ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ) -ਅਮਰੀਕਾ ਵਿੱਚ ਸੰਸਦ ਮੈਂਬਰ ਬਰੈਂਡਨ ਬੋਇਲ ਨੇ ਭਾਰਤ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਪੀੜਤਾਂ ਨੂੰ ਸ਼ਰਧਾਂਜਲੀ ਦਿੰਦਿਆਂ , ਇਸ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਇਨਸਾਫ ਦੀ ਮੰਗ ਕੀਤੀ ਹੈ। ਅਮਰੀਕੀ ਸਟੇਟ ਪੈਨਸਿਲਵੇਨੀਆ ਦੇ ਸੰਸਦ ਮੈਂਬਰ ਬੋਇਲ ਨੇ ਮੰਗਲਵਾਰ ਨੂੰ ਅਮਰੀਕੀ ਸਭਾ ‘ਚ ਬੋਲਦਿਆਂ ਕਿਹਾ ਕਿ , ਮੈਂ ਨਵੰਬਰ 1984 ‘ਚ ਭਾਰਤ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਬਾਰੇ ਗੱਲ ਕਰਨਾ ਚਾਹੁੰਦਾ ਹਾਂ, ਜਿਸ ਨੂੰ ਸਿੱਖ ਕਤਲੇਆਮ ਵੀ ਕਿਹਾ ਜਾਂਦਾ ਹੈ।‘‘ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ 31 ਅਕਤੂਬਰ 1984 ਨੂੰ ਉਹਨਾਂ ਦੇ ਦੋ ਸਿੱਖ ਅੰਗ ਰੱਖਿਅਕਾਂ ਦੁਆਰਾ ਕਤਲ ਕੀਤੇ ਜਾਣ ਤੋਂ ਬਾਅਦ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ। ਇਸਦੇ ਇਲਾਵਾ ਬੋਇਲ ਅਨੁਸਾਰ ਮੌਜੂਦਾ ਸਮੇਂ ਅਮਰੀਕਾ ਦੀ ਧਰਤੀ ’ਤੇ ਸਵਾ ਲੱਖ ਤੋਂ ਵੱਧ ਸਿੱਖ ਹਨ, ਜੋ ਤਕਰੀਬਨ130 ਸਾਲ ਪਹਿਲਾਂ ਇੱਥੇ ਆਉਣੇ ਸ਼ੁਰੂ ਹੋਏ ਸਨ। ਬੋਇਲ ਅਨੁਸਾਰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ 1984 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਕਈ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਇਸ ਕਤਲੇਆਮ ਤੋਂ ਬਾਅਦ ਲਗਭਗ 20,000 ਸਿੱਖਾਂ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ ਸੀ। ਇਸ ਅਮਰੀਕੀ ਸਾਂਸਦ ਦੁਆਰਾ ਸਿੱਖ ਕਤਲੇਆਮ ਨੂੰ ਯਾਦ ਕਰਨਾ, ਸਾਰੇ ਪੀੜਤ ਪਰਿਵਾਰਾਂ ਦੇ ਨਿਆਂ ਲਈ ਇੱਕ ਮਹੱਤਵਪੂਰਨ ਕਦਮ ਹੈ।
Boota Singh Basi
President & Chief Editor