ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਨੂੰ ਅਣਮਨੁੱਖੀ ਢੰਗ ਨਾਲ਼ ਹੱਥ ਕੜੀਆਂ, ਬੇੜੀਆਂ ਅਤੇ ਜ਼ੰਜੀਰਾਂ ਵਿੱਚ ਨੂੜਕੇ ਵਾਪਸ ਭੇਜਣ ਦੀ ਨਿਖੇਧੀ

0
84
ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਨੂੰ ਅਣਮਨੁੱਖੀ ਢੰਗ ਨਾਲ਼ ਹੱਥ ਕੜੀਆਂ, ਬੇੜੀਆਂ ਅਤੇ ਜ਼ੰਜੀਰਾਂ ਵਿੱਚ ਨੂੜਕੇ ਵਾਪਸ ਭੇਜਣ ਦੀ ਨਿਖੇਧੀ ਭਾਰਤੀ ਹਾਕਮਾਂ ਵੱਲੋਂ ਟਰੰਪ ਪ੍ਰਸ਼ਾਸਨ ਦੇ ਇਸ ਅਣਮਨੁੱਖੀ ਕਾਰੇ ਉੱਪਰ ਲਿੱਪਾਪੋਚੀ ਕਰਕੇ ਜਾਇਜ਼ ਠਹਿਰਾਉਣਾ ਅਤਿ ਸ਼ਰਮਨਾਕ: ਇਨਕਲਾਬੀ ਕੇਂਦਰ ਪੰਜਾਬ

ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਨੂੰ ਅਣਮਨੁੱਖੀ ਢੰਗ ਨਾਲ਼ ਹੱਥ ਕੜੀਆਂ, ਬੇੜੀਆਂ ਅਤੇ ਜ਼ੰਜੀਰਾਂ ਵਿੱਚ ਨੂੜਕੇ ਵਾਪਸ ਭੇਜਣ ਦੀ ਨਿਖੇਧੀ
ਭਾਰਤੀ ਹਾਕਮਾਂ ਵੱਲੋਂ ਟਰੰਪ ਪ੍ਰਸ਼ਾਸਨ ਦੇ ਇਸ ਅਣਮਨੁੱਖੀ ਕਾਰੇ ਉੱਪਰ ਲਿੱਪਾਪੋਚੀ ਕਰਕੇ ਜਾਇਜ਼ ਠਹਿਰਾਉਣਾ ਅਤਿ ਸ਼ਰਮਨਾਕ: ਇਨਕਲਾਬੀ ਕੇਂਦਰ ਪੰਜਾਬ
ਦਲਜੀਤ ਕੌਰ
ਚੰਡੀਗੜ੍ਹ, 9 ਫਰਵਰੀ, 2025: ਪਿਛਲੇ ਦਿਨੀਂ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਭਾਰਤ ਦੇ ਗੈਰ ਕਨੂੰਨੀ ਪ੍ਰਵਾਸੀਆਂ ਨੂੰ ਅਣਮਨੁੱਖੀ ਢੰਗ ਨਾਲ਼ ਹੱਥਾਂ, ਪੈਰਾਂ ਵਿੱਚ ਬੇੜੀਆਂ ਅਤੇ ਜ਼ੰਜੀਰਾਂ ਨਾਲ਼ ਨੂੜਕੇ ਫੌਜੀ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਵਾਪਸ ਛੱਡਿਆ ਗਿਆ ਹੈ। ਇਨਕਲਾਬੀ ਕੇਂਦਰ, ਪੰਜਾਬ ਨੇ ਭਾਰਤ ਨੇ ਪ੍ਰਵਾਸੀਆਂ ਪ੍ਰਤੀ ਟਰੰਪ ਪ੍ਰਸ਼ਾਸਨ ਵੱਲੋਂ ਅਪਣਾਏ ਇਸ ਅਣਮਨੁੱਖੀ ਤੇ ਬੇਇੱਜ਼ਤੀ ਭਰੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਹੈ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਸੂਬਾ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੋਣਾਂ ਤੋਂ ਪਹਿਲਾਂ ਅਮਰੀਕੀ ਲੋਕਾਂ ਅੰਦਰ ਪ੍ਰਵਾਸੀ ਵਿਰੋਧੀ ਅੰਨ੍ਹੀ-ਕੌਮਪ੍ਰਸਤ ਲਹਿਰ ਪੂਰੇ ਜ਼ੋਰ ਨਾਲ ਚਲਾਈ। ਜਿਸ ਤਹਿਤ ਅਮਰੀਕਾ ਵਿੱਚ ਵਸਦੇ ਗੈਰ-ਕਨੂੰਨੀ ਲੋਕਾਂ ਨੂੰ ਆਪਣੇ ਮੁਲਕ ਦੇ ਲੋਕਾਂ ਦੀਆਂ ਬੇਰੁਜ਼ਗਾਰੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਮੂਲ ਮੁਲਕ ਵਾਪਸ ਭੇਜਣ ਦੀ ਗੱਲ ਕੀਤੀ। ਡੋਨਾਲਡ ਟਰੰਪ ਨੇ ਤਾਂ ਆਪਣੇ ਇਹ ਭੈੜੇ ਮਨਸੂਬੇ 20 ਜਨਵਰੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਮੌਕੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੌਜੂਦਗੀ ਵਿੱਚ ਹੀ ਜ਼ਾਹਰ ਕਰ ਦਿੱਤੇ ਸਨ। ਇਸੇ ਨੀਤੀ ਤਹਿਤ ਟਰੰਪ ਵੱਲੋਂ ਦੁਨੀਆਂ ਦੇ ਸਭ ਪ੍ਰਵਾਨਿਤ ਕਾਇਦੇ ਕਾਨੂੰਨਾਂ ਨੂੰ ਟਿੱਚ ਜਾਣਦਿਆਂ ਭਾਰਤ ਦੇ ਬਸ਼ਿੰਦਿਆਂ ਨਾਲ਼ ਅਜਿਹਾ ਦੁਰਵਿਹਾਰ ਕੀਤਾ ਗਿਆ ਹੈ। 2009 ਤੋਂ 2025 ਤੱਕ 15668 ਹਜ਼ਾਰ ਭਾਰਤੀਆਂ ਨੂੰ ਅਮਰੀਕਾ ਦੇਸ਼ ਨਿਕਾਲਾ ਦੇ ਚੁੱਕਾ ਹੈ। ਹੱਥਕੜੀਆਂ ਲਾਕੇ, ਬੇੜੀਆਂ ਅਤੇ ਜ਼ੰਜੀਰਾਂ ਵਿੱਚ ਨੂੜਕੇ ਵਾਪਸ ਭੇਜਣਾ ਅਤਿ ਦਾ ਮੱਧਯੁਗੀ ਵਰਤਾਰਾ ਹੈ। ਆਪਣੇ ਆਪ ਨੂੰ ਦੁਨੀਆਂ ਦੀ ਤੀਜੀ ਅਰਥ ਵਿਵਸਥਾ ਬਣਨ ਦੀਆਂ ਟਾਹਰਾਂ ਮਾਰਦੀ ਭਾਰਤ ਦੀ ਮੋਦੀ ਸਰਕਾਰ ਨੇ ਇਸਨੂੰ ਕੂਟਨੀਤਕ ਢੰਗ ਨਾਲ਼ ਹੱਲ ਕਰਨ ਅਤੇ ਆਪਣੇ ਮੁਲਕ ਦੇ ਨਾਗਰਿਕਾਂ ਲਈ ਸਨਮਾਨ ਦੀ ਮੰਗ ਕਰਨ ਦੀ ਬਜਾਏ ਟਰੰਪ ਦੀ ਹਾਂ ਵਿੱਚ ਹਾਂ ਮਿਲਾਈ, ਜਦਕਿ ਦੁਨੀਆਂ ਦੇ ਕਈ ਹੋਰ ਮੁਲਕਾਂ ਮੈਕਸੀਕੋ ਅਤੇ ਕੋਲੰਬੀਆ ਆਦਿ ਨੇ ਆਪਣੇ ਦੇਸ਼ ਦੇ ਬਸ਼ਿੰਦਿਆਂ ਨੂੰ ਸਿਵਲ ਜਹਾਜਾਂ ਰਾਹੀਂ ਸਨਮਾਨਯੋਗ ਢੰਗ ਨਾਲ ਵਾਪਸ ਆਪਣੇ ਮੁਲਕ ਲਿਆਂਦਾ, ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ। ਟਰੰਪ ਪ੍ਰਸ਼ਾਸਨ ਦੇ ਅਜਿਹੇ ਕਾਰਨਾਮੇ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਬੇਸ਼ਰਮੀ ਭਰੇ ਲਹਿਜੇ ਵਿੱਚ ਪ੍ਰਆਗਰਾਜ ਵਿੱਚ ਮਹਾਂ ਕੁੰਭ ਦੀਆਂ ਡੁਬਕੀਆਂ ਲਾਉਂਦਾ ਰਿਹਾ।
ਆਗੂਆਂ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਦਾ ਅਮਲ ਕੋਈ ਨਵਾਂ ਵਰਤਾਰਾ ਨਹੀਂ ਹੈ, ਸਦੀਆਂ ਤੋਂ ਮਨੁੱਖ ਕਾਨੂੰਨੀ/ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਹੁੰਦਾ ਆਇਆ ਹੈ। ਇਨਕਲਾਬੀ ਕੇਂਦਰ ਪੰਜਾਬ ਦਾ ਮੰਨਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਕਰਨ ਲਈ ਮੁਲਕ ਦੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਜ਼ਿੰਮੇਵਾਰ ਹਨ। 2014 ਵਿੱਚ ਮੋਦੀ ਹਕੂਮਤ ਵੱਲੋਂ ਸਤਾ ਸੰਭਾਲਣ ਮੌਕੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ 2024 ਵਿੱਚ 1 ਕਰੋੜ ਨੌਜਵਾਨਾਂ ਨੂੰ ਸਿੱਖਿਅਤ ਕਰਨ ਤੱਕ ਸਿਮਟ ਗਿਆ ਸੀ। ਇਸ ਸਾਲ ਤਾਂ ਇੰਨੇ ਗੰਭੀਰ ਮਸਲੇ ਸਬੰਧੀ ਵਿੱਤ ਮੰਤਰੀ ਦਾ ਕੋਈ ਬਿਆਨ ਵੀ ਨਹੀਂ ਹੈ। ਭਾਰਤ ਅੰਦਰ 20 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਬੇਲਗਾਮ ਹੋ ਗਈ ਹੈ। ਇਸੇ ਕਰਕੇ ਪੜ੍ਹੇ ਬੇਰੁਜ਼ਗਾਰ ਆਪਣਾ ਘਰ ਘਾਟ ਵੇਚ ਕੇ ਏਜੰਟਾਂ ਦੇ ਝਾਂਸੇ ਵਿੱਚ ਆਕੇ ਡੰਕੀ ਲਾਉਣ ਲਈ ਮਜ਼ਬੂਰ ਹਨ। ਅਜਿਹੀ ਹਾਲਤ ਦੀ ਪੁਸ਼ਟੀ ਅਮਰੀਕਾ ਤੋਂ ਵਾਪਸ ਪਰਤੀ ਜਗਰਾਓਂ ਸ਼ਹਿਰ ਨਾਲ ਸਬੰਧਿਤ ਲੜਕੀ ਮੁਸਕਾਨ ਨੇ ਆਪਣੀ ਹਾਲਤ ਬਿਆਨ ਕਰਦਿਆਂ ਕਿਹਾ ਕਿ ਸਾਡਾ ਮੁਲਕ ਕਿਸੇ ਵੀ ਪੱਖੋਂ ਰਹਿਣ ਦੇ ਯੋਗ ਨਹੀਂ ਹੈ। ਮੈਂ ਹਰ ਹਾਲਤ ਵਿੱਚ ਵਿਦੇਸ਼ ਪਰਤਣਾ ਚਾਹੁੰਦੀ ਹਾਂ। ਟਰੰਪ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਪ੍ਰਤੀ ਅਜਿਹਾ ਵਤੀਰਾ ਅਣਮਨੁੱਖੀ ਹੈ ਜਿਸਦੀ ਲਾਜ਼ਮੀ ਹੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਵੀ ਭਾਰਤ ਸਰਕਾਰ ਨੂੰ ਇਸ ਮਸਲੇ ਸਬੰਧੀ ਮਨੁੱਖੀ ਅਧਿਕਾਰਾਂ ਦੇ ਪੈਂਤੜੇ ਤੋਂ ਕਦਮ ਉਠਾਉਣ ਲਈ ਸੁਨਾਉਣੀ ਕਰਨੀ ਚਾਹੀਦੀ ਹੈ।
ਇਨਕਲਾਬੀ ਕੇਂਦਰ ਪੰਜਾਬ ਲੋਕਾਈ ਅਤੇ ਖਾਸ ਕਰ ਨੌਜਵਾਨ ਦੇ ਲਈ ਰੁਜ਼ਗਾਰ ਦੀ ਮੰਗ ਕਰਨ ਦੇ ਨਾਲ-ਨਾਲ ਧੋਖੇਬਾਜ਼ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ਼ ਕਰਨ ਅਤੇ ਨੌਜਵਾਨਾਂ ਕੋਲੋਂ ਲੁੱਟੀ ਗਈ ਲੱਖਾਂ-ਕਰੋੜਾਂ ਰੁ ਦੀ ਧਨ ਰਾਸ਼ੀ ਵਾਪਸ ਕਰਨ ਦੀ ਵੀ ਮੰਗ ਕਰਦਾ ਹੈ।

LEAVE A REPLY

Please enter your comment!
Please enter your name here