ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਐਨਸੀਸੀ ਯੂਨਿਟ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਾਨਯੋਗ ਉਪ ਕੁਲਪਤੀ ਪ੍ਰੋ.(ਡਾ.) ਕਰਮਜੀਤ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ (ਡਾ.) ਸਰੋਜ ਅਰੋੜਾ ਦੀ ਯੋਗ ਰਹਿਨੁਮਾਈ ਹੇਠ ਅਤੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਦੀ ਸੁਚੱਜੀ ਅਗਵਾਈ ਵਿੱਚ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਵਿਖੇ ਐਨ.ਸੀ.ਸੀ. ਯੂਨਿਟ ਦੇ ਰੁਖ਼ਸਤ ਹੋ ਰਹੇ ਸੀਨੀਅਰ ਕੈਡਟਾਂ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਹੇਮਦੀਪ ਸ਼ਰਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੂੰ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਹੇਮਦੀਪ ਸ਼ਰਮਾ ਨੇ ਕਿਹਾ ਕਿ ਐਨ.ਸੀ.ਸੀ. ਇੱਕ ਅਜਿਹਾ ਮੰਚ ਹੈ ਜੋ ਨੌਜਵਾਨਾਂ ਵਿੱਚ ਅਨੁਸ਼ਾਸਨ, ਲੀਡਰਸ਼ਿਪ, ਆਤਮ-ਵਿਸ਼ਵਾਸ, ਸਮਰਪਣ ਅਤੇ ਦੇਸ਼-ਸੇਵਾ ਦੀ ਭਾਵਨਾ ਨੂੰ ਵਿਕਸਿਤ ਕਰਦਾ ਹੈ। ਉਨ੍ਹਾਂ ਕੈਡਟਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਅਤੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕਾਲਜ ਇੰਚਾਰਜ ਡਾ.(ਲੈਫ)ਹਰਸਿਮਰਨ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਨ.ਸੀ.ਸੀ. ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਇੱਕ ਅਜਿਹਾ ਜੀਵਨ-ਮਾਰਗ ਹੈ ਜੋ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਮੇਂ ਦੀ ਪਾਬੰਦੀ, ਟੀਮ ਭਾਵਨਾ, ਲੀਡਰਸ਼ਿਪ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਰੁਖ਼ਸਤ ਹੋ ਰਹੇ ਕੈਡਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਵਿੱਚ ਬਿਤਾਇਆ ਇਹ ਸਮਾਂ ਅਤੇ ਐਨ.ਸੀ.ਸੀ. ਤੋਂ ਮਿਲੀਆਂ ਸਿੱਖਿਆਵਾਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਦਾ ਮਜ਼ਬੂਤ ਆਧਾਰ ਬਣਨਗੀਆਂ। ਉਨ੍ਹਾਂ ਕੈਡਟਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਵੀ ਜਾਣ, ਆਪਣੇ ਚੰਗੇ ਚਾਲ-ਚਲਣ, ਮਿਹਨਤ ਅਤੇ ਸੇਵਾ ਭਾਵਨਾ ਨਾਲ ਕਾਲਜ, ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਹਮੇਸ਼ਾਂ ਉੱਚਾ ਕਰਨ।
ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਗੀਤ, ਕਵਿਤਾਵਾਂ, ਲੋਕ ਨਾਚ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਸੀਨੀਅਰ ਐਨ.ਸੀ.ਸੀ. ਕੈਡਟਾਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਕਾਲਜ ਅਤੇ ਐਨ.ਸੀ.ਸੀ. ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਆਪਣੇ ਜੂਨੀਅਰ ਸਾਥੀਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਐਡਵੋਕੇਟ ਹੇਮਦੀਪ ਸ਼ਰਮਾ ਨੂੰ ਕਾਲਜ ਸਟਾਫ ਅਤੇ ਐਨ.ਸੀ.ਸੀ. ਕੈਡਟਾਂ ਵੱਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਰੁਖ਼ਸਤ ਹੋ ਰਹੇ ਐਨ.ਸੀ.ਸੀ. ਕੈਡਟਾਂ ਨੂੰ ਵੀ ਸਨਮਾਨ ਚਿੰਨ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਟਾਫ ਵਿੱਚੋਂ ਕਰਮਬੀਰ ਸਿੰਘ, ਹੀਰਾ ਲਾਲ, ਮਨਦੀਪ ਸਿੰਘ, ਮਨੂ ਬਾਲਾ ਅਤੇ ਮਨੀਸ਼ਾ ਤੋਂ ਇਲਾਵਾ ਐਨ.ਸੀ.ਸੀ. ਕੈਡਟ ਹਾਜ਼ਰ ਸਨ।







