ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਵਿੱਚ 13 ਰਾਹਤ ਕੈਂਪ ਜਾਰੀ, 10 ਪ੍ਰਭਾਵਿਤ ਵਿਅਕਤੀ ਕਰ ਰਹੇ ਬਸੇਰਾ: ਹਰਦੀਪ ਸਿੰਘ ਮੁੰਡੀਆਂ

0
18

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਵਿੱਚ 13 ਰਾਹਤ ਕੈਂਪ ਜਾਰੀ, 10 ਪ੍ਰਭਾਵਿਤ ਵਿਅਕਤੀ ਕਰ ਰਹੇ ਬਸੇਰਾ: ਹਰਦੀਪ ਸਿੰਘ ਮੁੰਡੀਆਂ

ਚੰਡੀਗੜ੍ਹ, 22 ਸਤੰਬਰ:

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਹੜ੍ਹਾਂ ਪਿੱਛੋਂ ਸਥਿਤੀ ਲਗਾਤਾਰ ਆਮ ਵਾਂਗ ਹੋ ਰਹੀ ਹੈ ਅਤੇ ਪ੍ਰਭਾਵਿਤ ਪਰਿਵਾਰ ਨਿਰੰਤਰ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਹੁਣ ਤੱਕ ਕੁੱਲ 219 ਰਾਹਤ ਕੈਂਪ ਖੋਲ੍ਹੇ ਗਏ ਸਨ ਪਰ ਇਸ ਵੇਲੇ 13 ਕੈਂਪ ਸਿਰਫ਼ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੀ ਜਾਰੀ ਹਨ ਅਤੇ 10 ਹੜ੍ਹ ਪ੍ਰਭਾਵਿਤ ਵਿਅਕਤੀ ਉਥੇ ਠਹਿਰੇ ਹੋਏ ਹਨ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਤੱਕ ਸੂਬੇ ਭਰ ਵਿੱਚ 25 ਕੈਂਪ ਜਾਰੀ ਸਨ, ਜਿਨ੍ਹਾਂ ਵਿੱਚ 163 ਵਿਅਕਤੀ ਠਹਿਰੇ ਹੋਏ ਸਨ।

ਮਾਲ ਮੰਤਰੀ ਨੇ ਦੱਸਿਆ ਕਿ ਫ਼ਾਜ਼ਿਲਕਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਰਾਹਤ ਕੈਂਪਾਂ ‘ਚ ਕੱਲ੍ਹ ਤੱਕ ਕ੍ਰਮਵਾਰ 50 ਅਤੇ 103 ਵਿਅਕਤੀ ਠਹਿਰੇ ਹੋਏ ਸਨ ਪਰ ਅੱਜ ਇੱਥੋਂ ਸਾਰੇ ਪ੍ਰਭਾਵਿਤ ਵਿਅਕਤੀ ਆਪੋ-ਆਪਣੇ ਘਰਾਂ ਨੂੰ ਚਲੇ ਗਏ ਹਨ।

ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੇ ਵਿਆਪਕ ਯਤਨਾਂ ਸਦਕਾ 1 ਅਗਸਤ ਤੋਂ ਲੈ ਕੇ ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ 23,340 ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਰਿਪੋਰਟ ਮੁਤਾਬਕ ਮਾਰੂ ਹੜ੍ਹਾਂ ਨੇ 22 ਜ਼ਿਲ੍ਹਿਆਂ ਅਤੇ 2555 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ 3,89,445 ਆਬਾਦੀ ਪ੍ਰਭਾਵਿਤ ਹੋਈ। ਉਨ੍ਹਾਂ ਦੱਸਿਆ ਕਿ 1 ਅਗਸਤ ਤੋਂ ਹੁਣ ਤੱਕ 57 ਲੋਕਾਂ ਦੀ ਜਾਨ ਗਈ ਅਤੇ 4 ਵਿਅਕਤੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 1,99,926.2 ਹੈਕਟੇਅਰ ਰਕਬੇ ‘ਚ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।

————-

LEAVE A REPLY

Please enter your comment!
Please enter your name here