ਵਸ਼ਿਗਟਨ ਡੀ ਸੀ ( ਸੁਰਿੰਦਰ ਗਿੱਲ ) -ਸੰਦੀਪ ਧਾਲੀਵਾਲ, ਜੋ ਹੈਰਿਸ ਕਾਉਂਟੀ ਵਿਭਾਗ ਦੇ ਪਹਿਲੇ ਸਿੱਖ ਡਿਪਟੀ ਸਨ, ਸਤੰਬਰ 2019 ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਅਮਰੀਕਾ ਦੇ ਟੈਕਸਾਸ ਸੂਬੇ ਦੀ ਇੱਕ ਜਿਊਰੀ ਨੇ ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਫੈਸਲੇ ਵਿੱਚ ਜੱਜਾਂ ਨੇ ਰੌਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ। “ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਨਸਾਫ਼ ਮਿਿਲਆ ਹੈ, ਸੰਦੀਪ ਨੇ ਸਾਡੇ ਸ਼ੈਰਿਫ ਦੇ ਦਫਤਰ ਦੇ ਸਾਰੇ ਸਟਾਫ ਨੂੰ ਹਮੇਸ਼ਾ ਹੀ ਵਧੀਆ ਸੇਧ ਦਿੱਤੀ।ਅਸੀਂ ਉਸ ਦੀ ਨੌਕਰੀ ਨੂੰ ਲੀਡਰਸ਼ਿਪ ਦੀ ਮਿਸਾਲ ਵਜੋਂ ਲੈ ਕੇ ਉਸਦੇ ਨਕਸ਼ੇ ਕਦਮਾਂ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਡਿਪਟੀ ਧਾਲੀਵਾਲ ਦੇ ਕਤਲ ਦੇ ਦੋਸ਼ੀ ਪਾਏ ਜਾਣ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ, ਸੋਲਿਸ ਨੂੰ ਮੌਤ ਦੀ ਸਜ਼ਾ ਦੇਣ ਲਈ ਬੁੱਧਵਾਰ ਨੂੰ ਫੈਸਲਾ ਸੁਣਾਇਆ ਗਿਆ। ਹੈਰਿਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਕਿਮ ਓਗ ਨੇ ਇੱਕ ਬਿਆਨ ਵਿੱਚ ਕਿਹਾ, “ਕਾਤਲ ਨੇ ਦਿਨ-ਦਿਹਾੜੇ ਇੱਕ ਵਰਦੀਧਾਰੀ ਡਿਪਟੀ ਨੂੰ ਸਿਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅਸੀਂ ਜੱਜਾਂ ਨੂੰ ਕਾਤਲ ਨੂੰ ਮੌਤ ਦੀ ਸਜ਼ਾ ਦੇਣ ਲਈ ਬੇਨਤੀ ਕੀਤੀ ਸੀ।” ਫੈਸਲੇ ਦਾ ਐਲਾਨ ਹੋਣ ਤੋਂ ਬਾਅਦ ਹੈਰਿਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸਿੱਖ ਸਿਪਾਹੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀਆਂ ਵਿਚ ਹਮੇਸ਼ਾ ਖੁਸ਼ ਰਹਿਣ ਵਾਲਾ ਵਿਅਕਤੀ ਸੀ ਅਤੇ ਸਭ ਦਾ ਚਹੇਤਾ ਸੀ। ਵਰਣਨਯੋਗ ਹੈ ਕਿ 27 ਸਤੰਬਰ, 2019 ਨੂੰ, ਡਿਪਟੀ ਸੰਦੀਪ ਧਾਲੀਵਾਲ ਨੂੰ ਇੱਕ ਟ੍ਰੈਫਿਕ ਸਟਾਪ ਦਾ ਸੰਚਾਲਨ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਸਿੱਖਸ ਆਫ ਯੂ ਐਸ ਏ ਨੇ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨਾਂ ਕਿਹਾ ਹੈ ਕਿ ਜਿਊਰੀ ਵੱਲੋਂ ਦਿੱਤੇ ਸੁਝਾਅ ਅਤੇ ਮੋਤ ਦੀ ਸਜ਼ਾ ਦੇਣ ਲਈ ਦਿੱਤਾ ਫੈਸਲਾ ਕਾਬਲੇ ਤਾਰੀਫ਼ ਹੈ।
Boota Singh Basi
President & Chief Editor