ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ
ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਦਿਨ ਐਤਵਾਰ 28/12/25 ਨੂੰ ਧੰਨ ਧੰਨ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ ਅਤੇ ਗੜੀ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਕਵੀ ਦਰਬਾਰ “ਸਫ਼ਰ -ਏ-ਸ਼ਹਾਦਤ” ਨਾਮ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਪੰਜਾਬ, ਯੂਰਪ ਅਤੇ ਅਮਰੀਕਾ ਤੋਂ ਕਵੀ ਕਵਿਤ੍ਰੀਆਂ ਨੇ ਹਿੱਸਾ ਲਿਆ। ਸਭ ਨੇ ਆਪਣੇ ਆਪਣੇ ਅੰਦਾਜ਼ ਵਿੱਚ ਧਾਰਮਿਕ ਗੀਤ ਜਾਂ ਕਵਿਤਾਵਾਂ ਗਾਇਨ ਕਰਦੇ ਹੋਏ ਸ਼ਹੀਦਾਂ ਨੂੰ ਨਮਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਨਾਵਲਕਾਰ ਤੇ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਪੰਜਾਬ ਤੋਂ ਸਭ ਨੂੰ ਜੀ ਆਇਆਂ ਆਖਿਆ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਪੇਸ਼ਕਾਰ/ਗ਼ਜ਼ਲਗੋ ਮੁਖਤਾਰ ਸਿੰਘ ਚੰਦੀ ਜੀ ਨੂੰ ਸੰਭਾਲਣ ਲਈ ਬੇਨਤੀ ਕੀਤੀ। ਮੁਖਤਾਰ ਸਿੰਘ ਚੰਦੀ ਜੀ ਨੇ ਪਹਿਲਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ੇਅਰ ਅਰਜ਼ ਕੀਤਾ ਤੇ ਮੰਚ ਤੇ ਸਭ ਤੋਂ ਪਹਿਲਾਂ ਸੱਦਾ ਸਰਦੂਲ ਸਿੰਘ ਜੀ ਭੱਲਾ ਪਟਿਆਲਾ ਨੂੰ ਦਿੱਤਾ। ਜਿਹਨਾਂ ਨੇ “ਇੱਕ ਰਾਤ ਦੀ ਗੱਲ, ਸਾਡੀ ਪੇਸ਼ੀ ਹੋਣੀ ਕੱਲ੍ਹ” ਕਵਿਤਾ ਗਾ ਕੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਭ ਨੂੰ ਭਾਵੁਕ ਕਰ ਦਿੱਤਾ। ਦੂਜੇ ਸੱਦੇ ਤੇ ਜੋਗਿੰਦਰ ਸਿੰਘ ਚੀਮਾ, ਪੰਜਾਬ ਤੋਂ ਜਿਹਨਾਂ ਨੇ “ਸਾਹਿਬਜ਼ਾਦਿਆਂ ਦੀ ਨਿਡਰਤਾ” ਕਵਿਤਾ ਗਾ ਕੇ ਸੁਣਾਈ।
ਤੀਸਰਾ ਸੱਦਾ ਪੋਲੀ ਬਰਾੜ ਜੀ ਅਮਰੀਕਾ ਨੂੰ ਦਿੱਤਾ ਤੇ ਭੈਣ ਜੀ ਨੇ “ਚੜ੍ਹਿਆ ਮਹੀਨਾ ਪੋਹ ਨੀ ਮਾਏ” ਗਾ ਕੇ ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਉੱਥੇ ਨਾਲ ਹੀ ਆਪਣੇ ਸਵਰਗੀ ਮਾਤਾ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਚੌਥੇ ਸੱਦੇ ਉੱਤੇ ਚੰਦੀ ਸਾਹਿਬ ਜੀ ਨੇ ਮਲਕੀਤ ਸਿੰਘ ਮੀਤ, ਪੰਜਾਬ ਹੋਰਾਂ ਨੂੰ ਮੰਚ ਤੇ ਬੁਲਾਇਆ, ਮੀਤ ਜੀ ਨੇ “ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਪਿਆਰੇ” ਗੀਤ ਸੁਣਾਇਆ। ਅਗਲੇ ਸੱਦੇ ਤੇ ਕੇਵਲ ਸਿੰਘ ਰੱਤੜਾ, ਕਪੂਰਥਲਾ ਪੰਜਾਬ ਜੀ ਨੂੰ ਬੁਲਾਇਆ ਗਿਆ ਜਿਹਨਾਂ ਨੇ ਇੱਕ ਵੱਖਰੇ ਅੰਦਾਜ਼ ਵਿੱਚ “ਸ਼ਹੀਦੀ ਬਨਾਮ ਮੌਤ” ਨਜ਼ਮ ਪੇਸ਼ ਕੀਤੀ। ਅਗਲੇ ਸੱਦੇ ਕੇ ਬੰਬੇ ਤੋਂ ਪ੍ਰਸਿੱਧ ਢਾਡੀ ਕਵੀਸ਼ਰ ਸਰਦਾਰ ਪਰਵਿੰਦਰ ਸਿੰਘ ਹੇਅਰ ਜੀ ਨੇ ਆਪਣੇ ਕਵੀਸ਼ਰੀ ਰੰਗ ਵੀਰ ਰਸ ਭਰੀ ਕਵਿਤਾ “ਰੋ ਰੋ ਕੇ ਨੂਰਾ ਦੱਸਦਾ, ਲਾਲਾਂ ਦੀਆਂ ਦਰਦ ਕਹਾਣੀਆਂ” ਪੇਸ਼ ਕਰਕੇ ਸਭ ਨੂੰ ਭਾਵੁਕ ਕਰ ਦਿੱਤਾ। ਅਗਲੀ ਪੇਸ਼ਕਾਰੀ ਵਿੱਚ ਰਾਣਾ ਅਠ਼ੋਲਾ ਜੀ ਇਟਲੀ ਵਾਲਿਆਂ ਨੇ ਪੰਜਾਬ ਤੋਂ ਇੱਕ ਇਤਿਹਾਸ ਦੇ ਬੰਦ ਪਏ ਪੰਨੇ ਨੂੰ ਫਰੋਲਣ ਦਾ ਸੁਨੇਹਾ ਦਿੰਦਿਆਂ “ਪੀਰ ਬੁੱਧੂ ਸ਼ਾਹ” ਜੀ ਬਾਰੇ ਦੱਸਿਆ। ਅਗਲੀ ਪੇਸ਼ਕਾਰੀ ਲਈ ਚੰਦੀ ਸਾਹਿਬ ਜੀ ਨੇ ਕਰਮਜੀਤ ਕੌਰ ਰਾਣਾ, ਇਟਲੀ ਨੂੰ ਸੱਦਾ ਦਿੱਤਾ, ਜਿਹਨਾਂ ਨੇ “ਮਾਂ ਦੀ ਛਾਂ ਤੋਂ ਵਿਛੜੇ ਲਾਲ” ਗੀਤ ਗਾ ਕੇ ਸਾਹਿਬਜ਼ਾਦਿਆਂ ਦਾ ਦਰਦ ਬਿਆਨ ਕੀਤਾ। ਉਸ ਤੋਂ ਬਾਅਦ ਢਾਡੀ ਕਵੀਸ਼ਰ ਬਲਵੀਰ ਸਿੰਘ ਬੇਲੀ ਜੀ ਪੰਜਾਬ ਤੋਂ “ਸਾਹਿਬਜ਼ਾਦਾ ਜੁਝਾਰ ਸਿੰਘ” ਦੀ ਸ਼ਹਾਦਤ ਨੂੰ ਸਮਰਪਿਤ ਵਾਰ ਗਾ ਕੇ ਨਿਹਾਲ ਕੀਤਾ। ਸ਼ਹੀਦਾਂ ਨੂੰ ਨਮਨ ਕਰਨ ਲਈ ਕੰਵਰ ਇਕਬਾਲ ਸਿੰਘ ਜੀ ਨੇ ਆਪਣੇ ਚੱਲਦੇ ਸਫ਼ਰ ਨੂੰ ਵਿਚਕਾਰ ਰੋਕ ਕੇ ਆਪਣਾ ਗੀਤ “ਗਲਵੱਕੜੀ ਚ ਲੈਂਦੀ, ਦਾਦੀ ਪੋਤਿਆਂ ਨੂੰ ਕਹਿੰਦੀ” ਤਰੰਨਮ ਵਿੱਚ ਸੁਣਾ ਕੇ ਸਾਰੇ ਮੰਚ ਤੇ ਸ਼ਾਮਲ ਕਵੀ ਕਵਿਤ੍ਰੀਆਂ ਦਾ ਦਿਲ ਜਿੱਤ ਲਿਆ। ਕੰਵਰ ਸਾਹਿਬ ਤੋਂ ਬਾਅਦ ਮੋਤੀ ਸ਼ਾਇਰ ਪੰਜਾਬੀ ਜੀ ਨੇ ਆਪਣਾ ਗੀਤ “ਪਰਤ ਗਿਆ ਜੱਲਾਦ ਫੇਰ ਦੁਖੀ ਹੋ ਕੇ” ਸੁਣਾਇਆ। ਉਸ ਤੋਂ ਬਾਅਦ ਸਰਬਜੀਤ ਸਿੰਘ ਜਰਮਨੀ ਨੇ ਆਪਣੀ ਕਵਿਤਾ “ਮਾਤਾ ਜੀਤੋ ਤੇ ਮਾਤਾ ਸੁੰਦਰੀ ਜੀ” ਪੜ੍ਹ ਕੇ ਸੁਣਾਈ ਤੇ ਇਤਿਹਾਸ ਵਿੱਚ ਤੇ ਸਟੇਜਾਂ ਤੇ ਇਹਨਾਂ ਮਾਵਾਂ ਨੂੰ ਯਾਦ ਨਾ ਕਰਨ ਤੇ ਸ਼ਿਕਵਾ ਵੀ ਜਿਤਾਇਆ। ਉਸ ਤੋਂ ਬਾਅਦ ਪ੍ਰਗਟ ਸਿੰਘ ਗਿੱਲ ਜੀ ਨੇ ਕਵਿਤਾ “ਦਾਦੀ” ਗਾ ਕੇ ਸੁਣਾਈ। ਅਗਲੇ ਸੱਦੇ ਤੇ ਮੰਗਤ ਖਾਨ ਜੀ ਪਟਿਆਲੇ ਤੋਂ ਹਾਜ਼ਰ ਹੋਏ ਜਿਹਨਾਂ ਨੇ ਆਪਣਾ ਗੀਤ “ਰਾਤਾਂ ਪੋਹ ਦੀਆਂ ਮੈਨੂੰ ਨੇ ਉਦਾਸ ਕਰ ਜਾਂਦੀਆਂ” ਬਹੁਤ ਹੀ ਵਧੀਆ ਪੇਸ਼ਕਾਰੀ ਕਰਕੇ ਸੁਣਾਇਆ। ਅਗਲੇ ਸੱਦੇ ਤੇ ਢਾਡੀ ਕਵੀਸ਼ਰ ਸਰਦਾਰ ਜਸਵਿੰਦਰ ਸਿੰਘ ਢਿੱਲੋ ਜੀ ਆਪਣੀ ਵਾਰ “ਆ ਦੱਸਿਆ ਨੂਰੇ ਨੇ, ਕਿਵੇਂ ਨਾਲ ਲਾਲਾਂ ਦੇ ਬੀਤੀ” ਕਵੀਸ਼ਰੀ ਰੰਗ ਵਿੱਚ ਪੇਸ਼ ਕੀਤੀ। ਉਸ ਤੋਂ ਬਾਅਦ ਪ੍ਰਸਿੱਧ ਸ਼ਾਇਰ ਗੁਰਚਰਨ ਸਿੰਘ ਜੋਗੀ ਜੀ “ਤੂੰ ਗੱਲ ਸੁਣ ਲੈ ਓ ਸੂਬਿਆਂ, ਅਸੀਂ ਵਿੱਚ ਖਲੋ ਕੇ ਨੀਹਾਂ ਦੇ ਇਤਿਹਾਸ ਬਣਾਉਣਾ” ਪੂਰੇ ਵੀਰ ਰਸ ਵਿੱਚ ਪੇਸ਼ਕਾਰੀ ਕਰਕੇ ਸਾਰੇ ਹਾਜ਼ਰੀ ਭਰ ਰਹੇ ਕਵੀ ਸਾਥੀਆਂ ਵਿੱਚ ਵੀਰ ਰਸ ਭਰ ਦਿੱਤਾ। ਬਾਅਦ ਵਿੱਚ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਸਭ ਨੂੰ ਮਾਛੀਵਾੜੇ ਦੇ ਜੰਗਲਾਂ ਦੀ ਵਾਰਤਾ ਸੁਣਾਉਂਦਿਆਂ “ਕੌਣ ਬਿਆਨ ਕਰ ਸਕਦਾ, ਉਸ ਦਾਤੇ ਦੇ ਮਨ ਦੀ ਪੀੜ” ਭਾਵੁਕ ਕਰ ਦਿੱਤਾ।
ਮੰਚ ਸੰਚਾਲਨ ਕਰਨ ਦੇ ਨਾਲ ਨਾਲ ਮੁਖਤਾਰ ਸਿੰਘ ਚੰਦੀ ਜੀ ਨੇ ਬਹੁਤ ਹੀ ਪਿਆਰੀ ਨਜ਼ਰ “ਨੀ ਬੱਚਿਆਂ ਦਾ ਖੂਨ ਚੂਸ ਕੇ, ਦੱਸ ਤੇਰੇ ਕੀ ਗੁਲਾਬੀ ਹੋ ਗਏ ਚਿਹਰੇ” ਸੁਣਾ ਰਹੇ ਸਨ ਪਰ ਤਕਨੀਕੀ ਖ਼ਰਾਬੀ ਕਾਰਨ ਪੂਰੀ ਨਾ ਸੁਣਾ ਸਕੇ। ਉਹਨਾਂ ਦਾ ਅੰਦਾਜ਼, ਅਵਾਜ਼ ਤੇ ਬੋਲ ਇੰਨੇ ਪਿਆਰੇ ਸਨ ਕਿ ਮੰਚ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵਕਤ ਮਿਲਣ ਤੇ ਆਪਣੀ ਇਹ ਨਜ਼ਮ ਸ਼ੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰਨ।
ਪ੍ਰੋਗਰਾਮ ਦੇ ਅਖੀਰ ਵਿੱਚ ਮੋਤੀ ਸ਼ਾਇਰ ਪੰਜਾਬੀ ਜੀ ਨੇ ਹਾਜ਼ਰੀ ਭਰ ਰਹੇ ਸਾਰੇ ਸਾਥੀਆਂ ਦਾ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ।
ਸਰਬਜੀਤ ਸਿੰਘ ਜਰਮਨੀ







