ਪ੍ਰੀਖਿਆਵਾਂ ਦੌਰਾਨ ਸੈਮੀਨਾਰਾਂ ਅਤੇ ਟੂਰਾਂ ਕਾਰਣ ਸਕੂਲਾਂ ਵਿੱਚ ਰਹੇਗਾ ਗੈਰ ਵਿੱਦਿਅਕ ਮਾਹੌਲ
ਸ਼ੈਸ਼ਨ ਦੇ ਸ਼ੁਰੂ ਵਿੱਚ ਪ੍ਰੀਖਿਆਵਾਂ ਅਤੇ ਸਹਿ ਕਿਰਿਆਵਾਂ ਲਈ ਸਲਾਨਾ ਕੈਲੰਡਰ ਤਿਆਰ ਕਰਨ ਦੀ ਮੰਗ
ਚੰਡੀਗੜ੍ਹ,
ਸਿੱਖਿਆ ਵਿਭਾਗ ਅਤੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ (ਐੱਸ.ਸੀ.ਈ.ਆਰ.ਟੀ.) ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਪਹਿਲਾਂ ਵਿਸ਼ੇਵਾਰ ਸਕੂਲ, ਬਲਾਕ ਅਤੇ ਜਿਲ੍ਹਾ ਪੱਧਰ ‘ਤੇ ਮੇਲਿਆਂ ਨੇ ਵਿੱਦਿਅਕ ਮਾਹੌਲ ਨੂੰ ਲੀਹੋਂ ਲਾਇਆ ਅਤੇ ਫਿਰ ਮੌਸਮ ਦੀ ਖਰਾਬੀ ਕਾਰਨ ਕੀਤੀਆਂ ਛੁੱਟੀਆਂ ਉਪਰੰਤ ਹੁਣ ਅਧਿਆਪਕਾਂ ਦੇ ਲਾਏ ਸੈਮੀਨਾਰਾਂ ਕਾਰਣ ਵਿਦਿਆਰਥੀਆਂ ਦਾ ਅਧਿਆਪਕਾਂ ਨਾਲੋਂ ਸਿੱਖਣ ਸਿਖਾਉਣ ਵਾਲਾ ਸੰਪਰਕ ਟੁੱਟਿਆ ਰਹੇਗਾ, ਜਿਸਦਾ ਨਤੀਜਾ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। ਅਧਿਆਪਕ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਨੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿਚ ਸਕੂਲਾਂ ਵਿੱਚ ਅਜਿਹੇ ਗੈਰ ਵਿੱਦਿਅਕ ਮਾਹੌਲ ਬਣਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਇਸ ਸੰਬੰਧੀ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਵਿਭਾਗ ਵੱਲੋਂ ਇਹਨਾਂ ਮਹੱਤਵਪੂਰਨ ਦਿਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪਹਿਲਾਂ ਮੇਲੇ ਲਾਉਣ ਦੇ ਹੁਕਮ ਚਾੜ੍ਹਨਾ, ਮਿਸ਼ਨ ਸਮਰੱਥ ਅਧੀਨ ਗਤੀਵਿਧੀਆਂ ਕਰਾਉਣਾ ਅਤੇ ਹੁਣ ਅਧਿਆਪਕਾਂ ਨੂੰ ਸੈਮੀਨਾਰਾਂ ਤੇ ਭੇਜਣਾ, ਮਿੱਡ ਡੇ ਮੀਲ ਮੀਨੂ ਤਬਦੀਲ ਕਰਨਾ, ਸੈਸ਼ਨ ਦੇ ਆਖ਼ਿਰ ਵਿੱਚ ਸਕੂਲਾਂ ਲਈ ਗ੍ਰਾਂਟਾਂ ਜਾਰੀ ਕਰਨਾ, ਲੜਕੀਆਂ ਨੂੰ 40 ਦਿਨਾਂ ਦੀ ਕਰਾਟੇ ਟ੍ਰੇਨਿੰਗ ਦੇਣੀ, ਵਿਦਿਆਰਥੀਆਂ ਦੇ ਟੂਰ ਪ੍ਰੋਗਰਾਮ ਜਾਰੀ ਕਰਨਾ, ਬੀ ਐੱਲ ਦੀ ਡਿਊਟੀ ਜਾਰੀ ਰਹਿਣਾ ਆਦਿ ਦਾ ਅਰਥ ਹੈ ਕਿ ਵਿਭਾਗ ਕੋਲ ਕੋਈ ਯੋਜਨਾਬੰਦੀ ਨਹੀਂ ਹੈ। ਵਿਭਾਗ ਅੱਕੀ ਪਲਾਹੀਂ ਹੱਥ ਮਾਰ ਰਿਹਾ ਹੈ ਜਿਸ ਕਾਰਣ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਿੱਖਣ ਸਿਖਾਉਣ ਵਾਲਾ ਵਿੱਦਿਅਕ ਸੰਪਰਕ ਨਹੀਂ ਬਣ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ 15 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਪ੍ਰੀ ਬੋਰਡ ਅਤੇ ਟਰਮ-2 ਦੇ ਪੇਪਰ ਬਿਨਾਂ ਤਿਆਰੀ ਦੇਣੇ ਪੈਣਗੇ।
ਡੀ ਟੀ ਐੱਫ ਦੇ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਸਿੰਘ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੈਰ ਵਿੱਦਿਅਕ ਮਾਹੌਲ ਦਾ ਵਿਦਿਆਰਥੀਆਂ ਦੀਆਂ ਫਰਵਰੀ ਵਿੱਚ ਹੋਣ ਵਾਲੀਆਂ ਸਲਾਨਾ ਬੋਰਡ ਪ੍ਰੀਖਿਆਵਾਂ ਵਿਚਲੀ ਕਾਰਗੁਜ਼ਾਰੀ ਤੇ ਰਿਣਾਤਮਕ ਅਸਰ ਪਵੇਗਾ। ਆਗੂਆਂ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਿੱਖਿਆ ਵਿਭਾਗ ਵਿੱਦਿਅਕ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿੱਦਿਅਕ ਅਤੇ ਸਹਾਇਕ ਵਿੱਦਿਅਕ ਗਤੀਵਿਧਿਆਂ ਦਾ ਕਲੰਡਰ ਜਾਰੀ ਕਰੇ ਅਤੇ ਉਸ ਕੈਲੰਡਰ ਨੂੰ ਲਾਗੂ ਕਰੇ ਨਾ ਕਿ ਮਨਮਰਜ਼ੀ ਤਹਿਤ ਗੈਰ ਵਾਜਿਬ ਫੈਸਲੇ ਲੈ ਕੇ ਸਕੂਲਾਂ ਵਿਚਲੇ ਵਿੱਦਿਅਕ ਮਾਹੌਲ ਨੂੰ ਲੀਹੋਂ ਲਾਹਵੇ ।