ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਮੰਗਲਵਾਰ ਨੂੰ ਖੂਨ ਦੀ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖਲ ਹੋਏ। ਉਹਨਾਂ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਡਾਕਟਰ ਅਲਪੇਸ਼ ਅਮੀਨ ਅਤੇ ਡਾ: ਲੀਸਾ ਬਾਰਡੈਕ ਦੇ ਸਾਂਝੇ ਬਿਆਨ ਅਨੁਸਾਰ ਬਿਲ ਕਲਿੰਟਨ ਦਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ ‘ਚ ਇਲਾਜ਼ ਕੀਤਾ ਗਿਆ ਹੈ। ਉਨ੍ਹਾਂ ਨੂੰ ਐਂਟੀਬਾਇਓਟਿਕਸ ਅਤੇ ਹੋਰ ਟ੍ਰੀਟਮੈਂਟ ਦਿੱਤਾ ਗਿਆ ਹੈ। ਕਲਿੰਟਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਉਹਨਾਂ ਦਾ ਹਸਪਤਾਲ ਦਾ ਦਾਖਲਾ ਕੋਵਿਡ ਨਾਲ ਸਬੰਧਤ ਨਹੀਂ ਹੈ। ਕਲਿੰਟਨ ਦੇ ਡਾਕਟਰਾਂ ਅਨੁਸਾਰ ਦੋ ਦਿਨਾਂ ਦੇ ਇਲਾਜ ਤੋਂ ਬਾਅਦ, ਉਹਨਾਂ ਦੇ ਚਿੱਟੇ ਲਹੂ ਦੇ ਸੈੱਲਾਂ ਦੀ ਗਿਣਤੀ ਘੱਟ ਰਹੀ ਹੈ ਅਤੇ ਉਹ ਚੰਗੀ ਤਰ੍ਹਾਂ ਠੀਕ ਹੋਣ ਲਈ ਹਸਪਤਾਲ ਵਿੱਚ ਹਨ। ਬਿਲ ਕਲਿੰਟਨ ਨੇ 1993 ਤੋਂ 2001 ਤੱਕ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। 2004 ਵਿੱਚ ਵੀ , ਛਾਤੀ ਦੀ ਤਕਲੀਫ ਅਤੇ ਸਾਹ ਦੀ ਕਮੀ ਦਾ ਸਾਹਮਣਾ ਕਰਨ ਤੋਂ ਬਾਅਦ ਨਿਊਯਾਰਕ ਦੇ ਕੋਲੰਬੀਆ ਪ੍ਰੈਸਬਾਇਟੀਰੀਅਨ ਹਸਪਤਾਲ ਵਿਖੇ ਕਲਿੰਟਨ ਦੀ ਬਾਈਪਾਸ ਸਰਜਰੀ ਹੋਈ ਸੀ। ਇਸ ਸਰਜਰੀ ਦੇ ਬਾਅਦ ਵੀ ਕਲਿੰਟਨ ਨੇ ਕਈ ਵਾਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ।
Boota Singh Basi
President & Chief Editor