ਅਧਿਆਪਕ ਦੀ ਜ਼ਬਰੀ ਬਦਲੀ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ; ਨਾਅਰੇਬਾਜ਼ੀ

0
175
ਲਹਿਰਾਗਾਗਾ, 21 ਨਵੰਬਰ, 2022: ਅਧਿਆਪਕ ਦੀ ਬਦਲੀ ਨੂੰ ਲੈ ਕੇ ਪਿੰਡ ਸੇਖੂਵਾਸ ਵਿਖੇ ਸਰਕਾਰ ਅਤੇ ਸਿੱਖਿਆ ਅਫ਼ਸਰ ਖ਼ਿਲਾਫ਼ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਸੇਖੂਵਾਸ ਦੇ ਸਰਕਾਰੀ ਸਕੂਲ ਚੋਂ ਗੁਰਪ੍ਰੀਤ ਸਿੰਘ ਬੱਬੀ ਦੀ ਬਦਲੀ ਨੂੰ ਰੋਕਣ ਲਈ ਅੱਜ ਸਕੂਲੀ ਬੱਚਿਆਂ ਨੇ ਆਪਣੇ ਮਾਪਿਆਂ ਸਮੇਂਤ ਪਿੰਡ ਇਕਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗੇਟ ਅੱਗੇ ਧਰਨਾ ਦਿੱਤਾ।
ਪਿੰਡ ਵਾਸੀਆਂ ਦਾ ਕਹਿਣਾ ਹੈ, ਕਿ ਸਕੂਲ ਵਿੱਚ ਸਿਰਫ਼ ਦੋ ਹੀ ਅਧਿਆਪਕ ਹਨ, ਜਦਕਿ ਬੱਚੇ 200 ਤੋਂ ਜਿਆਦਾ ਹਨ। ਉਹਨਾਂ ਦਾ ਕਹਿਣਾ ਹੈ ਕਿ ਅਧਿਆਪਕ ਗੁਰਪ੍ਰਰੀਤ ਸਿੰਘ ਬੱਬੀ ਦੀ ਬਦਲੀ ਕਰਨਾ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਬਦਲਾ ਲਊ ਕਾਰਵਾਈ ਹੈ, ਕਿਉਂਕਿ ਅਧਿਆਪਕ ਵਲੋਂ ਟੂਰ ਦੀ ਮੰਜ਼ੂਰੀ ਲੈਣ ਲਈ ਅਤੇ ਮੰਜੂਰੀ ਦੇਣ ਤੋਂ ਆਨਾ ਕਾਨੀ ਕਰਨ ਤੇ ਸਿਖਿਆ ਅਫਸਰ ਦਾ ਘਿਰਾਓ ਕਰਨਾ ਪਿਆ ਸੀ। ਜਿਸ ਤੋਂ ਖਿੱਝ ਕੇ ਸਿਖਿਆ ਅਫਸਰ ਵਲੋਂ ਅਧਿਆਪਕ ਤੇ ਪਰਚਾ ਦਰਜ ਕਰਵਾਉਣ ਤੋਂ ਬਾਅਦ ਦੂਰ ਦੁਰਾਡੇ ਬਦਲੀ ਕਰ ਦਿੱਤੀ। ਜਿਸ ਦੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਬੱਬੀ ਇਕ ਅਗਾਂਹਵਧੂ ਸੋਚ ਵਾਲੇ ਅਧਿਆਪਕਾਂ ਵਿਚੋਂ ਇੱਕ ਹਨ। ਜਿਨ੍ਹਾਂ ਨੇ ਸਾਨੂੰ ਸਿੱਖਿਅਤ ਕਰਨ ਲਈ ਜੀ ਜਾਨ ਲਾ ਕੇ ਮਿਹਨਤ ਕੀਤੀ ਹੈ।ਇਸ ਲਈ ਸਾਨੂੰ ਅਤੇ ਸਾਡੇ ਪਿੰਡ ਦੇ ਸਕੂਲ ਨੂੰ ਉਹਨਾਂ ਦੀ ਸਖ਼ਤ ਜ਼ਰੂਰਤ ਹੈ। ਪਿੰਡ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਜਰਨੈਲ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਧਿਆਪਕ ਦੀ ਬਦਲੀ ਰੋਕਣ ਲਈ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here