ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ ਮੌਤ ਤੇ ਉਸ ਦੇ 3 ਬੱਚੇ ਜ਼ਖਮੀ

0
96

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਦੱਖਣੀ ਜਾਰਜੀਆ ਰਾਜ ਦੇ ਇਕ ਸ਼ਹਿਰ ਵਿਚ ਕੁੱਤਿਆਂ ਦੇ ਝੁੰਡ
ਵੱਲੋਂ ਕੀਤੇ ਹਮਲੇ ਵਿਚ ਇਕ ਔਰਤ ਦੀ ਮੌਤ ਹੋਣ ਤੇ ਉਸ ਦੇ 3 ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬੱਚਿਆਂ ਨੂੰ ਜ਼ਖਮੀ ਹਾਲਤ
ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਰੁਕਸ ਕਾਊਂਟੀ ਸ਼ੈਰਿਫ ਦਫਤਰ ਦੇ ਪੁਲਿਸ ਅਫਸਰਾਂ ਅਨੁਸਾਰ ਫਲੋਰਿਡਾ-
ਜਾਰਜੀਆ ਰਾਜ ਨੇੜੇ ਇਕ ਛੋਟੇ ਜਿਹੇ ਸ਼ਹਿਰ ਕੁਇਟਮੈਨ ਵਿਖੇ ਇਕ ਘਰ ਦੇ ਵੇਹੜੇ ਵਿਚ ਕੁੱਤਿਆਂ ਵੱਲੋਂ ਕੀਤੇ ਹਮਲੇ ਵਿਚ 35
ਸਾਲਾ ਔਰਤ ਕਰਟਨੀ ਵਿਲੀਅਮਜ ਦੀ ਮੌਤ ਹੋ ਗਈ। ਜਾਰਜੀਆ ਜਾਂਚ ਬਿਊਰੋ (ਜੀ ਬੀ ਆਈ) ਅਨੁਸਾਰ ਪੁਲਿਸ ਅਫਸਰਾਂ ਨੇ
ਇਹ ਨਹੀਂ ਦਸਿਆ ਕਿ ਹਮਲਾ ਕਿਸ ਨਸਲ ਦੇ ਕੁੱਤਿਆਂ ਨੇ ਕੀਤਾ ਹੈ। ਜੀ ਬੀ ਆਈ ਵੱਲੋਂ ਦਿੱਤੀ ਮੁੱਢਲੀ ਜਾਣਕਾਰੀ ਅਨੁਸਾਰ
ਬੱਚਿਆਂ ਉਪਰ ਕੁੱਤਿਆਂ ਵੱਲੋਂ ਹਮਲਾ ਕਰ ਦੇਣ ਦੀ ਸੂਚਨਾ ਮਿਲਣ ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਨਾਂ ਦਾ
ਸਾਹਮਣਾ ਉਥੇ ਮੌਜੂਦ ਬਹੁਤ ਸਾਰੇ ਖਤਰਨਾਕ ਕੁੱਤਿਆਂ ਨਾਲ ਹੋਇਆ। ਓਦੋਂ ਤੱਕ ਕੋਈ ਵਿਅਕਤੀ ਬੱਚਿਆਂ ਨੂੰ ਹਸਪਤਾਲ ਲਿਜਾ
ਚੁੱਕਾ ਸੀ। ਪੁਲਿਸ ਅਫਸਰਾਂ ਨੂੰ ਘਰ ਦੇ ਵੇਹੜੇ ਵਿਚੋਂ ਵਿਲੀਅਮਜ ਦੀ ਲਾਸ਼ ਬਰਾਮਦ ਹੋਈ ਜਿਸ ਨੂੰ ਕੁੱਤਿਆਂ ਨੇ ਬੁਰੀ ਤਰਾਂ
ਨੋਚਿਆ ਹੋਇਆ ਸੀ। ਪੁਲਿਸ ਨੇ ਜ਼ਖਮੀ ਹੋਏ ਬੱਚਿਆਂ ਦੀ ਉਮਰ ਜਾਂ ਉਨਾਂ ਦੇ ਜ਼ਖਮਾਂ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ
ਹੈ। ਮ੍ਰਿਤਕ ਔਰਤ ਦੀ ਨਨਾਣ ਕ੍ਰਿਸਟਲ ਕਾਕਸ ਨੇ ਦੱਸਿਆ ਕਿ ਕੁੱਤੇ ਗਵਾਂਢੀ ਦੇ ਹਨ ਜੋ ਵਿਲੀਅਮਜ ਦੇ ਘਰ ਦੇ ਪਿੱਛੇ ਰਹਿੰਦਾ ਹੈ।
ਵਿਲੀਅਮਜ ਆਪਣੇ 3 ਬੱਚਿਆਂ ਤੇ ਪਤੀ ਨਾਲ ਘਰ ਵਿਚ ਰਹਿੰਦੀ ਸੀ। ਕਾਕਸ ਨੇ ਦੱਸਿਆ ਕਿ ਜਦੋਂ ਬੱਚੇ ਜਿਨਾਂ ਵਿਚ ਇਕ 10
ਸਾਲ ਦੀ ਲੜਕੀ, 12 ਸਾਲ ਦਾ ਲੜਕਾ ਤੇ ਇਕ 14 ਸਾਲ ਦਾ ਲੜਕਾ ਸ਼ਾਮਿਲ ਹੈ, ਸਕੂਲ ਬੱਸ ਵਿਚੋਂ ਉਤਰੇ ਤਾਂ ਦਰਜਨ ਦੇ
ਕਰੀਬ ਕੁੱਤਿਆਂ ਨੇ ਉਨਾਂ ਉਪਰ ਹਮਲਾ ਕਰ ਦਿੱਤਾ। ਬੱਚਿਆਂ ਦੀ ਮਾਂ ਉਨਾਂ ਦੀ ਮੱਦਦ ਲਈ ਦੌੜੀ ਪਰੰਤੂ ਉਹ ਖੁਦ ਹੀ ਕੁੱਤਿਆਂ
ਦਾ ਸ਼ਿਕਾਰ ਹੋ ਗਈ। ਘਟਨਾ ਦੀ ਰਾਜ ਤੇ ਸਥਾਨਕ ਪੱਧਰ ਦੇ ਅਧਿਕਾਰੀ ਜਾਂਚ ਕਰ ਰਹੇ ਹਨ। ਜਾਂਚ ਉਪਰੰਤ ਹੀ ਪੁਲਿਸ
ਵੱਲੋਂ ਅਗਲੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here