ਬਾਦਲਾਂ ਨੂੰ ਹੈਂਕੜਬਾਜ਼ੀ ਛੱਡ ਕੇ ਭੁੱਲ ਬਖ਼ਸ਼ਾਉਣ ਦੀ ਲੋੜ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਅਦਾਲਤਾਂ ਨੂੰ ਸ਼ਕਤੀ ਪ੍ਰਦਰਸ਼ਨ ਵਰਗੇ ਹੋਛੀ ਰਾਜਨੀਤਕ ਪੈਂਤੜਿਆਂ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕੇਗਾ।
ਅੰਮ੍ਰਿਤਸਰ 24 ਮਾਰਚ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਫ਼ਰੀਦਕੋਟ ਅਦਾਲਤ ’ਚ ਸ਼ਕਤੀ ਪ੍ਰਦਰਸ਼ਨ ਵਰਗੀਆਂ ਘਿਣਾਉਣੀਆਂ ਸਿਆਸੀ ਪੈਂਤੜਿਆਂ ਨਾਲ ਪੇਸ਼ ਹੋਣ ਨੇ ਇਕ ਵਾਰ ਫਿਰ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਸਿੱਖ ਸੰਗਤਾਂ ਵਿਚ ਰੋਸ ਹੈ ਕਿ ਬਾਦਲਾਂ ਨੇ ਦਬਾਅ ਅਧੀਨ ਅਦਾਲਤਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਸੰਗਤ ਨੂੰ ਯਕੀਨ ਹੈ ਕਿ ਭਾਰਤੀ ਸੰਵਿਧਾਨ ਅਤੇ ਨਿਆਂ ਪ੍ਰਣਾਲੀ ਕਿਸੇ ਵੀ ਤਰਾਂ ਦੇ ਸ਼ਕਤੀ ਪ੍ਰਦਰਸ਼ਨ ਜਾਂ ਦਬਾਅ ਦੇ ਨਾਲ ਪ੍ਰਭਾਵਿਤ ਨਹੀਂ ਹੋਵੇਗੀ। ਅਤੇ ਬੇਅਦਬੀਆਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਪ੍ਰੋ: ਸਰਚਾਂਦ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲਾਂ ਨੂੰ ਹੰਕਾਰ ਵਿਚ ਆ ਕੇ ਅਜਿਹੀ ਹਰਕਤ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਜ਼ੁਲਮ ਲਈ ਉਹ ਅਦਾਲਤ ਵਿਚ ਪੇਸ਼ ਹੋਏ ਹਨ, ਉਹ ਉਨ੍ਹਾਂ ਦੇ ਰਾਜਕਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਇਨਸਾਫ਼ ਮੰਗਦੇ ਸਿੱਖ ਸੰਗਤਾਂ ’ਤੇ ਕੋਟ ਕਪੂਰਾ ਵਿਖੇ ਗੋਲੀਆਂ ਮਾਰਨ ਨਾਲ ਹੈ, ਜਿੱਥੇ ਦੋ ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖ਼ਮੀ ਹੋਏ ਸਨ। ਉਨ੍ਹਾਂ ਕਿਹਾ ਕਿ ਸੌ ਸਾਲ ਪਹਿਲਾਂ ਵੀਹਵੀਂ ਸਦੀ ਵਿਚ ਗੁਰੂ ਸਿਧਾਂਤ ਦੀ ਰਾਖੀ ਲਈ ਵਿੱਢੇ ਗਏ ਸੰਘਰਸ਼ ਵਿਚੋਂ ਉਪਜੀ ਪਾਰਟੀ ’ਤੇ ਗੁਰੂ ਪੰਥ ਦੇ ਸਰੋਕਾਰਾਂ ਵਿਰੁੱਧ ਕੀਤੀਆਂ ਗਈਆਂ ਗਤੀਵਿਧੀਆਂ ਲਈ ਗੰਭੀਰ ਕੇਸ ਦਰਜ ਹੋਣ ਤੋਂ ਮਾੜੀ ਗਲ ਹੋਰ ਕੀ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ ਕਈਆਂ ਦਾ ਲੋਕਾਂ ਅਤੇ ਸਿੱਖ ਸੰਗਤਾਂ ਵਿਚ ਪਰਦਾਫਾਸ਼ ਹੋ ਚੁਕਾ ਹੈ। ਹੁਣ ਕੋਈ ਵੀ ਸ਼ਕਤੀ ਪ੍ਰਦਰਸ਼ਨ ਸੰਗਤ ਨੂੰ ਗੁਮਰਾਹ ਨਹੀਂ ਕਰ ਸਕੇਗਾ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਬੇਅਦਬੀਆਂ ਅਤੇ ਪੰਥਕ ਸਰੋਕਾਰਾਂ ਨੂੰ ਤਿਲਾਂਜਲੀ ਦੇਣ ਲਈ ਬਾਦਲਾਂ ਪ੍ਰਤੀ ਸੰਗਤਾਂ ਦਾ ਮੋਹ ਭੰਗ ਹੋ ਚੁੱਕਿਆ ਹੈ । ਜਿਸ ਕਾਰਨ ਪੰਜਾਬ ਦੇ ਲੋਕਾਂ ਅਤੇ ਸਿੱਖ ਸੰਗਤਾਂ ਵੱਲੋਂ 2017 ਅਤੇ 2022 ਦੀਆਂ ਦੋ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਨਮੋਸ਼ੀ ਜਨਕ ਹਾਰ ਦੇ ਕੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਾਉਂਦਿਆਂ ਸਬਕ ਦੇ ਚੁੱਕੇ ਹਨ । ਪਰ ਅੱਜ ਵੀ ਇਹ ਲੋਕ ਕੋਟਕਪੂਰਾ ਗੋਲੀ ਕਾਂਡ ਦੀ ਗੰਭੀਰਤਾ ਤੋਂ ਅਣਜਾਣ ਬਣ ਰਹੇ ਹਨ ਅਤੇ ਸਿੱਖ ਪੰਥ ਦੀਆਂ ਜਜ਼ਬਾਤਾਂ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਪੰਥਕ ਸਰੋਕਾਰਾਂ ਤੋਂ ਦੂਰ ਜਾ ਚੁੱਕੀ ਹੈ। ਇਸ ਲਈ ਇਨ੍ਹਾਂ ਨੂੰ ਪੰਥ ਦੇ ਰਾਖੇ ਹੋਣ ਦਾ ਭਰਮ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਸਿੱਖੀ ਸਿਧਾਂਤ ਦੇ ਅਨੁਕੂਲ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਦੇਣ ਲਈ ਰਾਹ ਸਾਫ਼ ਕਰਨ ਦੀ ਲੋੜ ਹੈ।