ਵੰਦੇ ਮਾਤਰਮ ਨੂੰ ਵਿਵਾਦਿਤ ਬਣਾਉਣਾ ਸਿੱਖ ਵਿਚਾਰਧਾਰਾ ਅਤੇ ਰਾਸ਼ਟਰੀ ਏਕਤਾ ਨਾਲ ਧੋਖਾ : ਪ੍ਰੋ. ਸਰਚਾਂਦ ਸਿੰਘ ਖਿਆਲਾ।

0
11
ਵੰਦੇ ਮਾਤਰਮ ਨੂੰ ਵਿਵਾਦਿਤ ਬਣਾਉਣਾ ਸਿੱਖ ਵਿਚਾਰਧਾਰਾ ਅਤੇ ਰਾਸ਼ਟਰੀ ਏਕਤਾ ਨਾਲ ਧੋਖਾ : ਪ੍ਰੋ. ਸਰਚਾਂਦ ਸਿੰਘ ਖਿਆਲਾ।
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ” ਦੀ ਬਾਣੀ ਧਰਤੀ ਨੂੰ ਮਾਤਾ ਦਾ ਸਨਮਾਨ ਦਿੰਦੀ ਹੈ, ਫਿਰ ਮਾਤ-ਭੂਮੀ ਦੀ ਵੰਦਨਾ ਦਾ ਵਿਰੋਧ ਕਿਉਂ?”
ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਦੇ ਬਿਆਨ ਪੰਜਾਬ ਵਿੱਚ ਫ਼ਿਰਕੂ ਵੰਡ ਅਤੇ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਦਾ ਹਿੱਸਾ
ਅੰਮ੍ਰਿਤਸਰ, 11 ਮਈ :
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਅਤੇ ਪਾਰਟੀ ਦੇ ਵਰਕਿੰਗ ਪ੍ਰਧਾਨ ਇਮਾਨ ਸਿੰਘ ਮਾਨ ਵੱਲੋਂ “ਵੰਦੇ ਮਾਤਰਮ” ਨੂੰ ਸਿੱਖ ਰੀਤਾਂ ਦੇ ਉਲਟ ਦੱਸਣ ਵਾਲੇ ਬਿਆਨਾਂ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਇਹ ਬਿਆਨ ਸਿੱਖ ਧਰਮ ਦੀ ਵਿਸ਼ਾਲ ਮਨੁੱਖਤਾਵਾਦੀ ਸੋਚ, ਗੁਰਮਤਿ ਦਰਸ਼ਨ ਅਤੇ ਭਾਰਤ ਦੀ ਰਾਸ਼ਟਰੀ ਏਕਤਾ ਤਿੰਨਾਂ ‘ਤੇ ਇਕੱਠਾ ਹਮਲਾ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ” ਦਾ ਉਚਾਰਨ ਕਰਕੇ ਧਰਤੀ ਨੂੰ “ਮਾਤਾ” ਦਾ ਦਰਜਾ ਦਿੱਤਾ ਹੈ। ਗੁਰਬਾਣੀ ਵਿੱਚ ਪ੍ਰਕਿਰਤੀ, ਧਰਤੀ ਅਤੇ ਮਾਤ-ਭੂਮੀ ਪ੍ਰਤੀ ਸਤਿਕਾਰ ਦੀ ਭਾਵਨਾ ਸਪਸ਼ਟ ਹੈ। ਅਜਿਹੇ ਵਿੱਚ “ਵੰਦੇ ਮਾਤਰਮ” ਵਿੱਚ ਮਾਤ-ਭੂਮੀ ਦੀ ਵੰਦਨਾ ਨੂੰ ਸਿੱਖੀ ਵਿਰੋਧੀ ਦੱਸਣਾ ਗੁਰਬਾਣੀ ਦੀ ਰੂਹ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ “ਵੰਦੇ ਮਾਤਰਮ” ਕਿਸੇ ਮੂਰਤੀ ਪੂਜਾ ਦਾ ਮੰਤਰ ਨਹੀਂ, ਸਗੋਂ ਆਪਣੀ ਮਾਤ-ਭੂਮੀ ਪ੍ਰਤੀ ਸਤਿਕਾਰ, ਸਮਰਪਣ ਅਤੇ ਦੇਸ਼ਭਗਤ ਦਾ ਪ੍ਰਤੀਕ ਹੈ।  ਸਿੱਖ ਸ਼ਹੀਦਾਂ ਨੇ ਵੀ ਇਸੇ ਧਰਤੀ ਦੀ ਆਜ਼ਾਦੀ ਅਤੇ ਏਕਤਾ ਅਖੰਡਤਾ ਲਈ ਆਪਣੇ ਸੀਸ ਵਾਰ ਦਿੱਤੇ। ਅੱਜ ਉਸੇ ਮਾਤ-ਭੂਮੀ ਦੀ ਵੰਦਨਾ ਨੂੰ ਵਿਵਾਦਿਤ ਬਣਾਉਣਾ ਸ਼ਹੀਦਾਂ ਦੀ ਵਿਰਾਸਤ ਦਾ ਅਪਮਾਨ ਹੈ। ਸੰਸਕ੍ਰਿਤ ਅਤੇ ਬੰਗਾਲੀ ਦੀ ਮਿਲਵੀਂ ਭਾਸ਼ਾ ’ਚ ਬੰਕਿਮ ਚੰਦਰ ਚਟੋਪਾਧਿਆਏ ਵਲੋਂ 1882 ਵਿੱਚ ਰਚਿਤ ਇਸ ਗੀਤ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਹਜ਼ਾਰਾਂ ਕ੍ਰਾਂਤੀਕਾਰੀਆਂ ਨੂੰ ਪ੍ਰੇਰਿਤ ਕੀਤਾ। ਮੋਦੀ ਸਰਕਾਰ ਨੇ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਸ ਨੂੰ ਹੋਰ ਸਨਮਾਨ ਦਿੰਦਿਆਂ ਇਸ ਨੂੰ ਰਾਸ਼ਟਰੀ ਗੀਤ ਜਨ ਗਣ ਮਨ ਵਰਗਾ ਦਰਜਾ ਦੇਣ ਦਾ ਫ਼ੈਸਲਾ ਲਿਆ ਅਤੇ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਐਕਟ, 1971 ਵਿੱਚ ਸੋਧ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਅਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਉਣ ਵਿੱਚ ਕਿਸੇ ਵੀ ਤਰ੍ਹਾਂ ਦੇ ਅਪਮਾਨ ਜਾਂ ਰੁਕਾਵਟ ਨੂੰ  ਤਿੰਨ ਸਾਲ ਤੱਕ ਦੀ ਕੈਦ, ਜਾਂ ਜੁਰਮਾਨਾ ਨਾਲ ਸਜ਼ਾਯੋਗ ਅਪਰਾਧ  ਬਣਾਇਆ ਗਿਆ।

ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖ ਇਤਿਹਾਸ ਮਨੁੱਖਤਾ, ਨਿਆਂ ਅਤੇ ਮਾਤ-ਭੂਮੀ ਦੀ ਰੱਖਿਆ ਦਾ ਪ੍ਰਤੀਕ ਹੈ। ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਕਿਸੇ ਵੱਖਵਾਦੀ ਸੋਚ ਲਈ ਨਹੀਂ, ਸਗੋਂ ਜ਼ੁਲਮ ਦੇ ਖ਼ਿਲਾਫ਼ ਅਤੇ ਧਰਮ-ਦੇਸ਼ ਦੀ ਰੱਖਿਆ ਲਈ ਸਨ। ਇਸ ਲਈ “ਵੰਦੇ ਮਾਤਰਮ” ਨੂੰ ਸਿੱਖੀ ਨਾਲ ਟਕਰਾਅ ਵਜੋਂ ਪੇਸ਼ ਕਰਨਾ ਸਿੱਖ ਇਤਿਹਾਸ ਅਤੇ ਗੁਰਮਤਿ ਦੋਵਾਂ ਨਾਲ ਧੋਖਾ ਹੈ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੱਖਵਾਦੀ ਅਤੇ ਭੜਕਾਊ ਰਾਜਨੀਤੀ ਕਰ ਰਹੀ ਹੈ। ਇੱਕ ਪਾਸੇ ਉਹ ਭਾਰਤ ਦੇ ਰਾਸ਼ਟਰੀ ਪ੍ਰਤੀਕਾਂ, ਸੰਵਿਧਾਨਕ ਸੰਸਥਾਵਾਂ ਅਤੇ ਦੇਸ਼ਭਗਤ ਨੂੰ ਨਿਸ਼ਾਨਾ ਬਣਾਉਂਦੇ ਹਨ, ਦੂਜੇ ਪਾਸੇ ਪਾਕਿਸਤਾਨੀ ਨੈਰੇਟਿਵ ਅਤੇ ਭਾਰਤ ਵਿਰੋਧੀ ਤਾਕਤਾਂ ਨੂੰ ਹਵਾ ਦੇਣ ਵਾਲੇ ਬਿਆਨ ਦਿੰਦੇ ਹਨ। ਇਹ ਉਹੀ ਖ਼ਤਰਨਾਕ ਸੋਚ ਹੈ ਜਿਸ ਨੇ ਪਿਛਲੇ ਦਹਾਕਿਆਂ ਵਿੱਚ ਪੰਜਾਬ ਨੂੰ ਅੱਗ ਅਤੇ ਖ਼ੂਨ-ਖ਼ਰਾਬੇ ਵੱਲ ਧੱਕਿਆ ਸੀ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਕਸ਼ਮੀਰ ਦੇ ਪਹ‌ਿਲਗਾਮ ਸਮੂਹਿਕ ਹੱਤਿਆਵਾਂ ਲਈ ਜ਼ਿੰਮੇਵਾਰ ਤੇ ਆਤੰਕੀ ਤੱਤਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਲਈ “ਨੋਬਲ ਸ਼ਾਂਤੀ ਪੁਰਸਕਾਰ” ਦੀ ਵਕਾਲਤ ਕਰਕੇ ਆਪਣੀ ਸੋਚ ਬੇਨਕਾਬ ਕਰ ਚੁੱਕੇ ਹਨ। ਇਹ ਮੰਗ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਰਹੱਦਾਂ ਦੀ ਰੱਖਿਆ ਲਈ ਸ਼ਹੀਦ ਹੋਏ ਫ਼ੌਜੀ ਜਵਾਨਾਂ ਦਾ ਅਪਮਾਨ ਸੀ। ਇਹ ਉਹਨਾਂ ਹਜ਼ਾਰਾਂ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦੇ ਬਰਾਬਰ ਸੀ ਜਿਨ੍ਹਾਂ ਨੇ ਪਾਕਿਸਤਾਨ ਪ੍ਰੇਰਿਤ ਦਹਿਸ਼ਤਗਰਦੀ ਕਾਰਨ ਆਪਣੇ ਪਿਆਰੇ ਗੁਆਏ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਇਸ ਗੱਲ ‘ਤੇ ਵੀ ਮਾਣ ਹੈ ਕਿ ਉਹ ਖਾੜਕੂਆਂ ਨੂੰ ਵਿਦੇਸ਼ਾਂ ਵਿੱਚ ਸਿਆਸੀ ਪਨਾਹ ਦਿਵਾਉਣ ਲਈ ਵੈਰੀਫਿਕੇਸ਼ਨ ਲੈਟਰ ਜਾਰੀ ਕਰਦੇ ਰਹੇ। ਇਹ ਗੱਲ ਆਪਣੇ ਆਪ ਵਿੱਚ ਉਨ੍ਹਾਂ ਦੀ ਸੋਚ ਅਤੇ ਦੇਸ਼ ਪ੍ਰਤੀ ਨਿਸ਼ਠਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਕੁਝ ਤਾਕਤਾਂ ਸਿੱਖੀ ਦੇ ਨਾਮ ‘ਤੇ ਨੌਜਵਾਨਾਂ ਨੂੰ ਭਾਰਤ ਵਿਰੋਧੀ ਸੋਚ ਵੱਲ ਧੱਕਣਾ ਚਾਹੁੰਦੀਆਂ ਹਨ। ਪਰ ਪੰਜਾਬ ਗੁਰੂ ਸਾਹਿਬਾਨ ਦੀ ਧਰਤੀ ਹੈ, ਜਿੱਥੇ “ਸਰਬੱਤ ਦਾ ਭਲਾ”, ਦੇਸ਼ਭਗਤੀ, ਬਲੀਦਾਨ ਅਤੇ ਮਨੁੱਖਤਾ ਦੀ ਰੂਹ ਵੱਸਦੀ ਹੈ। ਸਿੱਖ ਕੌਮ ਨੇ ਹਮੇਸ਼ਾਂ ਭਾਰਤ ਦੀਆਂ ਸਰਹੱਦਾਂ ਤੋਂ ਲੈ ਕੇ ਖੇਤਾਂ ਤੱਕ ਸਭ ਤੋਂ ਅੱਗੇ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੈ। ਇਸ ਲਈ ਸਿੱਖਾਂ ਦੀ ਦੇਸ਼ਭਗਤੀ ‘ਤੇ ਸਵਾਲ ਖੜ੍ਹੇ ਕਰਨ ਵਾਲੀ ਜਾਂ ਉਨ੍ਹਾਂ ਨੂੰ ਰਾਸ਼ਟਰੀ ਪ੍ਰਤੀਕਾਂ ਨਾਲ ਟਕਰਾਅ ਵਿੱਚ ਦਿਖਾਉਣ ਵਾਲੀ ਹਰ ਰਾਜਨੀਤੀ ਦਾ ਡਟ ਕੇ ਵਿਰੋਧ ਹੋਣਾ ਚਾਹੀਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਮਾਨ ਪਰਿਵਾਰ ਦਾ ਇਤਿਹਾਸ ਵੀ ਵਿਵਾਦਾਂ ਨਾਲ ਭਰਿਆ ਪਿਆ ਹੈ। ਲੋਕ ਅੱਜ ਵੀ ਨਹੀਂ ਭੁੱਲੇ ਕਿ ਉਨ੍ਹਾਂ ਦੇ ਬਜ਼ੁਰਗ ਅਰੂੜ੍ਹ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਰਾਹ ਹੁੰਦਿਆਂ ਜੱਲਿਆਂਵਾਲਾ ਬਾਗ਼ ਕਤਲੇਆਮ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਸਿਰੋਪਾ ਭੇਟ ਕੀਤਾ ਸੀ। ਇਹ ਇਤਿਹਾਸਕ ਦਾਗ਼ ਅੱਜ ਵੀ ਲੋਕਾਂ ਦੀ ਯਾਦ ਵਿੱਚ ਤਾਜ਼ਾ ਹੈ। ਅੱਜ ਉਹੀ ਸੋਚ ਨਵੇਂ ਰੂਪ ਵਿੱਚ ਪੰਜਾਬ ਵਿੱਚ ਵੰਡ, ਭਰਮ ਅਤੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਕਾਮਯਾਬ ਨਹੀਂ ਹੋਣ ਦੇਣਗੇ।

LEAVE A REPLY

Please enter your comment!
Please enter your name here