ਅਕਾਲੀ ਦਲ ਨੂੰ ਝਟਕਾ! ‘ਆਪ’ ਪਟਿਆਲਾ ‘ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ ‘ਆਪ’ ‘ਚ ਸ਼ਾਮਲ

0
43

ਅਕਾਲੀ ਦਲ ਨੂੰ ਝਟਕਾ! ‘ਆਪ’ ਪਟਿਆਲਾ ‘ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ ‘ਆਪ’ ‘ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ‘ਚ ਹੋਏ ਸ਼ਾਮਲ

ਜਸਪਾਲ ਕਲਿਆਣ ਸਮੇਤ ਦੋ ਸਾਬਕਾ ਕੌਂਸਲਰ ਵੀ ਹੋਏ ‘ਆਪ’ ‘ਚ ਸ਼ਾਮਲ

ਪੰਜਾਬ ‘ਚ ਅਕਾਲੀ ਦਲ ਬਾਦਲ ਖ਼ਤਮ, ਲੋਕਾਂ ਨੂੰ ਨਹੀਂ ਹੈ ਪਾਰਟੀ ‘ਤੇ ਭਰੋਸਾ : ਭਗਵੰਤ  ਮਾਨ

ਚੰਡੀਗੜ੍ਹ, 2 ਮਈ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਿਆਲਾ ਵਿੱਚ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਵੱਡਾ ਹੁਲਾਰਾ ਮਿਲਿਆ ਹੈ। ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਆਪ’ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਸਿੰਘ ਅਬਲੋਵਾਲ ਦਾ ‘ਆਪ’ ਪਰਿਵਾਰ ‘ਚ ਸਵਾਗਤ ਕੀਤਾ। ਸੁਰਜੀਤ ਅਬਲੋਵਾਲ ਨੇ ਸਿਆਸਤ ਦੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਕੀਤੀ ਸੀ। ਉਹ 1980 ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਮੀਤ ਪ੍ਰਧਾਨ ਬਣੇ ਸਨ। 1986 ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ, 1997 ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਬਣੇ। ਉਹ  ਸ਼੍ਰੋਮਣੀ ਅਕਾਲੀ ਦਲ ਵਿੱਚ ਦੋ ਵਾਰ ਵਰਕਿੰਗ ਕਮੇਟੀ ਦੇ ਮੈਂਬਰ ਤੋਂ ਇਲਾਵਾ ਕੌਮੀ ਜਥੇਬੰਦਕ ਸਕੱਤਰ ਵੀ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਕਾਰਜਕਾਲ (2007-2012) ਦੌਰਾਨ ਪੰਜਾਬ ਰਾਜ ਬੀਜ ਨਿਗਮ ਦੇ ਚੇਅਰਮੈਨ ਅਤੇ 2012 ਤੋਂ 2017 ਤਕ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਉੱਤੇ ਵੀ ਰਹਿ ਚੁੱਕੇ ਹਨ।  ਅਬਲੋਵਾਲ ਦਾ ਅਕਾਲੀ ਦਲ ਬਾਦਲ ਛੱਡਣਾ ਯਕੀਨੀ ਤੌਰ ‘ਤੇ ਪਾਰਟੀ ਲਈ ਵੱਡਾ ਨੁਕਸਾਨ ਹੈ ਅਤੇ ਉਨ੍ਹਾਂ ਦੇ ‘ਆਪ’ ‘ਚ ਆਉਣ ਨਾਲ ਪਟਿਆਲਾ ‘ਚ ਡਾ. ਬਲਬੀਰ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ।

ਉਨ੍ਹਾਂ ਦੇ ਨਾਲ ਜਸਪਾਲ ਸਿੰਘ ਕਲਿਆਣ (ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਟਿਆਲਾ ਦੇ ਦੋ ਸਾਬਕਾ ਕੌਂਸਲਰ ਕਮਲਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ) ਅਤੇ ਰਵਿੰਦਰਪਾਲ ਸਿੰਘ ਉਰਫ਼ ਜੌਨੀ ਕੋਹਲੀ (ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ) ਵੀ ‘ਆਪ’ ਵਿੱਚ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਬਲਦੇਵ ਸਿੰਘ ਬਠੋਈ (ਚੇਅਰਮੈਨ ਬਲਾਕ ਸੰਮਤੀ ਸਨੌਰ), ਐਡਵੋਕੇਟ ਮਨਬੀਰ ਸਿੰਘ ਵਿਰਕ ਅਤੇ ਸ਼ਿਵਰਾਜ ਸਿੰਘ ਵਿਰਕ (ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ) ਵੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।

ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ‘ਆਪ’ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਨੂੰ ਮੁੜ  ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਵਿੱਚ ਉੱਪਰ ਤੋਂ ਹੇਠਾਂ ਤੱਕ ਬੇਭਰੋਸਗੀ ਅਤੇ ਅਸੁਰੱਖਿਆ ਦਾ ਮਾਹੌਲ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ-ਬਾਦਲ ‘ਤੇ ਕੋਈ ਭਰੋਸਾ ਨਹੀਂ ਹੈ। ਜਦੋਂ ਕਿਸੇ ਵੀ ਪਾਰਟੀ ਦੇ ਲੋਕਾਂ ਵਿੱਚ ਅਵਿਸ਼ਵਾਸ ਪੈਦਾ ਹੋ ਜਾਵੇ ਤਾਂ ਉਹ ਜਿੱਤ ਨਹੀਂ ਸਕਦੇ। ਹੁਣ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ‘ਤੇ ਭਰੋਸਾ ਨਹੀਂ ਰਿਹਾ, ਪਾਰਟੀ ਖ਼ਤਮ ਹੋ ਗਈ ਹੈ। ਪਰ ਹੁਣ ਲੋਕ ਸਿਰਫ਼ ‘ਆਪ’ ਵੱਲ ਦੇਖਦੇ ਹਨ। ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ‘ਚ ਲੋਕ ਸਭਾ ਚੋਣਾਂ 13-0 ਨਾਲ ਜਿੱਤ ਕੇ ਇਤਿਹਾਸ ਰਚੇਗੀ।

LEAVE A REPLY

Please enter your comment!
Please enter your name here