ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਦਮਦਮੀ ਟਕਸਾਲ ਦੇ ਰਾਹਤ ਕੈਂਪ ਦਾ ਦੌਰਾ ਕਰ ਸੇਵਾਦਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਰਾਹਤ ਕੈਂਪ ਆਮ ਹਾਲਾਤ ਬਣਨ ਤਕ ਜਾਰੀ ਰਹੇਗਾ : ਭਾਈ ਸਾਹਿਬ ਸਿੰਘ ਦਮਦਮੀ ਟਕਸਾਲ
ਮਹਿਤਾ ਚੌਕ, 12 ਸਤੰਬਰ 2025
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਅਜਨਾਲਾ ਦੇ ਪਿੰਡ ਬਾਜਵਾ ਵਿੱਚ ਸਥਾਪਿਤ ਵੱਡੇ ਰਾਹਤ ਕੈਂਪ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਮਦਮੀ ਟਕਸਾਲ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਦਿਨ–ਰਾਤ ਸੇਵਾ ਨਿਭਾ ਰਹੀਆਂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਧਾਮੀ ਨੇ ਕਿਹਾ ਕਿ ਇਹ ਸੇਵਾਵਾਂ ਸਿੱਖ ਧਰਮ ਦੇ ਸੇਵਾ–ਸਿਧਾਂਤ ਦੀ ਜੀਵੰਤ ਤਸਵੀਰ ਹਨ। ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਪੰਜਾਬੀ ਭਰਾਵਾਂ ਨੂੰ ਹੜ੍ਹ ਰੂਪ ਆਈ ਇਸ ਭਿਆਨਕ ਆਫ਼ਤ ਨਾਲ ਨਜਿੱਠਣ ਲਈ ਵਧ ਤੋਂ ਵਧ ਸਹਿਯੋਗ ਦੇਣ ਲਈ ਅੱਗੇ ਆਉਣ ਦੀ ਅਪੀਲ ਕੀਤੀ ।
ਇਸ ਮੌਕੇ ਦਮਦਮੀ ਟਕਸਾਲ ਦੇ ਆਗੂ ਭਾਈ ਸਾਹਬ ਸਿੰਘ ਨੇ ਕਿਹਾ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਦੀ ਅਗਵਾਈ ਹੇਠ ਸਥਾਪਿਤ ਰਾਹਤ ਕੈਂਪ ਆਮ ਹਾਲਾਤ ਬਣਨ ਤਕ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਆਰੀ ਦਵਾਈਆਂ, ਰਸਦਾਂ, ਮੰਜੇ–ਬਿਸਤਰੇ, 24 ਘੰਟੇ ਲੰਗਰ, ਪਸ਼ੂਆਂ ਲਈ ਚਾਰਾ, ਫ਼ਰੀ ਮੈਡੀਕਲ ਕੈਂਪ ਅਤੇ ਹੋਰ ਜ਼ਰੂਰੀ ਸਹੂਲਤਾਂ ਲਗਾਤਾਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ, ਜਿਨ੍ਹਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਦਮਦਮੀ ਟਕਸਾਲ ਨੇ ਕਿਸਾਨਾਂ ਦੀ ਸਹਾਇਤਾ ਲਈ ਖ਼ਾਸ ਤੌਰ ’ਤੇ ਹੱਥ ਅੱਗੇ ਵਧਾਇਆ ਹੈ। ਕੈਂਪ ਰਾਹੀਂ ਲੋਕਾਂ ਦੇ ਖਾਣ–ਪੀਣ ਨਾਲ ਨਾਲ ਪਸ਼ੂਆਂ ਲਈ ਚਾਰੇ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਇਸ ਦੇ ਨਾਲ ਟਕਸਾਲ ਨਾਲ ਸੰਬੰਧਿਤ ਵਿੱਦਿਅਕ ਅਤੇ ਧਾਰਮਿਕ ਅਦਾਰੇ—ਖ਼ਾਲਸਾ ਅਕੈਡਮੀ, ਖ਼ਾਲਸਾ ਕਾਲਜ ਅਤੇ ਖ਼ਾਲਸਾ ਹਸਪਤਾਲ ਆਦਿ ਦੀਆਂ ਬਰਾਂਚਾਂ ਵੱਲੋਂ ਵੀ ਅਜਨਾਲਾ–ਰਮਦਾਸ ਰੋਡ ਉੱਤੇ ਬਾਜਵਾ ਪਿੰਡ ਨੇੜੇ ਜੀਟੀ ਰੋਡ ਉੱਤੇ ਸਥਾਪਿਤ ਵੱਡੇ ਰਾਹਤ ਕੈਂਪ ਵਿੱਚ ਨਿਰੰਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਫ਼ਰੀ ਮੈਡੀਕਲ ਕੈਂਪ ਵਿੱਚ ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿੱਥੇ ਲੇਡੀਜ਼ ਡਾਕਟਰਾਂ ਵੱਲੋਂ ਬੀਬੀਆਂ ਦਾ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਪਿੰਡਾਂ ਵਿੱਚ ਗਰਾਊਂਡ ਜ਼ੀਰੋ ’ਤੇ ਜਾ ਕੇ ਰਾਹਤ ਸਮਗਰੀ ਵੰਡਣ ਦੀ ਸੇਵਾ ਨਿਭਾਈ ਜਾ ਰਹੀ ਹੈ। 24 ਘੰਟੇ ਚੱਲਦੇ ਲੰਗਰ ਵਿੱਚ ਆਉਣ–ਜਾਣ ਵਾਲੀਆਂ ਸੰਗਤਾਂ ਅਤੇ ਨੇੜਲੇ ਪਿੰਡਾਂ ਦੇ ਗ਼ਰੀਬ ਲੋਕ ਭੋਜਨ ਕਰ ਰਹੇ ਹਨ।
ਮਹਾਂਪੁਰਸ਼ਾਂ ਦੇ ਦਿਸ਼ਾ–ਨਿਰਦੇਸ਼ ਹੇਠ ਇਸ ਕੈਂਪ ਵਿੱਚ ਮੈਡੀਕਲ ਸਹੂਲਤਾਂ ਅਤੇ ਰਾਹਤ ਸਮਗਰੀ 24 ਘੰਟੇ ਉਪਲਬਧ ਹਨ, ਜੋ ਮਨੁੱਖਤਾ ਪ੍ਰਤੀ ਟਕਸਾਲ ਦੀ ਨਿਸ਼ਕਾਮ ਭਾਵਨਾ ਨੂੰ ਦਰਸਾਉਂਦੀਆਂ ਹਨ।
ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ, ਸੰਤ ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਪਰਮਿੰਦਰ ਸਿੰਘ, ਜਥੇਦਾਰ ਚਮਕੌਰ ਸਿੰਘ, ਜਥੇਦਾਰ ਤਰਲੋਚਨ ਸਿੰਘ, ਭਾਈ ਗੁਰਮੁਖ ਸਿੰਘ, ਅਵਤਾਰ ਸਿੰਘ ਬੁੱਟਰ, ਸਰਦਾਰ ਕਰਨਜੀਤ ਸਿੰਘ, ਅਮਰੀਕ ਸਿੰਘ, ਸਰਪੰਚ ਅਮਰੀਕ ਸਿੰਘ, ਜਸਪਾਲ ਸਿੰਘ, ਦਲਜੀਤ ਸਿੰਘ, ਹਰਨੇਕ ਸਿੰਘ , ਰਾਜਵਿੰਦਰ ਸਿੰਘ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਪ੍ਰਿੰਸੀਪਲ ਗੁਰਦੀਪ ਸਿੰਘ, ਗੁਰਮੁਖ ਸਿੰਘ, ਭਾਈ ਹਰਸ਼ਦੀਪ ਸਿੰਘ ਸਮੇਤ ਕਈ ਮੁਹਤਬਰ ਸਿੰਘ ਵੀ ਮੌਜੂਦ ਸਨ।