ਤਰਨ ਤਾਰਨ,22 ਸਤੰਬਰ ( ਰਾਕੇਸ਼ ਨਈਅਰ ‘ਚੋਹਲਾ’) -ਸ੍ਰੀ ਅਦਿੱਤਿਆ ਗੁਪਤਾ ਨੇ ਜ਼ਿਲ੍ਹਾ ਮਾਲ ਅਫ਼ਸਰ, ਤਰਨ ਤਾਰਨ ਵਜੋਂ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ।ਸ੍ਰੀ ਗੁਪਤਾ ਇਸ ਤੋਂ ਪਹਿਲਾਂ ਵੀ ਤਰਨ ਤਾਰਨ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸ੍ਰੀ ਅਦਿੱਤਿਆ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਵਿਭਾਗ ਨਾਲ ਸਬੰਧਿਤ ਸੇਵਾਵਾਂ ਪਾਰਦਰਸ਼ੀ ਅਤੇ ਨਿਰਪੱਖਤਾ ਨਾਲ ਮੁਹੱਈਆ ਕਰਵਾਉਣਾ, ਉਹਨਾਂ ਦੀ ਪਹਿਲੀ ਜਿੰਮੇਵਾਰੀ ਹੋਵੇਗੀ।ਉਹਨਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਦਾ ਸਮਾਂ-ਬੱਧ ਨਿਪਟਾਰਾ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮਾਲ ਅਫ਼ਸਰ ਵਲੋਂ ਸਬ-ਡਵੀਜਨਾਂ ਵਿੱਚ ਤਾਇਨਾਤ ਸਮੂਹ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਤਰਾਂ ਦੇ ਕੰਮ ਲਈ ਪਰੇਸ਼ਾਨੀ ਪੇਸ਼ ਨਹੀਂ ਆਉਣੀ ਚਾਹੀਦੀ।ਉਨਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲੇ ਵਿੱਚ ਬਕਾਇਆ ਪਈਆਂ ਜਮ੍ਹਾਬੰਦੀਆਂ ਜਲਦੀ ਤੋਂ ਜਲਦੀ ਦਾਖਲ ਕਰਨੀਆਂ ਯਕੀਨੀ ਬਣਾਈਆਂ ਜਾਣ।ਉਨਾਂ ਤਕਸੀਮ ਦੇ ਅਦਾਲਤੀ ਕੇਸਾਂ,ਜ਼ਮੀਨ ਦੇ ਖਾਨਗੀ ਵੰਡ ਦੇ ਕੇਸਾਂ, ਝਗੜੇ ਤੋਂ ਰਹਿਤ ਅਤੇ ਝਗੜੇ ਵਾਲੇ ਇੰਤਕਾਲਾਂ, ਜਮਾਂਬੰਦੀ ਅਤੇ ਵਸੀਕਾ ਦੇ ਨਿਪਟਾਰੇ ਸਬੰਧੀ ਅਫ਼ਸਰ ਵਾਰ ਜਾਣਕਾਰੀ ਲਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।