ਅਮਰੀਕਾ ਦੇ ਬੋਸਟਨ ਸ਼ਹਿਰ ਵਿਚ ਵੱਖ ਵੱਖ 3 ਥਾਵਾਂ ‘ਤੇ ਹੋਈ ਗੋਲੀਬਾਰੀ ਵਿਚ ਇਕ ਮੌਤ, 5 ਹੋਰ ਜ਼ਖਮੀ
ਸੈਕਰਾਮੈਂਟੋ 9 ਨਵੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਾਸਾਚੂਸੈਟਸ ਰਾਜ ਦੀ ਰਾਜਧਾਨੀ ਬੋਸਟਨ ਵਿਚ ਵੱਖ ਵੱਖ ਥਾਵਾਂ ‘ਤੇ ਵਾਪਰੀਆਂ ਗੋਲੀਬਾਰੀ ਦੀਆਂ 3 ਘਟਨਾਵਾਂ ਵਿਚ ਘੱਟੋ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਗੋਲੀਬਾਰੀ ਦੀਆਂ ਘਟਨਾਵਾਂ ਇਕ ਘੰਟੇ ਦੇ ਸਮੇ ਦੌਰਾਨ ਵਾਪਰੀਆਂ। ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪਹਿਲੀ ਘਟਨਾ ਸ਼ਾਮ 9 ਵਜੇ ਦੇ ਕਰੀਬ ਮਾਟਾਪਨ ਵਿਚ ਵਾਪਰੀ ਜਿਥੇ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਪੁਲਿਸ ਨੇ ਦੋਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਇਕ ਵਿਅਕਤੀ ਦਮ ਤੋੜ ਗਿਆ। ਦੂਸਰੇ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਏਡਵਿਨ ਪਿਜ਼ਾਰੋ ਵਜੋਂ ਹੋਈ ਹੈ। ਪੁਲਿਸ ਨੂੰ ਇਸ ਦੇ 30 ਮਿੰਟ ਬਾਅਦ ਸ਼ਹਿਰ ਨੇੜੇ ਡੋਰਚੈਸਟਰ ਖੇਤਰ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ। ਜਿਥੇ ਇਕ ਬਾਲਗ ਵਿਅਕਤੀ ਨੂੰ ਗੋਲੀ ਮਾਰੀ ਗਈ ਜਿਸ ਦੀ ਹਾਲਤ ਗੰਭੀਰ ਹੈ। 15 ਮਿੰਟ ਬਾਅਦ ਗੋਲੀਬਾਰੀ ਦੀ ਇਕ ਹੋਰ ਘਟਨਾ ਹਾਈਡ ਪਾਰਕ ਵਿਚ ਵਾਪਰੀ ਜਿਸ ਵਿਚ 3 ਵਿਅਕਤੀ ਜ਼ਖਮੀ ਹੋਏ ਹਨ। ਕੀ ਇਨਾਂ ਘਟਨਾਵਾਂ ਦਾ ਆਪਸ ਵਿਚ ਕੋਈ ਸਬੰਧ ਹੈ,ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਬੋਸਟਨ ਤੋਂ 17 ਮੀਲ ਦੂਰ ਬਰਾਕਟੋਨ ਵਿਚ ਇਕ 24 ਸਾਲਾ ਵਿਅਕਤੀ ਅਕੂਆਨ ਹਡਸਨ ਨੂੰ ਹਿਰਾਸਤ ਵਿਚ ਲਿਆ ਹੈ ਜਿਸ ਦੇ ਇਨਾਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਹੋਣ ਦਾ ਸ਼ੱਕ ਹੈ। ਇਸ ਬਾਰੇ ਪੁਲਿਸ ਨੇ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ।