ਸੈਕਰਾਮੈਂਟੋ 31 ਅਕਤੂਬਰ (ਹੁਸਨ ਲੜੋਆ ਬੰਗਾ)-ਟਾਲਾਹਾਸੀ (ਫਲੋਰਿਡਾ) ਵਿਚ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ 8 ਹੋਰ ਜ਼ਖਮੀ ਹੋ ਗਏ। ਟਾਲਾਹਾਸੀ ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਪੱਛਮੀ ਪੈਨਸਾਕੋਲਾ ਸਟਰੀਟ ਉਪਰ ਹਾਫ ਟਾਈਮ ਲਿਕੁਰਜ ਸਟੋਰ ਤੇ ਲਾਸ ਕੰਪਾਡਰੈਸ ਵਿਖੇ ਅੱਧੀ ਰਾਤ ਤੋਂ ਪਹਿਲਾਂ ਇਕ ਤੋਂ ਵਧ ਲੋਕਾਂ ਨੇ ਗੋਲੀਆਂ ਚਲਾਈਆਂ। ਟਾਲਾਹਾਸੀ ਪੁਲਿਸ ਮੁੱਖੀ ਲਾਰੈਂਸ ਰੇਵੈਲ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਲਿਕੁਰ ਸਟੋਰ ਦੇ ਬਾਹਰ ਇਕ ਵਿਅਕਤੀ ਗੋਲੀਆਂ ਵੱਜਣ ਕਾਰਨ ਡਿੱਗਾ ਪਿਆ ਸੀ। ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਇਕ ਹਮਲਾਵਰ ਦਾ ਪਿੱਛਾ ਕੀਤਾ ਤੇ ਉਸ ਨੂੰ ਰੁਕ ਜਾਣ ਲਈ ਕਿਹਾ ਪਰੰਤੂ ਉਸ ਨੇ ਰੁਕਣ ਤੇ ਹਥਿਆਰ ਸੁੱਟਣ ਤੋਂ ਨਾਂਹ ਕਰ ਦਿੱਤੀ ਜਿਸ ਉਪਰੰਤ ਪੁਲਿਸ ਅਫਸਰਾਂ ਵੱਲੋਂ ਚਲਾਈ ਗੋਲੀ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਹ ਖਤਰੇ ਤੋਂ ਬਾਹਰ ਹੈ ਤੇ ਪੁਲਿਸ ਵੱਲੋਂ ਉਸ ਕੋਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਨੁਸਾਰ 8 ਜ਼ਖਮੀਆਂ ਵਿਚੋਂ ਕੁਝ ਗੰਭੀਰ ਹਨ। ਪੁਲਿਸ ਨੇ ਜ਼ਖਮੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ । ਪ੍ਰੈਸ ਰਲੀਜ਼ ਅਨੁਸਾਰ ਇਸ ਘਟਨਾ ਸਬੰਧੀ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ।
Boota Singh Basi
President & Chief Editor