰ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਮੀਦਵਾਰ ਜਿੱਤ ਕੇ ਤੁਹਾਡੇ ਪਿੰਡ ਦੇ ਵਿਕਾਸ ਲਈ ਸਰਕਾਰ ਤੋਂ ਵੱਡੀਆਂ ਗਰਾਂਟਾਂ ਲਿਆ ਕੇ ਹਲਕੇ ਵਿੱਚ ਵਿਕਾਸ ਕਾਰਜ ਕਰਵਾਉਣਗੇ।

ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਰੀਬ ਚਾਰ ਸਾਲਾਂ ਤੋਂ ਪਿੰਡਾਂ ਵਿੱਚ ਜੋ ਵਿਕਾਸ ਹੋ ਰਿਹਾ ਹੈ, ਉਹ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਗਠਨ ਤੋਂ ਬਾਅਦ ਦੁੱਗਣੀ ਰਫ਼ਤਾਰ ਨਾਲ ਚੱਲੇਗਾ। ਉਨ੍ਹਾਂ ਕਿਹਾ ਕਿ ਧੂਰੀ ਹਲਕੇ ਦੇ ਹਰੇਕ ਪਿੰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਧੂਰੀ ਨਮੂਨੇ ਦੇ ਹਲਕੇ ਵੱਜੋਂ ਆਪਣੀ ਪਹਿਚਾਣ ਬਣਾਏਗਾ।

ਚੋਣ ਪ੍ਰਚਾਰ ਰੈਲੀਆਂ ਦੌਰਾਨ ਵਕਫ਼ ਬੋਰਡ ਦੇ ਮੈਂਬਰ ਅਨਵਰ ਭਸੌੜ, ਸਤਿੰਦਰ ਸਿੰਘ, ਡਾਇਰੈਕਟਰ ਸ਼ੂਗਰਫੈੱਡ ਜਸਪਾਲ ਸਿਘ ਭੁੱਲਰ, ਡਾਇਰੈਕਟਰ ਪੀਸੀਆਈਈਸੀ ਅਨਿਲ ਮਿੱਤਲ, ਸਰਪੰਚ ਦਵਿੰਦਰ ਸਿੰਘ ਧੂਰਾ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਅਤੇ ਆਪ ਵਲੰਟੀਅਰਜ਼ ਮੌਜੂਦ ਸਨ।

LEAVE A REPLY

Please enter your comment!
Please enter your name here