ਬੂਟਾ ਸਿੰਘ ਬਾਸੀ ਘਰ ਤੋਂ ਇਹ ਸੋਚ ਕੇ ਤਾਂ ਨਹੀਂ ਤੁਰਿਆ,
ਕਿ ਫੁਲਾਂ ਦੀ ਮਾਲਾ ਇਸ ਦਾ ਇੰਤਜਾਰ ਕਰਦੀ ਹੈ।
ਡੰਗ ਚੋਬਾਂ ਰੋਸਿਆਂ ਨੇ ਰਾਹ ਕੀ ਰੋਕਣਾ ਬੂਟੇ ਬਾਸੀ ਦਾ,
ਸੋਚ ਇਸ ਦੀ ਤਾਂ ਸਾਗਰ ਅਗਨ ਦੇ ਤਰਦੀ ਹੈ।
ਬੂਟਾ ਸਿੰਘ ਬਾਸੀ ਦੀ ਸੁੱਚਜੀ ਦੂਰਅੰਦੇਸ਼ੀ ਪਾਰਦਰਸ਼ੀ ਅਗਵਾਈ ਹੇਠ ਸਾਂਝੀ ਸੋਚ ਅਦਾਰਾ ਨੇ ਆਪਣੇ ਸਫਲਤਾ ਪੂਰਵਕ ਪਤਰਕਾਰੀ ਦੇ ਖੇਤਰ ‘ਚ ਮੀਡੀਏ ਰਾਹੀਂ 9 ਵਰੇ ਪੂਰੇ ਕਰਕੇ 10ਵੇਂ ਵਰੇ ‘ਚ ਕਦਮ ਰਖੇ ਹਨ। ਅਦਾਰਾ ਸਾਂਝੀ ਸੋਚ ਦੀ ਸਮੁੱਚੀ ਟੀਮ ਇਸ ਗਲੋਂ ਵਧਾਈ ਦੀ ਪਾਤਰ ਹੈ, ਕਿ ਇਹਨਾਂ ਵੀਰਾਂ ਨੇ ਸਮੇਂ ਦੀ ਨਜ਼ਾਕਿਤ ਨੂੰ ਦੇਖਦਿਆਂ ਅਤੇ ਸਮਝਦਿਆਂ ਸਹੀ ਸਮੇਂ ‘ਤੇ ਸਹੀ ਫੈਂਸਲੇ ਲੈਦਿਆਂ ਆਪਣੇ ਕਦਮ ਅੱਗੇ ਵਧਾਏ ਹਨ।
ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਅੰਦਰ ਪੰਜਾਬੀ ਮੀਡੀਏ ‘ਚ ਪਸਰ ਰਹੀ ਪੀਲੀ ਪਤਰਕਾਰੀ ਦੇ ਗੈਂਗਸਟਰਾਂ ਨੂੰ ਪੈਰਾਂ ਅਤੇ ਟਾਇਰਾਂ ਹੇਠ ਲਤਾੜਦਿਆਂ ਅਦਾਰਾ ਸਾਂਝੀ ਸੋਚ ਦੀ ਸਮੁੱਚੀ ਟੀਮ ਨੇ ਆਪਣੇ ਆਪ ਨੂੰ ਸਿੱਖ ਧਰਮ, ਸਿੱਖ ਸਮਾਜ, ਸਿੱਖ ਸਭਿਆਚਾਰ, ਸਿੱਖ ਵਿਰਸਾ, ਸਿੱਖ ਸੰਘਰਸ਼, ਸਿੱਖ ਏਕਤਾ ਦੇ ਮੁਦਿਆਂ ਅੰਦਰ ਜਫ਼ਾ ਮਾਰ ਰੁਚੀਆਂ ਤੋਂ ਆਜ਼ਾਦ ਰੱਖ ਕੇ, ਪੰਜਾਬ ਵਿਰੋਧੀ ਸ਼ਕਤੀਆਂ ਦੇ ਏਜ਼ਟਾਂ ਨੂੰ ਭਾਰੀ ਸੱਟ ਮਾਰੀ ਹੈ।
ਅਦਾਰਾ ਸਾਂਝੀ ਸੋਚ ਨੇ, ਜਿਸ ਤਰ੍ਹਾਂ ਸੱਚ ਦੇ ਮਾਰਗ ਦਾ ਪਹਿਰੇਦਾਰ ਬਣ ਕੇ ਅਖੌਤੀ ਪੰਥਕ ਦਰਦੀਆਂ, ਅਖੌਤੀ ਖ਼ਾਲਸਤਾਨੀਆਂ, ਅਖੌਤੀ ਪ੍ਰਚਾਰਕਾਂ, ਅਖੌਤੀ ਪ੍ਰਬੰਧਕ ਕਮੇਟੀਆਂ, ਅਖੌਤੀ ਪੀਲੀ ਪਤਰਕਾਰੀ ਅਤੇ ਹੋਰ ਸਮਾਜ ਤੇ ਇਨਸਾਨੀਅਤ ਵਿਰੋਧੀਆਂ ਖਿਲਾਫ਼ ਸਾਰੇ ਖ਼ਤਰਿਆਂ ਨੂੰ ਸਹੇੜਦਿਆਂ ਹੋਇਆਂ ਨਿਧੜਕ ਆਵਾਜ਼ ਬੁਲੰਦ ਕੀਤੀ ਹੈ। ਦਲ ਖ਼ਾਲਸਾ ਅਲਾਇੰਸ ਉਮੀਦ ਕਰਦਾ ਹੈ, ਕਿ ਠੀਕ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਸਿੱਖ ਕੌਮ ਨੂੰ ਆ ਰਹੀਆਂ ਚਣੌਤੀਆਂ ਤੋਂ ਉਪ੍ਰੰਤ ਰਾਜ ਕਰੇਗਾ ਖਾਲਸਾ ਦੀ ਪ੍ਰਾਪਤੀ ਲਈ ਪਾਠਕਾਂ ਨੂੰ ਸੁਚੇਤ ਕਰਵਾਉਣ ਲਈ, ਪੰਥਕ ਵਿਦਵਾਨਾਂ ਤੇ ਲੇਖਕਾਂ ਤੱਕ ਪਹੰੁਚ ਕਰਕੇ, ਉਹਨਾਂ ਦੇ ਪੰਥਕ ਤੜਪ ਵਾਲੇ ਵਿਚਾਰਾਂ ਨੂੰ ਪਹਿਲ ਦੇ ਅਧਾਰ ਤੇ ਪਾਠਕਾਂ ਤੱਕ ਪਹੰੁਚਾਉਂਦੇ ਰਹੋਗੇ।
ਸਮੁੱਚੀ ਸਿੱਖ ਕੌਮ ਨੂੰ ਇਕ ਗੁਰੂ ਗ੍ਰੰਥ ਸਾਹਿਬ ਜੀ, ਇਕ ਅਕਾਲ ਤਖਤ ਸਾਹਿਬ ਜੀ, ਇਕ ਗੁਰਸਿੱਖ ਰਹਿਤ ਮਰਿਯਾਦਾ, ਇਕ ਵਾਹਿਗੁਰੂ ਜੀ ਕੀ ਫਤਹਿ ਨਾਲ ਜੋੜਨ ਲਈ, ਕੌਮੀ ਅਜ਼ਾਦੀ ਦੀ ਪ੍ਰਾਪਤੀ ਲਈ, ਇਕ ਨਿਸ਼ਾਨ ਸਾਹਿਬ ਹੇਠ ਇਕਠਿਆਂ ਕਰਨ ਲਈ, ਇਕ ਸਾਂਝੀ ਪੰਥਕ ਲੀਡਰਸਿ਼ਪ ਵਿਕਸਤ ਕਰਨ ਲਈ, ਕੌਮੀ ਚੇਤਨਾ ਲਈ ਵਿਚਾਰ ਇਕ ਹਥਿਆਰ ਦੀ ਹੀ ਲੋੜ ਹੈ। ਦਲ ਖਾਲਸਾ ਅਲਾਇੰਸ ਆਸ ਕਰਦਾ ਹੈ ਕਿ ਅਦਾਰਾ ਸਾਝੀ ਸੋਚ ਆਪਣੇ ਸਾਧਨਾਂ ਰਾਹੀਂ ਪੰਜਾਬ ਪੰਜਾਬੀ ਪੰਜਾਬੀਅਤ ਵਿੱਚ ਜਾਗ੍ਰਤੀ ਪੈਦਾ ਕਰਨ ਲਈ ਸਦਾ ਬਹਾਰ ਅਹਿਮ ਯੋਗਦਾਨ ਪਾਏਗਾ।
ਟੀਵੀ ਅਤੇ ਅਖਬਾਰ ਨੂੰ ਚਲਾਉਣ ਲਈ, ਮਾਇਆ, ਕਲਮ ਅਤੇ ਵਿਚਾਰ ਇੱਕ ਅਹਿਮ ਥਾਂ ਰੱਖਦੇ ਹਨ। ਅੱਜ ਦੇ ਯੁੱਗ ਵਿੱਚ ਟੀਵੀ ‘ਤੇ ਅਖਬਾਰ ਲਈ ਸੁੱਚਜੀ ਤੇ ਵਿਲਖੱਣਤਾ ਪੱਤਰਕਾਰੀ ਦੇ ਯੁੱਧ ਅੰਦਰ ਕਲਮ ‘ਤੇ ਵਿਚਾਰ ਇੱਕ ਹਥਿਆਰ ਹੈ, ਟੀਵੀ ਰਾਹੀਂ ਸੱਚ ਕਹਿਣ ਅਤੇ ਅਖਬਾਰ ਰਾਹੀਂ ਸੱਚ ਲਿੱਖਣ ਦੀ ਜੁਰਅਤ ਦਾ ਚਿੰਨ ਹਨ। ਟੀਵੀ ਅਤੇ ਅਖਬਾਰ ਰਾਹੀਂ, ਕਲਮ-ਫਰਜ਼ ਨੂੰ ਚੇਤੇ ਰੱਖਣ ਦਾ ਸਾਧਨ ਹੈ ਅਤੇ ਸ਼ਬਦਾਂ ਦੀ ਰਾਖੀ ਦੀ ਇਛਾ ਦਾ ਪ੍ਰਗਟਾਵਾ ਵੀ ਹੈ।
ਅਦਾਰਾ ਸਾਂਝੀ ਸੋਚ, ਮੀਡੀਏ ਰਾਹੀਂ ਪੰਜਾਬ ਪੰਜਾਬੀ ਪੰਜਾਬੀਅਤ ਦੇ ਵਿਰਸੇ ਦਾ ਵਾਰਸ ਬਣਨ ਦਾ ਦਮ ਰੱਖਦਾ ਹੈ ਅਤੇ ਇਹ ਉਹ ਵਿਰਸਾ ਹੈ ਜਿਸ ਤੇ ਦਰਸ਼ਕਾਂ ਸਰੋਤਿਆਂ ਅਤੇ ਪਾਠਕਾਂ ਨੂੰ ਗੌਰਵ ਹੈ। ਵਿਰਸਾ ਕੋਈ ਸਟੇਜੀ ਸ਼ੋਅ ਨਹੀਂ ਹੰੁਦਾ। ਵਿਰਸਾ ਤਾਂ ਪਿੰਡੇ ਤੇ ਹੰਢਾਇਆ ਸੱਚ ਹੰੁਦਾ ਹੈ। ਸੱਚ ਦੀ ਸੱਚੀ ਗੱਲ੍ਹ ਕਰਨ ਦੀ ਅਦਾਰਾ ਸਾਂਝੀ ਸੋਚ ਹਿੰਮਤ ਰੱਖਦਾ ਹੈ। ਦਲ ਖਾਲਸਾ ਅਲਾਇੰਸ ਇਹ ਆਸ-ਉਮੀਦ ਰੱਖਦਾ ਹੈ ਕਿ ਬੂਟਾ ਸਿੰਘ ਬਾਸੀ ਸੱਚ ਦੇ ਦੀਵੇ ਨੂੰ ਅਦਾਰਾ ਸਾਂਝੀ ਸੋਚ ਰਾਹੀਂ ਸਦਾ ਜਗਦਾ ਰਖੇਗਾ ਅਤੇ ਇਸ ਜਗਦੇ ਦੀਵੇ ਨੂੰ ਵਧਾਈ ਵਧਾਈ ਵਧਾਈ ਹੋਵੇ।