ਚੰਡੀਗੜ੍ਹ,ਨਿੰਦਰ ਘੁਗਿਆਣਵੀ
ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅਦਬੀ ਪੰਜਾਬੀ ਸੱਥ ਰੋਜ ਗਾਰਡਨ ਵਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਾਹਿਤਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸਾਬਕਾ ਸੀਨੀਅਰ ਆਈ ਏ ਐਸ ਐਸ ਐਸ ਚੰਨੀ ਨੇ ਕੀਤੀ ਤੇ ਵਿਸ਼ੇਸ਼ ਮਹਿਮਾਨਾਂ ਵਿਚ ਜਿਲਾ ਤੇ ਸੈਸ਼ਨ ਜੱਜ ਜੇ ਐਸ ਖੁਸ਼ਦਿਲ ਤੇ ਰਵਨੀਤ ਬਰਾੜ ਨੈਸ਼ਨਲ ਬੁਲਾਰਾ ਪੰਜਾਬ ਸੰਯੁਕਤ ਸਮਾਜ ਮੋਰਚਾ ਸ਼ਾਮਿਲ ਸਨ। ਅਕਾਦਮੀ ਦੇ ਜਨਰਲ ਸਕੱਤਰ ਪ੍ਰੀਤਮ ਰੁਪਾਲ ਨੇ ਜੀਓ ਆਇਆਂ ਕਹਿੰਦਿਆਂ ਸਨਮਾਨਿਤ ਸ਼ਖਸੀਅਤਾਂ ਨੂੰ ਵਧਾਈ ਦਿੱਤੀ। ਡਾ ਲਖਵਿੰਦਰ ਜੌਹਲ ਨੂੰ ਮਰਹੂਮ ਸ਼ਾਇਰ ਰਾਜਿੰਦਰ ਪ੍ਰਦੇਸੀ ਯਾਦਗਾਰੀ ਪੁਰਸਕਾਰ ਤੇ ਕਹਾਣੀਕਾਰ ਹਰਪ੍ਰੀਤ ਸਿੰਘ ਚਨੂੰ ਨੂੰ ਮਰਹੂਮ ਕਹਾਣੀਕਾਰ ਜਗਰੂਪ ਸਿੰਘ ਦਾਤੇਵਾਸ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤੇ ਗਏ। ਸਨਮਾਨਿਤ ਸ਼ਖਸੀਅਤਾਂ ਦੀ ਸਾਹਿਤਕ ਦੇਣ ਬਾਰੇ ਬਲਕਾਰ ਸਿੱਧੂ, ਦੀਪਕ ਚਨਾਰਥਲ, ਡਾ ਦਵਿੰਦਰ ਬੋਹਾ,ਬਲਬੀਰ ਕੌਰ ਰਾਏਕੋਟ, ਡਾ ਯੋਗਰਾਜ ਤੇ ਸਰਦਾਰਾ ਸਿੰਘ ਚੀਮਾ ਨੇ ਚਾਨਣਾ ਪਾਇਆ। ਮੁਖ ਮਹਿਮਾਨ ਐਸ ਐਸ ਚੰਨੀ ਨੇ ਆਪਣੇ ਸੰਬੋਧਨ ਵਿਚ ਲੇਖਕਾਂ ਤੇ ਕਲਾਕਾਰਾਂ ਵਲੋਂ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਦਿਤੇ ਜਾ ਰਹੇ ਯੋਗਦਾਨ ਵਾਸਤੇ ਵਧਾਈ ਦਿੱਤੀ। ਮੰਚ ਸੰਚਾਲਨ ਕਰਦਿਆਂ ਸੱਥ ਦੇ ਸਕੱਤਰ ਨਿੰਦਰ ਘੁਗਿਆਣਵੀ ਨੇ ਸੱਥ ਦੇ ਸਾਹਿਤਕ ਤੇ ਸਭਿਆਚਾਰਕ ਕਾਰਜਾਂ ਬਾਰੇ ਜਾਣਣਕਾਰੀ ਦਿੱਤੀ।ਸਨਮਾਨਿਤ ਸ਼ਖਸੀਅਤ ਡਾ ਜੌਹਲ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਰਾਜਿੰਦਰ ਪਰਦੇਸੀ ਉਨਾਂ ਦੀ ਰੂਹ ਤੇ ਦਿਲ ਦੇ ਨੇੜਲਾ ਸ਼ਾਇਰ ਸੀ। ਇਹ ਪੁਰਸਕਾਰ ਇਕ ਸਕੂਨ ਦੇਣ ਵਾਲਾ ਪੁਰਸਕਾਰ ਹੈ। ਹਰਪ੍ਰੀਤ ਸਿੰਘ ਚਨੂੰ ਨੇ ਜਗਰੂਪ ਸਿੰਘ ਦਾਤੇਵਾਸ ਦੀ ਕਹਾਣੀ ਕਲਾ ਦੀ ਸਰਾਹਨਾ ਕਰਦਿਆਂ ਉਨਾਂ ਦੀਆਂ ਕਹਾਣੀਆਂ ਦਾ ਜਿਕਰ ਕੀਤਾ। ਇਸ ਮੌਕੇ ਜਤਿੰਦਰ ਮੌਦਗਿਲ, ਸੁਭਾਸ਼ ਭਾਸਕਰ, ਦੀਪਕ ਚਨਾਰਥਲ, ਇਕਬਾਲ ਸਿੰਘ ਚੜਿੱਕ, ਰਜਿੰਦਰ ਮਾਨ ਘੁੱਗੀ, ਸਿੰਗਲਾ ਧੂਰੀ, ਹਰਮਿੰਦਰ ਕਾਲੜਾ ਸਮੇਤ ਕਈ ਹਸਤੀਆਂ ਹਾਜਿਰ ਸਨ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਡਾ ਕੇਵਲ ਧਾਲੀਵਾਲਨੇ ਸਭਨਾਂ ਦਾ ਧੰਨਵਾਦ ਕਰਦਿਆਂ ਅਕਾਦਮੀ ਵਲੋਂ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਦਾ ਵਿਸ਼ਵਾਸ ਦਿਲਵਾਇਆ।।