ਅਮਨ ਅਰੋੜਾ ਵੱਲੋਂ 17 ਕੰਪਨੀਆਂ ਦਾ ਬਿਹਤਰੀਨ ਕਾਰਗੁਜ਼ਾਰੀ ਅਤੇ ਵਿਕਾਸ ਲਈ ਐਸ.ਟੀ.ਪੀ.ਆਈ. ਪੁਰਸਕਾਰਾਂ ਨਾਲ ਸਨਮਾਨ

0
98

ਸੂਬਾ ਸਰਕਾਰ ਪੰਜਾਬ ਨੂੰ ਅੱਵਲ ਨੰਬਰ ਬਣਾਉਣ ਲਈ ਉਦਯੋਗ, ਐਮ.ਐਸ.ਐਮ.ਈਜ਼ ਅਤੇ ਸਟਾਰਟਅੱਪਜ਼ ਲਈ ਸਾਜ਼ਗਾਰ ਮਾਹੌਲ ਯਕੀਨੀ ਬਣਾਉਣ ਵਾਸਤੇ ਵਚਨਬੱਧ: ਰੋਜ਼ਗਾਰ ਉਤਪਤੀ ਮੰਤਰੀ

ਚੰਡੀਗੜ੍ਹ, 29 ਅਪ੍ਰੈਲ:

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਅੱਵਲ ਨੰਬਰ ਸੂਬਾ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਾਂ, ਐੱਮ.ਐੱਸ.ਐੱਮ.ਈਜ਼ ਅਤੇ ਸਟਾਰਟਅੱਪਜ਼ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਠੋਸ ਯਤਨ ਕਰ ਰਹੀ ਹੈ।

ਇੱਥੇ ਟਾਈਕੌਨ ਚੰਡੀਗੜ੍ਹ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਸ੍ਰੀ ਅਮਨ ਅਰੋੜਾ ਨੇ 17 ਆਈ.ਟੀ. ਕੰਪਨੀਆਂ ਦਾ ਸ਼ਾਨਦਾਰ ਕਾਰਗੁਜ਼ਾਰੀ ਅਤੇ ਵਿਕਾਸ ਲਈ ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ (ਐਸ.ਟੀ.ਪੀ.ਆਈ.) ਪੁਰਸਕਾਰਾਂ ਨਾਲ ਸਨਮਾਨ ਕੀਤਾ ਤਾਂ ਜੋ ਖੇਤਰ ਨੂੰ ਆਈ.ਟੀ. ਹੱਬ ਵਜੋਂ ਵਿਕਸਿਤ ਕਰਨ ਲਈ ਉਨ੍ਹਾਂ ਵੱਲੋਂ ਕੀਤੇ ਗਏ ਬੇਮਿਸਾਲ ਯਤਨਾਂ ਨੂੰ ਮਾਨਤਾ ਦਿੱਤੀ ਜਾ ਸਕੇ।
ਹੁਨਰਮੰਦ ਨੌਜਵਾਨਾਂ ਦੀ ਹਿਜ਼ਰਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਆਈ.ਟੀ. ਸੈਕਟਰ ਇਸ ਰੁਝਾਨ ਨੂੰ ਠੱਲ੍ਹ ਪਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਇਸ ਸਬੰਧ ‘ਚ ਸੂਬਾ ਸਰਕਾਰ ਦੇ ਯਤਨਾਂ ਦੀ ਪੂਰਤੀ ਲਈ ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ (ਐਸ.ਟੀ.ਪੀ.ਆਈ.) ਅਤੇ ਟਾਈਕੌਨ ਨੂੰ ਅੱਗੇ ਆਉਣਾ ਚਾਹੀਦਾ ਹੈ।
ਪੰਜਾਬ ਮੁੱਖ ਤੌਰ ‘ਤੇ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਸਦੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਮੋਹਰੀ ਬਣਨ ਦੀ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਹੁਤ ਵੱਡੀ ਹਿਊਮਨ ਰਿਸੋਰਸ ਇੰਡਸਟੀ ਹੋਣ ਕਰਕੇ ਇਹ ਆਈ.ਟੀ ਸੈਕਟਰ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਪੰਜਾਬ ਸਰਕਾਰ ਦਾ ਉਦੇਸ਼ ਪੰਜਾਬ ਖਾਸ ਕਰਕੇ ਐਸ.ਏ.ਐਸ ਨਗਰ (ਮੋਹਾਲੀ) ਨੂੰ ਇੱਕ ਵਿਸ਼ਵ ਪੱਧਰੀ ਆਈ.ਟੀ. ਹੱਬ ਬਣਾਉਣਾ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਇੱਕ ਪ੍ਰਮੁੱਖ ਉਦਯੋਗਿਕ ਅਤੇ ਨਿਰਯਾਤ ਹੱਬ ਵਿੱਚ ਬਦਲਣ ਅਤੇ ਨਿਵੇਸ਼ਕਾਂ ਲਈ ਢੁੱਕਵਾਂ ਮਾਹੌਲ ਸਿਰਜ ਕੇ ਮੈਨੂਫੈਕਚਰਿੰਗ ਐਂਡ ਸਰਵਿਸਿਜ਼ ਸੈਕਟਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ ਲਿਆਂਦੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਦੋ ਕੌਮਾਂਤਰੀ ਹਵਾਈ ਅੱਡੇ (ਮੋਹਾਲੀ ਅਤੇ ਅੰਮ੍ਰਿਤਸਰ) ਅਤੇ ਚਾਰ ਘਰੇਲੂ ਹਵਾਈ ਅੱਡੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਦੇਸ਼ ਦਾ ਸਭ ਤੋਂ ਵਧੀਆ ਸੜਕੀ ਅਤੇ ਰੇਲ ਸੰਪਰਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ ਛੇ ਵੱਡੇ ਸ਼ਹਿਰਾਂ ਦਰਮਿਆਨ ਮੈਟਰੋ ਸੇਵਾ ਸ਼ੁਰੂ ਕਰਨ ਲਈ ਸੰਭਾਵਨਾ ਦੀ ਪੜਚੋਲ ਕੀਤੀ ਜਾ ਰਹੀ ਹੈ।

ਉਦਯੋਗਾਂ ਨੂੰ ਆਪਣੇ ਅਪਰੇਸ਼ਨ ਲਈ ਪੰਜਾਬ ਦੀ ਚੋਣ ਕਰਨ ਵਾਸਤੇ ਉਤਸ਼ਾਹਿਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਇਸ ਮੌਕੇ ਹਾਜ਼ਰ ਉਦਯੋਗਪਤੀਆਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਅਤੇ ਸੂਬੇ ਦੀ ਸਮੁੱਚੀ ਸਮਰੱਥਾ ਨੂੰ ਹੁਲਾਰਾ ਦੇਣ ਲਈ ਉਦਯੋਗਾਂ ਦੀ ਸਫ਼ਲਤਾ ਦਾ ਲਾਭ ਉਠਾਉਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ।

ਟਾਈਕੌਨ ਚੰਡੀਗੜ੍ਹ ਦੀ ਭਵਿੱਖਮੁਖੀ ਅਤੇ ਉਦੇਸ਼-ਸੰਚਾਲਿਤ ਪਹੁੰਚ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਟਾਈਕੌਨ ਨੂੰ ਰੋਜ਼ਗਾਰ ਦੇ ਸਥਾਈ ਮੌਕੇ ਪੈਦਾ ਕਰਨ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਕਿਹਾ।
ਟਾਈਕੌਨ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਰੌਬਿਨ ਅਗਰਵਾਲ ਅਤੇ ਐਸ.ਟੀ.ਪੀ.ਆਈ ਦੇ ਡਾਇਰੈਕਟਰ ਸ੍ਰੀ ਪਰੀਤੋਸ਼ ਡੰਡਰਿਆਲ ਨੇ ਸੂਬੇ ਵਿੱਚ ਸਟਾਰਟਅੱਪ ਕਲਚਰ ਨੂੰ ਪ੍ਰਫੁੱਲਤ ਕਰਨ ਅਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here