ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਥਿਤ ਇਤਿਹਾਸਕ ਤੇ ਵਿਰਾਸਤੀ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ

ਮੁਹਾਲੀ: ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੱਪੜਚਿੜੀ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਨੂੰ ਵਿਕਾਸ ਲਈ 24 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਿੱਧੂ ਨੇ ਕਿਹਾ ਕਿ ਯਾਦਗਾਰ ਨਾਲ ਜੋੜਦੀ ਸੜਕ ਦੇ ਨਵੀਨੀਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ 12 ਲੱਖ ਰੁਪਏ ਤੇ ਯਾਦਗਾਰ ਦੇ ਸੁੰਦਰੀਕਰਨ ਤੇ ਸੈਲਾਨੀਆਂ ਨੂੰ ਸੁਵਿਧਾਵਾਂ ਦੇਣ ਲਈ ਉਹ ਆਪਣੇ ਨਿੱਜੀ ਅਖਤਿਆਰੀ ਕੋਟੇ ਵਿੱਚੋਂ 12 ਲੱਖ ਰੁਪਏ ਦੇਣਗੇ।
ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਥਿਤ ਇਤਿਹਾਸਕ ਤੇ ਵਿਰਾਸਤੀ ਥਾਵਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਤੋਂ ਬਾਹਰ ਦੇਸ਼ਾਂ ਤੇ ਵਿਦੇਸ਼ਾਂ ਤੋਂ ਵੀ ਸੈਲਾਨੀ ਵੱਡੀ ਗਿਣਤੀ ਵਿੱਚ ਪੰਜਾਬ ਆਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਵਿਰਾਸਤੀ ਮੇਲੇ ਮੁੜ ਬਹਾਲ ਕੀਤੇ ਗਏ ਹਨ ਤੇ ਵਿਭਾਗ ਵੱਲੋਂ ਪਟਿਆਲਾ, ਅੰਮ੍ਰਿਤਸਰ, ਬਠਿੰਡਾ ਤੇ ਕਪੂਰਥਲਾ ਵਿਖੇ ਵਿਰਾਸਤੀ ਮੇਲੇ ਲਾਏ ਜਾਣਗੇ। ਪਹਿਲਾ ਮੇਲਾ ਫਰਵਰੀ ਵਿੱਚ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦਾ ਸਲੋਗਨ ‘ਸੱਭਿਆਚਾਰ ਤੋਂ ਰੋਜ਼ਗਾਰ’ ਜਿਸ ਤਹਿਤ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਰਾਹੀਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ ਤੇ ਸੂਬੇ ਅੰਦਰ ਸਥਿਤ ਸੈਲਾਨੀ ਕੇਂਦਰਾਂ ਨੂੰ ਸੈਲਾਨੀਆਂ ਲਈ ਹੋਰ ਖਿੱਚ ਭਰਪੂਰ ਬਣਾਉਣਾ ਹੈ। ਸਿੱਧੂ ਨੇ ਕਿਹਾ ਕਿ ਚੱਪੜਚਿੜੀ ਯਾਦਗਾਰ ਸਿੱਖ ਕੌਮ ਦੇ ਸ਼ਾਨਾਮੱਤੀ ਇਤਿਹਾਸ ਦੀ ਗਵਾਹ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦਾ ਨਾਸ਼ ਕਰਦਿਆਂ ਹੱਕ-ਸੱਚ ਤੇ ਧਰਮ ਦਾ ਰਾਜ ਸਥਾਪਤ ਕਰ ਕੇ ਸਿੱਕਾ ਚਲਾਇਆ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਪਿਛੋਕੜ ਨਾਲ ਜੋੜਨ ਅਤੇ ਅਮੀਰ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਅਜਿਹੀਆਂ ਯਾਦਗਾਰਾਂ ‘ਤੇ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਯਾਦਗਾਰਾਂ ‘ਤੇ ਸੈਲਾਨੀਆਂ ਲਈ ਸੁਵਿਧਾਵਾਂ ਸਥਾਪਤ ਕੀਤੀਆਂ ਜਾਣ ਤਾਂ ਉਹ ਇਥੇ ਖਿੱਚੇ ਆਉਣਗੇ।

Be the first to comment

Leave a Reply